ਖੇਤੀਬਾੜੀ ਦਾ ਸਾਮਾਨ ਚੋਰੀ ਕਰਨ ਦੇ ਦੋਸ਼ ਅਧੀਨ ਦੋ ਕਾਬੂ


ਮੁੱਲਾਂਪੁਰ ਦਾਖਾ (ਗੁਰਮੇਲ ਮੈਲਡੇ)
ਥਾਣਾ ਦਾਖਾ ਅਧੀਨ ਪੈਂਦੀ ਚੌਕੀ ਚੌਕੀਮਾਨ ਦੀ ਪੁਲਸ ਨੇ ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ ਸਾਮਾਨ ਨੂੰ ਚੋਰੀ ਕਰਨ ਦੇ ਦੋਸ਼ ਅਧੀਨ ਪਿੰਡ ਚੌਕੀਮਾਨ ਦੇ ਰਹਿਣ ਵਾਲੇ ਭਰਪੂਰ ਸਿੰਘ ਦੀ ਸ਼ਿਕਾਇਤ 'ਤੇ ਉਸ ਦੇ ਹੀ ਪਿੰਡ ਦੇ ਰਹਿਣ ਵਾਲੇ ਨਵਜੋਤ ਸਿੰਘ ਉਰਫ ਜੋਤੀ ਪੁੱਤਰ ਬਲਵਿੰਦਰ ਸਿੰਘ ਅਤੇ ਉਸ ਦੇ ਸਾਥੀ ਹਰਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਨੂੰ ਕਾਬੂ ਕਰਨ ਉਪਰੰਤ ਉਹਨਾਂ ਪਾਸੋਂ ਚੋਰੀ ਕੀਤਾ ਸਾਮਾਨ ਬਰਾਮਦ ਕਰ ਲਿਆ । ਪੁਲਸ ਨੇ ਫੜੇ ਗਏ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਹੋਰ ਪੁੱਛਗਿੱਛ ਲਈ ਇਕ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।
ਡੀ ਐੱਸ ਪੀ ਦਾਖਾ ਜਸਵਿੰਦਰ ਸਿੰਘ ਬਰਾੜ ਅਤੇ ਥਾਣਾ ਦਾਖਾ ਮੁਖੀ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਚੌਕੀ ਇੰਚਾਰਜ ਸੁਰਜੀਤ ਸਿੰਘ ਨੇ ਭਰਪੂਰ ਸਿੰਘ ਦੀ ਸ਼ਿਕਾਇਤ 'ਤੇ ਉਪਰੋਕਤ ਨੌਜਵਾਨਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਭਰਪੂਰ ਸਿੰਘ ਪੁੱਤਰ ਪਿਆਰਾ ਸਿੰਘ ਦੇ ਖੇਤ ਵਿਚੋਂ ਪੱਠੇ ਵੱਢਣ ਵਾਲਾ ਅਤੇ ਟਰੈਕਟਰ ਨਾਲ ਚੱਲਣ ਵਾਲਾ ਕਟਰ, ਅਵਤਾਰ ਸਿੰਘ ਪੱਬੀਆ ਦੇ ਖੇਤ ਵਿੱਚੋਂ ਚੋਰੀ ਕੀਤਾ ਸੁਹਾਗਾ ਤੇ ਹਲ ਇਸ ਤੋਂ ਇਲਾਵਾ ਭੂਸ਼ਨ ਬਾਂਸਲ ਵਾਸੀ ਮੁੱਲਾਂਪੁਰ ਦੇ ਜੱਸੋਵਾਲ ਭੱਠੇ ਤੋਂ ਚੋਰੀ ਕੀਤੀ ਟਰਾਲੀ ਬਰਾਮਦ ਕਰ ਲਈ। ਉਹਨਾਂ ਦੱਸਿਆ ਕਿ ਇਹਨਾਂ ਦੋਸ਼ੀਆਂ ਗੁਰਜਿੰਦਰ ਸਿੰਘ ਵਾਸੀ ਸੋਹੀਆਂ ਦਾ ਪਲਟੀਨਾ ਮੋਟਰਸਾਇਕਲ ਚੋਰੀ ਕੀਤਾ ਸੀ, ਜੋ ਬਰਾਮਦ ਕਰਨਾ ਬਾਕੀ ਹੈ। ਉਨ੍ਹਾ ਦੱਸਿਆ ਕਿ ਦੋਸ਼ੀ ਨਵਜੋਤ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਅਤੇ ਉਸ ਕੋਲ ਦਸ ਏਕੜ ਦੇ ਕਰੀਬ ਆਪਣੀ ਵੀ ਹੈ।