ਕਾਮਰੇਡ ਅਵਤਾਰ ਸਿੰਘ ਚਾਹੜਕੇ ਦੀ ਦੇਹ ਪਿਮਸ ਹਸਪਤਾਲ ਨੂੰ ਭੇਟ


ਭੋਗਪੁਰ/ਜਲੰਧਰ (ਨਵਾਂ ਜ਼ਮਾਨਾ ਸਰਵਿਸ)
ਉੱਘੇ ਸਮਾਜ ਸੇਵਕ, ਪਰਪੱਕ ਕਮਿਊਨਿਸਟ ਆਗੂ, ਕੁਦਰਤੀ ਖੇਤੀ ਦੇ ਮਾਹਰ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਕਾਮਰੇਡ ਅਵਤਾਰ ਸਿੰਘ ਚਾਹੜਕੇ ਦਾ ਸੰਖੇਪ ਬਿਮਾਰੀ ਪਿਛੋਂ ਦਿਹਾਂਤ ਹੋ ਗਿਆ ਸੀ। ਰਸਮਾਂ ਦੇ ਉਲਟ ਉਨ੍ਹਾ ਦਾ ਅੰਤਮ ਸੰਸਕਾਰ ਨਹੀਂ ਸੀ, ਬਲਕਿ ਉਨ੍ਹਾ ਦੇ ਅੰਤਮ ਦਰਸ਼ਨ ਕੀਤੇ ਜਾ ਰਹੇ ਸਨ। ਉਨ੍ਹਾ ਦੇ ਅੰਤਮ ਦਰਸ਼ਨ ਵੇਲੇ ਲੋਕਾਂ ਦੀ ਭੀੜ ਜੁੜੀ ਹੋਈ ਸੀ, ਜਿਨ੍ਹਾਂ ਵਿੱਚ ਕਮਿਊਨਿਸਟ ਪਾਰਟੀ ਦੇ ਇੱਕ ਸਧਾਰਨ ਮੈਂਬਰ ਤੋਂ ਲੈ ਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਤੱਕ ਹਾਜ਼ਰ ਸਨ। ਸਮੂਹ ਪਾਰਟੀਆਂ, ਜਿਨ੍ਹਾਂ ਵਿੱਚ ਅਕਾਲੀ, ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਪੁੱਜੇ ਹੋਏ ਸਨ, ਕਿਉਂਕਿ ਕਾਮਰੇਡ ਚਾਹੜਕੇ ਨੇ ਜਿਊਂਦੇ ਜੀਅ ਹੀ ਆਪਣਾ ਸਰੀਰ ਪਿਮਸ ਕਾਲਜ ਤੇ ਹਸਪਤਾਲ ਨੂੰ ਦਾਨ ਕਰ ਦਿੱਤਾ ਸੀ। ਅੰਤਮ ਦਰਸ਼ਨਾਂ ਵੇਲੇ 'ਕਾਮਰੇਡ ਅਵਤਾਰ ਚਾਹੜਕੇ ਅਮਰ ਰਹੇ', 'ਕਾਮਰੇਡ ਅਵਤਾਰ ਚਾਹੜਕੇ ਤੇਰੀ ਸੋਚ 'ਤੇ, ਪਹਿਰਾ ਦਿਆਂਗੇ ਠੋਕ ਕੇ', 'ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ' ਦੇ ਨਾਅਰੇ ਗੂੰਜ ਰਹੇ ਸਨ। ਉਨ੍ਹਾਂ ਦੇ ਬੱਚਿਆਂ ਦੇ ਪ੍ਰਣ ਕੀਤਾ ਕਿ ਅਸੀਂ ਵੀ ਆਪਣੇ ਪਿਤਾ ਦੇ ਦੱਸੇ ਮਾਰਗ 'ਤੇ ਚੱਲਦੇ ਰਹਾਂਗੇ।
ਇਸ ਮੌਕੇ ਪਾਰਟੀ ਵੱਲੋਂ ਲਾਲ ਝੰਡਾ ਕਾਮਰੇਡ ਦਿਲਬਾਗ ਸਿੰਘ ਅਟਵਾਲ ਜ਼ਿਲ੍ਹਾ ਸਕੱਤਰ ਸੀ ਪੀ ਆਈ, ਕਾਮਰੇਡ ਹਰਜਿੰਦਰ ਮੌਜੀ, ਰਘਵੀਰ ਸਿੰਘ ਘੋੜਾਬਾਹੀ, ਸੰਦੀਪ ਦੌਲੀਕੇ, ਮਹਿੰਦਰ ਘੋੜਾਬਾਹੀ, ਕਾਮਰੇਡ ਚਰਨਜੀਤ ਥੰਮੂਵਾਲ ਸਕੱਤਰ ਸ਼ਾਹਕੋਟ, 'ਨਵਾਂ ਜ਼ਮਾਨਾ' ਵੱਲੋਂ ਰਜਿੰਦਰ ਮੰਡ ਐਡਵੋਕੇਟ, ਇਲਾਕੇ ਦੇ ਆਗੂ ਜਤਿੰਦਰ ਸਿੰਘ, ਭੁਪਿੰਦਰ ਸਿੰਘ ਸਾਬਕਾ ਪ੍ਰੀਸ਼ਦ ਮੈਂਬਰ ਤੇ ਹੋਰ ਵੀ ਬਹੁਤ ਸਾਰੇ ਲੋਕ ਹਾਜ਼ਰ ਸਨ। ਜੈਕਾਰਿਆਂ ਦੀ ਗੂੰਜ ਵਿੱਚ ਮ੍ਰਿਤਕ ਦੇਹ ਨੂੰ ਐਂਬੂਲੈਂਸ ਵਿੱਚ ਰੱਖ ਕੇ ਪਿਮਸ ਕਾਲਜ/ਹਸਪਤਾਲ ਨੂੰ ਉਨ੍ਹਾ ਦਾ ਛੋਟਾ ਬੇਟਾ ਰਵਾਨਾ ਹੋਇਆ।
ਪਿਮਸ ਹਸਪਤਾਲ ਵਿੱਚ ਉਨ੍ਹਾ ਦੇ ਸਾਥੀ ਜਤਿੰਦਰ ਪਨੂੰ ਸੰਪਾਦਕ 'ਨਵਾਂ ਜ਼ਮਾਨਾ', ਰਜਿੰਦਰ ਮੰਡ ਐਡਵੋਕੇਟ ਟਰੱਸਟੀ, ਦਿਲਬਾਗ ਸਿੰਘ ਅਟਵਾਲ ਜ਼ਿਲ੍ਹਾ ਸਕੱਤਰ, ਉਨ੍ਹਾ ਦੇ ਬੇਟੇ ਕਰਮਜੀਤ ਸਿੰਘ ਤੇ ਪਿੰਡ ਦੇ ਮੋਹਤਬਰਾਂ ਨੇ ਕਾਮਰੇਡ ਅਵਤਾਰ ਸਿੰਘ ਦੀ ਦੇਹ ਪਿਮਸ ਕਾਲਜ ਦੇ ਟੀਚਰ/ਡਾਕਟਰਾਂ ਦੇ ਹਵਾਲੇ ਕੀਤੀ।
ਇਸ ਮੌਕੇ ਸ੍ਰੀ ਪਨੂੰ ਨੇ ਕਿਹਾ ਕਿ ਪਾਰਟੀ ਤੇ ਪਰਵਾਰ ਨੂੰ ਵੱਡਾ ਘਾਟਾ ਤਾਂ ਹੈ ਹੀ, ਮੈਨੂੰ ਨਿੱਜੀ ਤੌਰ 'ਤੇ ਵੀ ਬਹੁਤ ਵੱਡਾ ਘਾਟਾ ਹੈ, ਇਸ ਤਰ੍ਹਾਂ ਦੇ ਚੰਗੇ ਦੋਸਤ ਵਾਰ-ਵਾਰ ਨਹੀਂ ਮਿਲਦੇ।
ਕਾਮਰੇਡ ਅਵਤਾਰ ਸਿੰਘ ਦੀ ਯਾਦ ਵਿੱਚ ਉਨ੍ਹਾ ਦਾ ਪਰਵਾਰ, ਰਿਸ਼ਤੇਦਾਰ, ਪਾਰਟੀ ਕਾਰਕੁਨ ਤੇ ਹੋਰ ਉਨ੍ਹਾ ਨੂੰ ਚਾਹਣ ਵਾਲੇ 24 ਸਤੰਬਰ ਨੂੰ ਉਨ੍ਹਾ ਦੇ ਗ੍ਰਹਿ ਵਿਖੇ ਇਕੱਠੇ ਹੋ ਕੇ ਉਨ੍ਹਾ ਨਾਲ ਜੁੜੀਆਂ ਯਾਦਾਂ ਤਾਜ਼ਾ ਕਰਨਗੇ।
ਉਹ ਆਪਣੇ ਪਿੱਛੇ ਪਤਨੀ, ਦੋ ਲੜਕੇ ਤੇ ਇੱਕ ਲੜਕੀ ਛੱਡ ਗਏ ਹਨ। ਦੱਸਣਯੋਗ ਹੈ ਕਿ ਉਨ੍ਹਾ ਦੀ ਧਰਮ ਪਤਨੀ ਨੇ ਵੀ ਆਪਣਾ ਸਰੀਰ ਦਾਨ ਕੀਤਾ ਹੋਇਆ ਹੈ।