ਨਵਾਂਸ਼ਹਿਰ ਦੇ ਜੰਮਪਲ ਨੌਜਵਾਨ ਦੀ ਮਨੀਲਾ 'ਚ ਹੱਤਿਆ

ਸ਼ਹੀਦ ਭਗਤ ਸਿੰਘ ਨਗਰ
(ਮਨੋਜ ਲਾਡੀ)
ਨਵਾਂਸ਼ਹਿਰ ਦੇ ਮੁਹੱਲਾ ਫਤਹਿ ਨਗਰ ਦੇ ਜੰਮਪਲ ਨੌਜਵਾਨ ਦੀ ਮਨੀਲਾ 'ਚ ਲੁਟੇਰਿਆਂ ਵੱਲੋਂ ਫਿਰੌਤੀ ਲਈ ਹੱਤਿਆ ਕਰ ਦੇਣ ਦੀ ਖ਼ਬਰ ਹੈ, ਜਦਕਿ ਕੁਝ ਦਿਨ ਪਹਿਲਾਂ ਫਿਰੌਤੀ ਦੀ ਰਕਮ ਲੈ ਕੇ ਗਏ ਨੌਜਵਾਨ ਦੇ ਮਾਮੇ ਦੀ ਵੀ ਹਾਲੇ ਤੱਕ ਕੋਈ ਉੱਘ-ਸੁੱਘ ਨਹੀਂ। ਇਸ ਸੰਬੰਧੀ ਮ੍ਰਿਤਕ ਲਲਿਤ ਕੁਮਾਰ ਉਰਫ ਟਿੰਕੀ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਹੱਲਾ ਫਤਹਿ ਨਗਰ ਨਵਾਂਸ਼ਹਿਰ ਦੇ ਚਾਚਾ ਨਰੇਸ਼ ਕੁਮਾਰ ਅਤੇ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਲਲਿਤ ਕੁਮਾਰ ਕਰੀਬ 13 ਸਾਲ ਤੋਂ ਆਪਣੀ ਪਤਨੀ ਤੇ ਦੋ ਬੇਟੀਆਂ (ਤਿੰਨ ਤੇ ਡੇਢ ਸਾਲ) ਨਾਲ ਮਨੀਲਾ 'ਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ 3 ਸਤੰਬਰ ਨੂੰ ਉਸ ਨੂੰ ਅਗਵਾ ਕਰ ਲਿਆ ਗਿਆ ਤੇ 11 ਸਤੰਬਰ ਨੂੰ ਅਗਵਾਕਾਰਾਂ ਨੇ ਫੋਨ ਕਰਕੇ 2 ਕਰੋੜ ਰੁਪਏ ਫਿਰੌਤੀ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਉਸ ਦੇ ਪਰਵਾਰਕ ਮੈਂਬਰਾਂ ਨੇ ਇੰਨੇ ਪੈਸੇ ਦੇਣ ਤੋਂ ਆਪਣੀ ਬੇਵੱਸੀ ਜ਼ਾਹਿਰ ਕੀਤੀ ਤਾਂ ਫਿਰ ਉਨ੍ਹਾਂ ਡੇਢ ਕਰੋੜ, ਫਿਰ 1 ਕੋਰੜ ਤੇ ਆਖਰ 6 ਲੱਖ 80 ਹਜ਼ਾਰ 'ਤੇ ਸੌਦਾ ਤੈਅ ਕਰ ਲਿਆ। ਉਨ੍ਹਾਂ ਦੱਸਿਆ ਕਿ ਲਲਿਤ ਕੁਮਾਰ ਦਾ ਮਾਮਾ ਤਲਵਿੰਦਰ ਪਾਲ ਸੋਗੀ, ਜੋ ਮਨੀਲਾ ਵਿਖੇ ਹੀ ਰਹਿੰਦਾ ਸੀ, ਫਿਰੌਤੀ ਦੀ ਰਕਮ ਲੈ ਕੇ ਸੋਮਵਾਰ ਨੂੰ ਹੀ ਅਗਵਾਕਾਰਾਂ ਵੱਲੋਂ ਦੱਸੀ ਥਾਂ 'ਤੇ ਗਿਆ, ਪਰ ਅੱਜ ਤੱਕ ਮੁੜ ਕੇ ਨਹੀਂ ਆਇਆ। ਬੁੱਧਵਾਰ 13 ਸਤੰਬਰ ਨੂੰ ਅਗਵਾਕਾਰਾਂ ਨੇ ਮੁੜ ਫੋਨ ਕੀਤਾ ਤੇ ਆਖਿਆ ਕਿ ਜੇਕਰ ਤੁਸੀਂ ਪੈਸੇ ਨਹੀਂ ਦੇਣੇ ਤਾਂ ਅਸੀਂ ਤੁਹਾਡੇ ਬੰਦੇ ਨੂੰ ਜਾਨੋਂ ਮਾਰ ਦੇਣਾ ਹੈ ਤਾਂ ਉਨ੍ਹਾਂ ਅੱਗੋਂ ਆਖਿਆ ਕਿ ਅਸੀਂ ਤਾਂ ਸਮੋਵਾਰ ਨੂੰ ਹੀ ਪੈਸੇ ਭੇਜ ਦਿੱਤੇ ਸੀ। ਅਗਵਾਕਾਰਾਂ ਨੇ ਜਵਾਬ ਦਿੱਤਾ ਕਿ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਤਾਂ ਉਸੇ ਦਿਨ ਲਲਿਤ ਕੁਮਾਰ ਦੇ ਵੱਡੇ ਭਰਾ ਅਮਿਤ ਕੁਮਾਰ ਨੇ 6 ਲੱਖ 80 ਹਜ਼ਾਰ ਰੁਪਏ ਹੋਰ ਲਏ ਤੇ ਸਥਾਨਕ ਪੁਲਸ ਨੂੰ ਵੀ ਸੂਚਿਤ ਕੀਤਾ। ਪਰਵਾਰ ਅਨੁਸਾਰ ਜਦੋਂ ਉਹ ਪੁਲਸ ਨਾਲ ਦੱਸੀ ਹੋਈ ਥਾਂ 'ਤੇ ਪਹੁੰਚਿਆ ਤਾਂ ਦੋਸ਼ੀਆਂ ਦਾ ਪੁਲਸ ਨਾਲ ਮੁਕਾਬਲਾ ਹੋ ਗਿਆ ਤੇ ਦੋ ਵਿਅਕਤੀ ਦੂਸਰੇ ਪਾਸੇ ਮਾਰੇ ਗਏ। ਉਨ੍ਹਾਂ ਦੱਸਿਆ ਕਿ ਮਨੀਲਾ ਦੀ ਪੁਲਸ ਨੇ ਲਲਿਤ ਕੁਮਾਰ ਦੀ ਲਾਸ਼ ਬਰਾਮਦ ਕਰਕੇ ਉਸ ਦੇ ਵਾਰਸਾਂ ਹਵਾਲੇ ਕਰ ਦਿੱਤੀ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਮ੍ਰਿਤਕ ਦੇ ਮਾਮੇ ਤਲਵਿੰਦਰ ਪਾਲ ਸੋਗੀ ਦੀ ਵੀ ਕੋਈ ਉੱਘ-ਸੁੱਘ ਨਹੀਂ ਮਿਲ ਰਹੀ, ਕਿਤੇ ਉਸ ਨਾਲ ਵੀ ਕੋਈ ਘਟਨਾ ਨਾ ਵਾਪਰ ਗਈ ਹੋਵੇ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਥੋਂ ਦੀ ਸਰਕਾਰ ਨਾਲ ਸੰਪਰਕ ਕਰਕੇ ਤਲਵਿੰਦਰ ਪਾਲ ਸੋਗੀ ਦੀ ਭਾਲ ਕੀਤੀ ਜਾਵੇ।