ਗੁਰਦਾਸਪੁਰ ਚੋਣ; ਧਰਮ ਗੁਰੂਆਂ ਦੀ ਸ਼ਰਨ 'ਚ ਭਾਜਪਾ ਲੀਡਰ


ਅੰਮ੍ਰਿਤਸਰ (ਨਵਾਂ ਜ਼ਮਾਨਾ ਸਰਵਿਸ)
ਗੁਰਦਾਸਪੁਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰ ਦਾ ਐਲਾਨ ਕਰਕੇ ਭਾਜਪਾ ਨੂੰ ਭਾਜੜਾਂ ਪਾ ਦਿੱਤੀਆਂ ਹਨ, ਕਿਉਂਕਿ ਇਹ ਭਾਜਪਾ ਦੀ ਰਵਾਇਤੀ ਸੀਟ ਮੰਨੀ ਜਾਂਦੀ ਹੈ।ਇਸ ਲਈ ਭਾਜਪਾ ਵੀ ਜਲਦ ਹੀ ਉਮੀਦਵਾਰ ਦਾ ਐਲਾਨ ਕਰਨ ਵਿੱਚ ਜੁੱਟ ਗਈ ਹੈ।ਦਿਲਚਸਪ ਗੱਲ ਹੈ ਕਿ ਐਲਾਨ ਤੋਂ ਪਹਿਲਾਂ ਕਈ ਲੀਡਰ ਟਿਕਟ ਲੈਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਭਾਜਪਾ ਦੀ ਟਿਕਟ ਦੇ ਚਾਹਵਾਨਾਂ ਨੇ ਧਰਮ ਗੁਰੂਆਂ ਦੀ ਸ਼ਰਨ ਲੈ ਲਈ ਹੋਈ ਹੈ।ਹਾਸਲ ਜਾਣਕਾਰੀ ਮੁਤਾਬਕ ਭਾਜਪਾ ਦੀ ਸੂਬਾ ਕਮੇਟੀ ਨੇ ਜੋ ਦੋ ਨਾਂਅ ਹਾਈਕਮਾਨ ਨੂੰ ਭੇਜੇ ਹਨ, ਉਸ ਵਿੱਚ ਮਰਹੂਮ ਸਾਬਕਾ ਸਾਂਸਦ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਤੇ ਸਵਰਨ ਸਲਾਰੀਆ ਦੇ ਨਾਂਅ ਸ਼ਾਮਲ ਹਨ।ਇਹ ਦੋਵੇਂ ਨੇਤਾ ਇਸ ਵੇਲੇ ਦਿੱਲੀ ਵਿੱਚ ਹਨ ਤੇ ਦੋਹਾਂ ਵੱਲੋਂ ਟਿਕਟ ਲੈਣ ਲਈ ਧਰਮ ਗੁਰੂਆਂ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ।ਕਵਿਤਾ ਖੰਨਾ ਧਰਮ ਗੁਰੂ ਸ੍ਰੀ ਸ੍ਰੀ ਰਵੀ ਸ਼ੰਕਰ ਤੇ ਸਲਾਰੀਆ ਬਾਬਾ ਰਾਮਦੇਵ ਦੀ ਸ਼ਰਨ ਵਿੱਚ ਜਾ ਪਹੁੰਚੇ ਹਨ।2014 ਵਿੱਚ ਵੀ ਜਦੋਂ ਵਿਨੋਦ ਖੰਨਾ ਨੂੰ ਟਿਕਟ ਦਿੱਤੀ ਗਈ ਸੀ ਤਾਂ ਬਾਬਾ ਰਾਮਦੇਵ ਵੱਲੋਂ ਭਾਜਪਾ ਹਾਈਕਮਾਨ 'ਤੇ ਸਲਾਰੀਆ ਨੂੰ ਟਿਕਟ ਦੇਣ ਦੀ ਹਮਾਇਤ ਕੀਤੀ ਗਈ ਸੀ, ਪਰ ਉਸ ਵੇਲੇ ਅਡਵਾਨੀ ਵੱਲੋਂ ਵਿਨੋਦ ਖੰਨਾ ਨੂੰ ਹੀ ਟਿਕਟ ਦਿਵਾਈ ਗਈ ਸੀ।ਹੁਣ ਦੋਹਾਂ ਨੇਤਾਵਾਂ ਵੱਲੋਂ ਟਿਕਟ ਲੈਣ 'ਤੇ ਪਾਰਟੀ ਲੀਡਰਾਂ ਤੇ ਦਬਾਅ ਬਣਾਉਣ ਲਈ ਧਰਮ ਗੁਰੂਆਂ ਦਾ ਸਹਾਰਾ ਲਿਆ ਜਾ ਰਿਹਾ ਹੈ।