Latest News

ਤਾਮਿਲ ਨਾਡੂ ਦਾ ਸੰਕਟ

Published on 19 Sep, 2017 11:15 AM.


ਤਾਮਿਲ ਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੇ ਅਕਾਲ ਚਲਾਣੇ ਮਗਰੋਂ ਰਾਜ ਦੀ ਰਾਜਨੀਤੀ ਤੇ ਪ੍ਰਸ਼ਾਸਨ ਵਿੱਚ ਅਨਿਸਚਿਤਤਾ ਵਾਲੀ ਸਥਿਤੀ ਪੈਦਾ ਹੋ ਗਈ ਸੀ। ਇਸ ਅਮਲ ਵਿੱਚ ਉਸ ਸਮੇਂ ਹੋਰ ਵਾਧਾ ਹੋ ਗਿਆ, ਜਦੋਂ ਜੈਲਲਿਤਾ ਦੀ ਮੌਤ ਮਗਰੋਂ ਸ਼ਸ਼ੀਕਲਾ ਨੇ ਪਾਰਟੀ ਦੀ ਕਮਾਨ ਸੰਭਾਲੀ। ਕੁਝ ਦਿਨਾਂ ਮਗਰੋਂ ਸਰਬ ਉੱਚ ਅਦਾਲਤ ਨੇ ਹੱਕੀ ਆਮਦਨ ਤੋਂ ਕਿਤੇ ਵੱਧ ਜਾਇਦਾਦ ਇਕੱਠੀ ਕਰਨ ਦੇ ਮਾਮਲੇ ਵਿੱਚ ਕਰਨਾਟਕ ਹਾਈ ਕੋਰਟ ਦੇ ਉਸ ਨੂੰ ਤੇ ਜੈਲਲਿਤਾ ਤੇ ਉਸ ਦੇ ਸਹਿਯੋਗੀਆਂ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਪਲਟ ਕੇ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਸੁਣਵਾਈ ਜੇਲ੍ਹ ਦੀ ਸਜ਼ਾ ਤੇ ਜੁਰਮਾਨੇ ਨੂੰ ਬਹਾਲ ਰੱਖਿਆ।
ਸ਼ਸ਼ੀਕਲਾ ਨੇ ਜੇਲ੍ਹ ਜਾਣ ਤੋਂ ਪਹਿਲਾਂ ਫੁਰਤੀ ਨਾਲ ਪਾਰਟੀ ਦੀ ਜਨਰਲ ਕੌਂਸਲ ਤੇ ਵਿਧਾਇਕਾਂ ਦੀ ਮੀਟਿੰਗ ਲਾ ਕੇ ਖ਼ੁਦ ਨੂੰ ਜਨਰਲ ਸੈਕਟਰੀ ਦੇ ਅਹੁਦੇ ਲਈ ਨਾਮਜ਼ਦ ਕਰਵਾ ਲਿਆ ਤੇ ਆਪਣੇ ਭਤੀਜੇ ਟੀ ਟੀ ਵੀ ਦਿਨਾਕਰਨ ਨੂੰ ਪਾਰਟੀ ਦਾ ਜੁਆਇੰਟ ਸਕੱਤਰ ਨਿਯੁਕਤ ਕਰ ਦਿੱਤਾ, ਜਦੋਂ ਕਿ ਜੈਲਲਿਤਾ ਨੇ ਆਪਣੇ ਜਿਉਂਦੇ ਜੀਅ ਸ਼ਸ਼ੀਕਲਾ ਤੇ ਦਿਨਾਕਰਨ ਨੂੰ ਪਾਰਟੀ 'ਚੋਂ ਛੇਕ ਦਿੱਤਾ ਸੀ। ਸ਼ਸ਼ੀਕਲਾ ਜੈਲਲਿਤਾ ਦੀ ਨੇੜਤਾ ਹਾਸਲ ਕਰਨ ਵਿੱਚ ਤਾਂ ਸਫ਼ਲ ਹੋ ਗਈ, ਪਰ ਅੰਨਾ ਡੀ ਐੱਮ ਕੇ ਦੇ ਸੰਗਠਨ ਤੋਂ ਬਾਹਰ ਹੀ ਰੱਖੀ ਗਈ।
ਸ਼ਸ਼ੀਕਲਾ ਦੇ ਜੇਲ੍ਹ ਜਾਣ ਮਗਰੋਂ ਮੁੱਖ ਮੰਤਰੀ ਓ ਪਨੀਰਸੇਲਵਮ ਤੇ ਸਾਬਕਾ ਮੁੱਖ ਮੰਤਰੀ ਪਲਾਨੀਸਵਾਮੀ ਨੇ ਆਪਸ ਵਿੱਚ ਸੁਲ੍ਹਾ ਕਰ ਲਈ, ਪਰ ਨਾਲ ਹੀ ਇਹ ਫ਼ੈਸਲਾ ਕਰ ਲਿਆ ਕਿ ਸ਼ਸ਼ੀਕਲਾ ਤੇ ਦਿਨਾਕਰਨ ਨੂੰ ਪਾਰਟੀ ਦੇ ਅਹੁਦਿਆਂ ਤੋਂ ਬਰਖਾਸਤ ਕਰ ਦਿੱਤਾ ਜਾਵੇ। ਕੁਝ ਸਿਆਸੀ ਵਿਸ਼ਲੇਸ਼ਣਕਾਰਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਦੋਹਾਂ ਧੜਿਆਂ ਵਿਚਾਲੇ ਸੁਲ੍ਹਾ ਕਰਵਾਉਣ ਵਿੱਚ ਮੋਦੀ ਸਰਕਾਰ ਤੇ ਭਾਜਪਾ ਲੀਡਰਸ਼ਿਪ ਨੇ ਅਹਿਮ ਭੂਮਿਕਾ ਨਿਭਾਈ। ਸਿਆਸੀ ਹਲਕਿਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਅੰਨਾ ਡੀ ਐੱਮ ਕੇ ਵੀ ਐੱਨ ਡੀ ਏ ਦੀ ਭਾਈਵਾਲ ਬਣ ਜਾਵੇਗੀ ਤੇ ਸ਼ਾਇਦ ਆਉਂਦੀਆਂ ਵਿਧਾਨ ਸਭਾ ਚੋਣਾਂ ਵੀ ਉਹ ਮਿਲ ਕੇ ਲੜਨ।
ਟੀ ਟੀ ਵੀ ਦਿਨਾਕਰਨ ਦੀ ਅਗਵਾਈ ਵਿੱਚ ਸੋਲਾਂ ਵਿਧਾਇਕਾਂ ਨੇ ਰਾਜਪਾਲ ਨੂੰ ਤੇ ਦਿੱਲੀ ਜਾ ਕੇ ਰਾਸ਼ਟਰਪਤੀ ਨੂੰ ਇਹ ਯਾਦ-ਪੱਤਰ ਦਿੱਤਾ ਸੀ ਕਿ ਉਨ੍ਹਾਂ ਨੇ ਮੁੱਖ ਮੰਤਰੀ ਤੋਂ ਹਮਾਇਤ ਵਾਪਸ ਲੈ ਲਈ ਹੈ। ਉਸ ਨੂੰ ਇਹ ਆਦੇਸ਼ ਦਿੱਤਾ ਜਾਵੇ ਕਿ ਉਹ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਬਹੁਮੱਤ ਸਾਬਤ ਕਰੇ। ਵਿਰੋਧੀ ਧਿਰ ਦੇ ਆਗੂ ਸਟਾਲਿਨ ਤੇ ਕਾਂਗਰਸ ਪਾਰਟੀ ਦੇ ਵਿਧਾਇਕ ਦਲ ਦੇ ਆਗੂ ਨੇ ਵੀ ਰਾਜਪਾਲ ਨੂੰ ਮਿਲ ਕੇ ਇਹ ਮੰਗ ਰੱਖੀ ਸੀ ਕਿ ਮੁੱਖ ਮੰਤਰੀ ਨੂੰ ਇਜਲਾਸ ਬੁਲਾ ਕੇ ਬਹੁਮੱਤ ਸਾਬਤ ਕਰਨ ਦਾ ਆਦੇਸ਼ ਦਿੱਤਾ ਜਾਵੇ। ਇਹ ਮਾਮਲਾ ਮਦਰਾਸ ਹਾਈ ਕੋਰਟ ਦੀਆਂ ਬਰੂਹਾਂ ਤੱਕ ਵੀ ਪਹੁੰਚਾ ਤੇ ਹਾਲੇ ਸੁਣਵਾਈ ਅਧੀਨ ਹੈ।
ਹੁਣ ਸਪੀਕਰ ਨੇ ਵਿਧਾਇਕ ਦਲ ਦੇ ਆਗੂ ਦੀ ਅਰਜ਼ੀ 'ਤੇ ਫ਼ੈਸਲਾ ਸਾਦਰ ਕਰਦਿਆਂ ਹੋਇਆਂ ਦਿਨਾਕਰਨ ਦੇ ਹਮਾਇਤੀ ਅਠਾਰਾਂ ਵਿਧਾਇਕਾਂ ਨੂੰ ਅਸੰਬਲੀ ਦੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਹੈ। ਇਸ ਲਈ ਉਸ ਨੇ ਤਾਮਿਲ ਨਾਡੂ ਲੈਜਿਸਲੇਟਿਵ ਅਸੰਬਲੀ (ਡਿਸਕੁਆਲੀਫੀਕੇਸ਼ਨ ਆਨ ਗਰਾਊਂਡ ਆਫ਼ ਡਿਫੈਕਸ਼ਨ) ਰੂਲਜ਼, 1986 ਦਾ ਸਹਾਰਾ ਲਿਆ ਹੈ।
ਜੋ ਵੀ ਹੋਵੇ, ਦਿੱਲੀ ਤੇ ਚੇਨੱਈ ਦੇ ਸ਼ਾਸਕਾਂ ਨੇ ਇੱਕ ਤਰ੍ਹਾਂ ਨਾਲ ਜਮਹੂਰੀਅਤ ਨਾਲ ਭੱਦਾ ਮਜ਼ਾਕ ਕੀਤਾ ਹੈ, ਪਰ ਨਾ ਤਾਮਿਲ ਨਾਡੂ ਦੇ ਲੋਕ ਤੇ ਨਾ ਦੇਸ ਦੀ ਜਨਤਾ ਇਸ ਫ਼ੈਸਲੇ ਨੂੰ ਪ੍ਰਵਾਨ ਕਰੇਗੀ। ਇਸ ਨਾਲ ਰਾਜ ਵਿੱਚ ਜੋ ਰਾਜਸੀ ਅਸਥਿਰਤਾ ਬਣੀ ਹੋਈ ਹੈ, ਉਸ ਵਿੱਚ ਹੋਰ ਵਾਧਾ ਹੋਵੇਗਾ।

748 Views

e-Paper