ਇਕਬਾਲ ਕਾਸਕਰ ਨਾਲ ਦਾਊਦ ਦੇ ਸੰਬੰਧਾਂ ਦੀ ਜਾਂਚ ਕਰੇਗੀ ਪੁਲਸ


ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਅਪਰਾਧ ਜਗਤ ਦੇ ਸਰਗਣੇ ਦਾਊਦ ਇਬਰਾਹੀਮ ਦੇ ਛੋਟੇ ਭਰਾ ਇਕਬਾਲ ਕਾਸਕਰ ਨੂੰ ਠਾਣੇ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੰਗਲਵਾਰ ਨੂੰ ਠਾਣੇ ਦੇ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਨੇ ਇਸ ਮਾਮਲੇ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਦਿੱਤੀਆਂ। ਉਨ੍ਹਾ ਦਸਿਆ ਕਿ ਇਸ ਮਾਮਲੇ ਦੇ ਸੰਬੰਧ 'ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਤਿੰਨਾਂ ਤੋਂ ਹੀ ਪੁਛੱਗਿੱਛ ਕੀਤੀ ਜਾ ਰਹੀ ਹੈ।
ਪੁਲਸ ਕਮਿਸ਼ਨਰ ਨੇ ਦਸਿਆ ਹੈ ਕਿ ਉਨ੍ਹਾ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਜਾਣਕਾਰੀ ਮਿਲ ਰਹੀ ਸੀ ਕਿ ਦਾਊਦ ਦਾ ਗੈਂਗ ਇਲਾਕੇ 'ਚ ਸਰਗਰਮ ਹੈ। ਉਨ੍ਹਾ ਦਸਿਆ ਕਿ ਦਾਊਦ ਦੇ ਭਰਾ ਨੂੰ ਉਸ ਦੀ ਭੈਣ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਕਮਿਸ਼ਨਰ ਨੇ ਦਸਿਆ ਹੈ ਕਿ ਭਾਸਕਰ ਲੰਮੇ ਸਮੇਂ ਤੋਂ ਜਬਰੀ ਵਸੂਲੀ ਦਾ ਧੰਦਾ ਚਲਾ ਰਿਹਾ ਸੀ ਅਤੇ ਜਬਰੀ ਵਸੂਲੀ ਲਈ ਦਾਊਦ ਦਾ ਨਾਮ ਵਰਤਿਆ ਜਾ ਰਿਹਾ ਸੀ। ਉਨ੍ਹਾ ਦਸਿਆ ਕਿ ਇਸ ਧੰਦੇ 'ਚ ਦਾਊਦ ਦਾ ਸਿੱਧਾ ਲੱਥ ਹੈ ਜਾਂ ਨਹੀਂ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾ ਦਸਿਆ ਕਿ ਜਬਰੀ ਉਗਰਾਹੀ ਦੀ ਰਕਮ ਫਲੈਟਾਂ ਦੇ ਨਾਂਅ 'ਤੇ ਲਈ ਸੀ। ਪੁਲਸ ਕਮਿਸ਼ਨਰ ਨੇ ਦਸਿਆ ਹੈ ਕਿ ਕਈ ਸਥਾਨਕ ਆਗੂਆਂ ਅਤੇ ਕੌਸਲਰਾਂ ਦੇ ਨਾਂਅ ਵੀ ਸਾਹਮਣੇ ਆਏ ਹਨ, ਉਨ੍ਹਾ ਵਿਰੁੱਧ ਵੀ ਜਾਂਚ ਕੀਤੀ ਜਾਵੇਗੀ। ਪਰਮਬੀਰ ਸਿੰਘ ਨੇ ਦਸਿਆ ਹੈ ਕਿ ਗ੍ਰਿਫ਼ਤਾਰ ਦੋਸ਼ੀਆ ਦਾ ਵੱਧ ਤੋਂ ਵੱਧ ਪੁਲਸ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਕਮਿਸ਼ਨਰ ਨੇ ਦਸਿਆ ਹੈ ਕਿ ਲਾਂਚ ਤੋਂ 10-20 ਅਜਿਹੇ ਨਾਮ ਸਾਹਮਣੇ ਆਏ ਹਨ, ਜਿਨ੍ਹਾ ਤੋਂ ਦੋਸ਼ੀਆਂ ਵੱਲੋਂ ਜਬਰੀ ਉਗਰਾਹੀ ਕੀਤੀ ਜਾ ਰਹੀ ਸੀ। ਉਨ੍ਹਾ ਇਹ ਵੀ ਕਿਹਾ ਕਿ ਜੇ ਮਨੀ ਲਾਡਰਿੰਗ ਦਾ ਪਹਿਲੂ ਸਾਹਮਣੇ ਆ ਜਾਂਦਾ ਹੈ ਤਾਂ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਵੀ ਮਦਦ ਲਈ ਜਾਵੇਗੀ।
ਉਨ੍ਹਾ ਇਹ ਵੀ ਦਸਿਆ ਕਿ ਜੋ ਧਮਕੀਆ ਦਿੱਤੀਆਂ ਗਈਆਂ, ਉਹ ਦਾਊਦ ਦੇ ਨਾਂਅ 'ਤੇ ਦਿੱਤੀਆਂ ਗਈਆਂ ਸਨ ਅਤੇ ਬਾਹਰ ਤੋਂ ਸ਼ੂਟਰਾਂ ਨੂੰ ਵੀ ਬੁਲਾਇਆ ਗਿਆ। ਪੁਲਸ ਕਮਿਸ਼ਨਰ ਨੇ ਦਸਿਆ ਹੈ ਕਿ ਮਮਤਾਜ ਅਤੇ ਇਸਰਾਰ ਡਰਾਉਣ-ਧਮਕਾਉਣ ਦਾ ਕੰਮ ਕਰਦੇ ਸਨ ਅਤੇ ਇਸ ਦੇ ਨਾਲ ਹੀ ਉਹ ਇਕਬਾਲ ਕਾਸਕਰ ਨਾਲ ਵੀ ਗੱਲ ਕਰਵਾਉਂਦੇ ਸਨ। ਪਰਮਬੀਰ ਸਿੰਘ ਨੇ ਕਿਹਾ ਕਿ ਇਸ ਗੈਸ ਤੋਂ ਜੋ ਵੀ ਲੋਕ ਪੀੜਤ ਹਨ, ਉਹ ਸਾਹਮਣੇ ਆਉਣ ਅਤੇ ਸ਼ਿਕਾਇਤ ਦਰਜ ਕਰਵਾਉਣ।
ਪੁਲਸ ਨੇ ਮੰਗਲਵਾਰ ਨੂੰ ਕਾਸਕਰ ਨੂੰ ਠਾਣੇ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਉਸ ਦਾ 8 ਦਿਨਾ ਪੁਲਸ ਰਿਮਾਂਡ ਦੇ ਦਿੱਤਾ। ਕਾਸਕਰ ਤੋਂ ਇਲਾਵਾ ਹੋਰ ਦੋਸ਼ੀਆਂ ਨੂੰ ਵੀ ਪੁਲਸ ਰਿਮਾਂਡ 'ਤੇ ਭੇਜਿਆ ਗਿਆ ਹੈ। ਇਕਬਾਲ ਉਪਰ ਬਿਲਡਰਾਂ ਨੂੰ ਡਰਾਉਣ-ਧਮਕਾਉਣ ਅਤੇ ਹਫ਼ਤਾ ਵਸੂਲੀ ਦਾ ਦੋਸ਼ ਹੈ।