ਕਿਸਾਨ ਗ੍ਰਿਫਤਾਰੀਆਂ ਦੀ ਅਰਸ਼ੀ ਵੱਲੋਂ ਨਿਖੇਧੀ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)-7 ਕਿਸਾਨ ਜਥੇਬੰਦੀਆਂ ਵੱਲੋਂ 22 ਸਤੰਬਰ ਤੋਂ ਮੋਤੀ ਮਹਿਲ, ਮੁੱਖ ਮੰਤਰੀ ਦੀ ਪਟਿਆਲਾ ਰਿਹਾਇਸ਼ ਦੇ ਸਾਹਮਣੇ ਆਪਣੀਆਂ ਮੰਗਾਂ ਲਈ 5 ਰੋਜ਼ਾ ਧਰਨਾ ਮਾਰਨ ਦੇ ਜਮਹੂਰੀ ਅਧਿਕਾਰ ਨੂੰ ਕੁਚਲਣ ਲਈ ਕੈਪਟਨ ਸਰਕਾਰ ਨੇ ਜੋ ਅਗਾਊਂ ਫੜੋ-ਫੜੀ ਸ਼ੁਰੂ ਕਰ ਦਿੱਤੀ ਹੈ ਅਤੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਰਹੇ ਹਨ, ਉਸ ਦੀ ਸੀ ਪੀ ਆਈ ਦੇ ਸਕੱਤਰ ਹਰਦੇਵ ਸਿੰਘ ਅਰਸ਼ੀ ਨੇ ਨਿਖੇਧੀ ਕੀਤੀ ਅਤੇ ਇਸ ਨੂੰ ਜਮਹੂਰੀਅਤ ਉਤੇ ਹਮਲਾ ਕਰਾਰ ਦਿੱਤਾ ਹੈ। ਸ੍ਰੀ ਅਰਸ਼ੀ ਨੇ ਕਿਹਾ ਕਿ ਇਕ ਤਾਂ ਕਰਜ਼ ਮਾਫੀ ਸਮੇਤ ਕਿਸਾਨਾਂ ਨਾਲ ਕੀਤੇ ਵਾਅਦੇ ਨਹੀਂ ਪੂਰੇ ਕੀਤੇ ਜਾ ਰਹੇ, ਦੂਜਾ ਉਹਨਾਂ ਨੂੰ ਆਪਣਾ ਰੋਸ ਵੀ ਪ੍ਰਗਟ ਨਹੀਂ ਕਰਨ ਦਿੱਤਾ ਜਾ ਰਿਹਾ। ਸ੍ਰੀ ਅਰਸ਼ੀ ਨੇ ਮੰਗ ਕੀਤੀ ਕਿ ਗ੍ਰਿਫਤਾਰ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਉਹਨਾਂ ਨੂੰ ਜਮਹੂਰੀ ਅਧਿਕਾਰ ਮੁਤਾਬਕ ਆਪਣਾ ਰੋਸ ਪ੍ਰਗਟ ਕਰਨ ਦਿੱਤਾ ਜਾਵੇ ਅਤੇ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ।