Latest News
ਸੀ ਪੀ ਆਈ ਵੱਲੋਂ ਲੁਧਿਆਣਾ ਵਿਖੇ ਵਿਸ਼ਾਲ ਸੂਬਾ ਪੱਧਰੀ ਰੈਲੀ ਦਾ ਫੈਸਲਾ

Published on 19 Sep, 2017 11:26 AM.


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਦੇ ਕਿਰਤੀ ਲੋਕਾਂ, ਕਿਸਾਨਾਂ, ਖੇਤ ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਇਸਤਰੀਆਂ ਅਤੇ ਮੁਲਾਜ਼ਮਾਂ ਦੀ ਸੂਬਾ ਪਧਰੀ ਜਨਤਕ ਰੈਲੀ 27 ਨਵੰਬਰ ਨੂੰ ਲੁਧਿਆਣਾ ਵਿਖੇ ਕੀਤੀ ਜਾਵੇਗੀ, ਜਿਸ ਵਿਚ ਪੰਜਾਬ ਦੀ ਰਾਜਸੀ, ਆਰਥਿਕ ਤੇ ਸਮਾਜਿਕ ਵਿਵਸਥਾ ਅਤੇ ਲੋਕਾਂ ਦੇ ਵੱਖ-ਵੱਖ ਤਬਕਿਆਂ ਦੀਆਂ ਭਖਦੀਆਂ ਸਮਸਿਆਵਾਂ ਉਤੇ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਹ ਫੈਸਲਾ ਕੱਲ੍ਹ ਇਥੇ ਸਿਰੇ ਚੜ੍ਹੀ ਦੋ-ਰੋਜ਼ਾ, ਸੀ ਪੀ ਆਈ ਸੂਬਾ ਕੌਂਸਲ ਮੀਟਿੰਗ ਨੇ ਕੀਤਾ। ਰਾਜ ਦੀ ਰਾਜਸੀ, ਆਰਥਿਕ ਤੇ ਸਮਾਜਿਕ ਅਵਸਥਾ ਦਾ ਰੀਵਿਊ ਕਰਦਿਆਂ ਸੂਬਾ ਪਾਰਟੀ ਇਸ ਨਿਰਣੇ 'ਤੇ ਪਹੁੰਚੀ ਕਿ ਰਾਜ ਨੂੰ ਖੇਤੀ ਅਤੇ ਸਨਅਤੀ ਵਿਕਾਸ ਵਿਚ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਜੋ ਭਾਰੂ ਰੂਪ ਵਿਚ ਖੇਤੀ ਪ੍ਰਧਾਨ ਸੂਬਾ ਹੁੰਦਾ ਸੀ (ਅਤੇ ਵਿਭਿੰਨ ਹੋਰ ਖੇਤਰਾਂ ਵਿਚ ਵਿਕਾਸ ਦੇ ਬਾਵਜੂਦ ਅਜੇ ਵੀ ਹੈ), 20 ਹਜ਼ਾਰ ਕਰੋੜ ਰੁਪਏ ਤੋਂ ਵਧਦੀ ਵਾਫਰ ਪੈਦਾਵਾਰ ਕਰ ਰਿਹਾ ਸੀ, ਉਹ ਹੁਣ ਖੇਤੀ ਲਈ ਜ਼ਰੂਰੀ ਵਸਤਾਂ ਦੇ ਲਗਾਤਾਰ ਵਧਦੇ ਖਰਚਿਆਂ ਕਾਰਨ ਅਤੇ ਸਵਾਮੀ ਨਾਥਨ ਸਿਫਾਰਸ਼ਾਂ ਮੁਤਾਬਕ ਭਾਅ ਨਿਸ਼ਚਿਤ ਨਾ ਕਰਨ ਕਾਰਨ ਮੰਦੀ ਆਰਥਿਕਤਾ ਦਾ ਸ਼ਿਕਾਰ ਹੈ ਅਤੇ ਕਿਸਾਨਾਂ, ਖੇਤ ਮਜ਼ਦੂਰਾਂ ਦੀ ਆਰਥਿਕ ਰੀੜ੍ਹ ਦੀ ਹੱਡੀ ਟੁੱਟ ਗਈ ਹੈ ਅਤੇ ਨਤੀਜੇ ਵਜੋਂ ਖੁਦਕੁਸ਼ੀਆਂ ਸਾਹਮਣੇ ਆ ਰਹੀਆਂ ਹਨ।
ਉਦਯੋਗ ਬਾਰੇ ਗੱਲ ਕਰਦਿਆਂ ਕਿਹਾ ਕਿ ਵਾਰੀ-ਵਾਰੀ ਆਉਦੀਆਂ ਦੋਹਾਂ ਰੰਗਾਂ ਦੀਆਂ ਸਰਕਾਰਾਂ ਦੇ ਵਡੇ-ਵਡੇ ਦਾਅਵਿਆਂ ਦੇ ਬਾਵਜੂਦ ਕੋਈ ਨਵੀਂ ਉਦਯੋਗਿਕ ਇਕਾਈ ਇਥੇ ਕਾਇਮ ਨਹੀਂ ਹੋ ਰਹੀ ਸਗੋਂ ਪਹਿਲੀਆਂ ਵੀ ਸੰਕਟ ਕਾਰਨ ਅਤੇ ਗੁਆਂਢੀ ਰਾਜਾਂ ਨੂੰ ਦਿਤੀਆਂ ਲੁਭਾਉਣੀਆਂ ਰਿਆਇਤਾਂ ਕਾਰਨ ਬੰਦ ਹੋ ਰਹੀਆਂ ਹਨ ਜਾਂ ਬਾਹਰ ਸ਼ਿਫਟ ਹੋ ਰਹੀਆਂ ਹਨ। ਸਮਾਜਿਕ ਜੀਵਨ ਦੇ ਪੱਧਰ ਉਤੇ ਨਸ਼ਾ ਜਵਾਨੀ ਨੂੰ ਖਾ ਰਿਹਾ ਹੈ। ਗੁੰਡਾ-ਗਰੋਹਾਂ ਦੀ ਭਰਮਾਰ ਕਾਰਨ ਅਮਨ-ਕਾਨੂੰਨ ਟੁੱਟ ਗਿਆ ਹੈ, ਕੁਰਪਸ਼ਨ ਹਰ ਖੇਤਰ ਵਿਚ ਭਾਰੂ ਹੈ। ਬਹੁ-ਮਾਫੀਆ ਗਲਬੇ ਨੇ ਹਰ ਖੇਤਰ ਦੇ ਸ਼ਹਿਰੀ ਸਾਧਾਰਨ ਜੀਵਨ ਨੂੰ ਖਤਰਾ ਪੈਦਾ ਕਰ ਦਿੱਤਾ ਹੈ ਅਤੇ ਗੜਬੜ ਵਿਚ ਪਾ ਦਿੱਤਾ ਹੈ। ਪੰਜਾਬੀ ਇਲਾਕਿਆਂ, ਚੰਡੀਗੜ੍ਹ ਅਤੇ ਪੰਜਾਬੀ ਭਾਸ਼ਾ ਦਾ ਸੁਆਲ ਫਿਰ ਖੂੰਜੇ ਲਾ ਦਿਤਾ ਗਿਆ ਹੈ ਅਤੇ ਚੋਣਾਂ ਵਿਚ ਹੀ ਚੁਕਿਆ ਜਾਵੇਗਾ। ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸਾਥੀ ਅਰਸ਼ੀ ਨੇ ਦਸਿਆ ਕਿ ਇਸ ਪ੍ਰਸੰਗ 'ਚ ਇਹਨਾਂ ਬੀਮਾਰੀਆਂ ਦੇ ਖਿਲਾਫ ਅਤੇ ਪੰਜਾਬ ਦੇ ਉਜਲੇ ਭਵਿੱਖ ਲਈ ਪਾਰਟੀ 27 ਨਵੰਬਰ ਨੂੰ ਲੁਧਿਆਣਾ ਵਿਖੇ ਵਿਸ਼ਾਲ ਜਨਤਕ ਰੈਲੀ ਕਰ ਰਹੀ ਹੈ, ਜਿਸ ਵਿਚ ਲੋਕਾਂ ਦੀਆਂ ਭਖਦੀਆਂ ਮੰਗਾਂ ਉਤੇ ਆਵਾਜ਼ ਚੁਕੀ ਜਾਵੇਗੀ, ਜਿਵੇਂ ਰੁਜ਼ਗਾਰ ਕਾਨੂੰਨ (ਬਨੇਗਾ) ਬਣਾਓ; ਕਿਸਾਨਾਂ, ਖੇਤ ਮਜ਼ਦੂਰਾਂ ਦੇ ਸਾਰੇ ਕਰਜ਼ੇ ਮਾਫ ਕਰੋ; ਕੁਰਪਸ਼ਨ ਅਤੇ ਕਾਲੇ ਧਨ ਵਿਰੁਧ ਲੜਾਈ; ਦਲਿਤਾਂ ਅਤੇ ਇਸਤਰੀਆਂ ਉਤੇ ਹਮਲਿਆਂ ਵਿਰੁੱਧ, ਫਿਰਕਾਪ੍ਰਸਤੀ ਦੇ ਖਿਲਾਫ ਅਤੇ ਧਰਮ-ਨਿਰਪਖਤਾ ਅਤੇ ਸਾਂਝੇ ਸੱਭਿਆਚਾਰ ਲਈ ਅਤੇ ਵਿਗਿਆਨਕ ਵਿਦਿਆ ਲਈ ਅਤੇ ਸ਼ਹਿਰੀ ਬੁਨਿਆਦੀ ਸਹੂਲਤਾਂ ਵਾਲੇ ਮੂਲ ਢਾਂਚੇ ਲਈ।ਰੈਲੀ ਨੂੰ ਪਾਰਟੀ ਦੇ ਜਨਰਲ ਸਕੱਤਰ ਸਾਥੀ ਸੁਧਾਕਰ ਰੈਡੀ, ਕੌਮੀ ਸਕੱਤਰੇਤ ਦੇ ਮੈਂਬਰ ਸਾਥੀ ਅਤੁਲ ਕੁਮਾਰ ਅਣਜਾਣ, ਅਰਮਜੀਤ ਕੌਰ ਅਤੇ ਸ਼ਮੀਮ ਫੈਜ਼ੀ ਅਤੇ ਸੂਬਾਈ ਆਗੂ ਸੰਬੋਧਨ ਕਰਨਗੇ। ਮੀਟਿੰਗ ਦੇ ਆਰੰਭ ਵਿਚ ਸੀ ਪੀ ਆਈ ਦੇ ਕੌਮੀ ਸਕੱਤਰ ਸਾਥੀ ਸ਼ਮੀਮ ਫੈਜ਼ੀ ਨੇ ਕੌਮੀ ਪ੍ਰਸਥਿਤੀ ਬਾਰੇ ਰਿਪੋਰਟਿੰਗ ਕੀਤੀ ਅਤੇ ਦਸਿਆ ਕਿ ਪਾਰਟੀ ਅੱਜ ਤੋਂ ਹੀ ਦੇਸ ਭਰ ਵਿਚ ਜਨ-ਜਾਗਰਤੀ ਮੁਹਿੰਮ ਚਲਾ ਰਹੀ ਹ,ੈ ਜਿਸ ਵਿਚ ਪਨਾਮਾ ਕਾਗਜ਼ਾਂ ਵਿਚ ਜਿਹੜੇ 500 ਭਾਰਤੀਆਂ ਦੇ ਨਾਂਅ ਵਿਦੇਸ਼ਾਂ ਵਿਚ ਕਾਲੇ ਧਨ ਵਾਲੇ ਸ਼ਾਮਲ ਹਨ, ਉਹਨਾਂ ਨੂੰ ਲੋਕਾਂ ਸਾਹਮਣੇ ਰੱਖਣ ਦੀ ਮੰਗ ਕੀਤੀ ਜਾਵੇਗੀ। ਕਿਸਾਨ ਦਾ ਕਰਜ਼ਾ ਨਾ ਮੁੜਣ 'ਤੇ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ, ਪਰ ਕਾਰਪੋਰੇਟ ਘਰਾਣਿਆਂ ਕੋਲ ਕਰੋੜਾਂ ਰੁਪਏ ਡੁਬੇ ਪਏ ਹਨ, ਜਿਸ ਲਈ ਮੰਗ ਕੀਤੀ ਜਾਵੇਗੀ ਕਿ ਜਾਂ ਪੈਸੇ ਵਸੂਲ ਕਰੋ ਜਾਂ ਜਾਇਦਾਦ ਜ਼ਬਤ ਕਰੋ। ਭਾਜਪਾ ਆਗੂਆਂ ਜਿਹਨਾਂ ਵਿਚ ਵਿਦੇਸ਼ ਮੰਤਰੀ, ਵਿੱਤ ਮੰਤਰੀ, ਚਾਰ ਰਾਜਾਂ ਦੇ ਮੁੱਖ ਮੰਤਰੀ ਤੱਕ ਸ਼ਾਮਲ ਹਨ, ਉਹਨਾਂ ਦੇ ਭ੍ਰਿਸ਼ਟਾਚਾਰ ਦੀ ਨਿਰਪੱਖ ਪੜਤਾਲ ਕਰਾਈ ਜਾਵੇ ਅਤੇ ਮਹਿੰਗਾਈ ਨੂੰ ਲਗਾਮ ਪਾਈ ਜਾਵੇ। ਪਿਛਲੀਆਂ ਸਰਗਰਮੀਆਂ ਦੀ ਰੀਵਿਊ ਰਿਪੋਰਟ ਸਾਥੀ ਗੁਰਨਾਮ ਕੰਵਰ ਨੇ ਅਤੇ ਲੁਧਿਆਣਾ ਰੈਲੀ ਅਤੇ ਅਗਲੇ ਕਾਰਜਾਂ ਦੀ ਰੂਪ-ਰੇਖਾ ਸੂਬਾ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ ਨੇ ਪੇਸ਼ ਕੀਤੀ। ਲਗਭਗ 30 ਸਾਥੀਆਂ ਨੇ ਬਹਿਸ ਵਿਚ ਹਿੱਸਾ ਲਿਆ। ਅਖੀਰ ਉਤੇ ਰਿਪੋਰਟ ਸਰਬ-ਸੰਮਤੀ ਨਾਲ ਪਾਸ ਕਰ ਦਿੱਤੀ ਗਈ। ਮੀਟਿੰਗ ਸਰਵ ਸਾਥੀ ਬਲਦੇਵ ਸਿੰਘ ਨਿਹਾਲਗੜ੍ਹ, ਬੀਬੀ ਜਸਵੀਰ ਕੌਰ ਸਰਾ ਅਤੇ ਸੁਰਿੰਦਰ ਢੰਡੀਆਂ ਦੇ ਪ੍ਰਧਾਨਗੀ ਮੰਡਲ ਤਹਿਤ ਹੋਈ। ਉਹਨਾਂ ਨਾਲ ਮੰਚ ਉਤੇ ਕੌਮੀ ਸਕੱਤਰ ਸਾਥੀ ਸ਼ਮੀਮ ਫੈਜ਼ੀ, ਸੂਬਾ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ ਅਤੇ ਕੌਮੀ ਕਾਰਜਕਾਰਣੀ ਮੈਂਬਰ ਡਾਕਟਰ ਜੋਗਿੰਦਰ ਦਿਆਲ ਹਾਜ਼ਰ ਸਨ। ਮੀਟਿੰਗ ਦੀ ਕਾਰਵਾਈ ਸਾਥੀ ਗੁਲਜ਼ਾਰ ਗੋਰੀਆ ਨੇ ਨੋਟ ਕੀਤੀ। ਮੀਟਿੰਗ ਨੇ ਆਰੰਭ ਵਿਚ ਦੋ ਮਿੰਟ ਮੌਨ ਧਾਰ ਕੇ ਕਲਮ ਦੀ ਆਜ਼ਾਦੀ ਦੀ ਸ਼ਹੀਦ ਗੌਰੀ ਲੰਕੇਸ਼, ਏਅਰ ਮਾਰਸ਼ਲਅਰਜੁਨ ਸਿੰਘ, ਸਰਵ ਸਾਥੀ ਡੀ.ਐਲ. ਸਚਦੇਵਾ, ਏਟਕ ਦੇ ਕੌਮੀ ਆਗੂ ਮਨਜੀਤ ਸਿੰਘ ਟਿਵਾਣਾ, ਅਵਤਾਰ ਚਾਹੜਕੇ, ਮਾਸਟਰ ਬਚਿੱਤਰ ਸਿੰਘ ਫਰੀਦਕੋਟ, ਜਸਵੰਤ ਸਿੰਘ ਰੂਪਾ ਚੂਹੜਚੱਕ, ਦਾਤਾ ਸਿੰਘ ਮਾਨਸਾ, ਜਗਦੇਵ ਸਿੰਘ ਟਪਿਆਲਾ, ਰਿਆਨ ਸਕੂਲ ਦਾ ਬੱਚਾ ਪ੍ਰਦੁਮਨ ਸਿੰਘ, ਗੋਰਖਪੁਰ ਸਕੂਲ ਦੇ ਬੱਚਿਆਂ, ਕਥਿਤ ਗਊ-ਰਾਖਿਆਂ ਵਲੋਂ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।

394 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper