ਅਫ਼ਜ਼ਲ ਅਹਿਸਨ ਰੰਧਾਵਾ ਨਹੀਂ ਰਹੇ


ਪਟਿਆਲਾ (ਨਵਾਂ ਜ਼ਮਾਨਾ ਸਰਵਿਸ)-ਲਹਿੰਦੇ ਪੰਜਾਬ ਦੇ ਪ੍ਰਸਿੱਧ ਪੰਜਾਬੀ ਲੇਖਕ ਅਫ਼ਜ਼ਲ ਅਹਿਸਨ ਰੰਧਾਵਾ ਨਹੀਂ ਰਹੇ। ਉਹ ਮੰਗਲਵਾਰ ਸਵੇਰੇ ਸਵਾ ਇੱਕ ਵਜੇ ਫੈਸਲਾਬਾਦ ਵਿਖੇ ਵਫ਼ਾਤ ਪਾ ਗਏ। ਇਹ ਸੂਚਨਾ ਦਿੰਦਿਆਂ ਸਾਹਿਤ ਅਕਾਦਮੀ ਅਵਾਰਡੀ ਡਾ. ਦਰਸ਼ਨ ਸਿੰਘ 'ਆਸ਼ਟ' ਨੇ ਕਿਹਾ ਕਿ 1 ਸਤੰਬਰ 1937 ਨੂੰ ਅੰਮ੍ਰਿਤਸਰ ਦੇ ਹੁਸੈਨਪੁਰਾ ਇਲਾਕੇ ਵਿਚ ਪੈਦਾ ਹੋਏ ਅਫ਼ਜ਼ਲ ਅਹਿਸਨ ਰੰਧਾਵਾ ਦੇਸ਼ ਵੰਡ ਉਪਰੰਤ ਪਾਕਿਸਤਾਨ ਚਲੇ ਗਏ ਸਨ ਅਤੇ ਉਥੇ ਉਨ੍ਹਾਂ ਨੇ ਵਕਾਲਤ ਅਤੇ ਰਾਜਨੀਤੀ ਦੇ ਖੇਤਰਾਂ ਵਿਚ ਕਾਰਜਸ਼ੀਲ ਰਹਿੰਦੇ ਹੋਏ ਪੰਜਾਬੀ ਮਾਂ ਬੋਲੀ ਨਾਲ ਅੰਤਲੇ ਸਮੇਂ ਤੱਕ ਜੁੜੇ ਰਹੇ। ਰੰਧਾਵਾ ਨੇ ਸ਼ੀਸ਼ਾ ਇਕ ਨਿਸ਼ਕਾਰੇ ਦੋ, ਰੇਤ ਦੇ ਚਾਰ ਸਫ਼ਰ, ਪੰਜਾਬ ਦੀ ਵਾਰ, ਛੇਵਾਂ ਦਰਿਆ ਤੋਂ ਇਲਾਵਾ ਕਹਾਣੀ ਸੰਗ੍ਰਹਿ ਰੰਨ, ਤਲਵਾਰ ਤੇ ਘੋੜਾ, ਮੁੰਨਾ ਕੋਹ ਲਾਹੌਰ ਅਤੇ ਦੋ ਸੁਪ੍ਰਸਿੱਧ ਨਾਵਲ ਦੁਆਬਾ ਅਤੇ ਦੀਵਾ ਤੇ ਦਰਿਆ ਲਿਖੇ। ਉਹਨਾਂ ਇਕ ਪੰਜਾਬੀ ਨਾਟਕ ਸੱਪ ਸ਼ੀਂਹ ਤੇ ਫ਼ਕੀਰ ਦੀ ਸਿਰਜਣਾ ਤੋਂ ਇਲਾਵਾ ਅਨੁਵਾਦ ਕਾਰਜ ਵੀ ਕੀਤਾ। ਉਨ੍ਹਾਂ ਨੂੰ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਪੁਰਸਕਾਰ ਵੀ ਪ੍ਰਦਾਨ ਕੀਤਾ ਗਿਆ ਸੀ, ਜੋ ਚੜ੍ਹਦੇ ਪੰਜਾਬ ਤੋਂ ਸਾਹਿਤ ਅਕਾਦਮੀ ਅਵਾਰਡੀ ਡਾ. ਦਰਸ਼ਨ ਸਿੰਘ ਆਸ਼ਟ, ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਪ੍ਰਧਾਨ ਹਰਭਜਨ ਸਿੰਘ ਬਰਾੜ, ਡਾ. ਜਤਿੰਦਰ ਪਾਲ ਸਿੰਘ ਜੌਲੀ, ਡਾ. ਜੋਗਿੰਦਰ ਸਿੰਘ ਕੈਰੋਂ ਆਦਿ ਲੇਖਕਾਂ ਨੇ ਲਾਹੌਰ ਵਿਖੇ ਜਾ ਕੇ ਪ੍ਰਦਾਨ ਕੀਤਾ ਸੀ, ਕਿਉਂਕਿ ਉਹ ਉਦੋਂ ਪਟਿਆਲਾ ਵਿਖੇ ਪੁਰਸਕਾਰ ਪ੍ਰਾਪਤ ਕਰਨ ਲਈ ਨਹੀਂ ਸਨ ਆ ਸਕੇ। ਅਫ਼ਜ਼ਲ ਅਹਿਸਨ ਰੰਧਾਵਾ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਡਾ. ਆਸ਼ਟ ਨੇ ਕਿਹਾ ਕਿ ਅਫ਼ਜ਼ਲ ਅਹਿਸਨ ਰੰਧਾਵਾ ਨੇ ਸਾਂਝੇ ਪੰਜਾਬ ਦੀ ਰਹਿਤਲ ਨੂੰ ਆਪਣੇ ਨਾਵਲਾਂ ਅਤੇ ਕਹਾਣੀਆਂ ਵਿਚ ਬਾਖੂਬੀ ਪੇਸ਼ ਕੀਤਾ। ਸੋਸ਼ਲ ਮੀਡੀਆ 'ਤੇ ਵੀ ਉਹਨਾਂ ਦੀਆਂ ਸਾਹਿਤਕ ਲਿਖਤਾਂ ਅਤੇ ਗਤੀਵਿਧੀਆਂ ਦੀ ਅਕਸਰ ਚਰਚਾ ਹੁੰਦੀ ਰਹਿੰਦੀ ਸੀ। ਉਨ੍ਹਾਂ ਦਾ ਬਹੁਤ ਸਾਰਾ ਸਾਹਿਤ ਦੇਸ਼ਾਂ-ਵਿਦੇਸ਼ਾਂ ਦੀਆਂ ਜ਼ੁਬਾਨਾਂ ਵਿਚ ਵੀ ਤਰਜ਼ਮਾ ਹੋ ਕੇ ਛਪਿਆ। ਵਿਸ਼ਵ ਦੇ ਮਹਾਨ ਪੰਜਾਬੀ ਸਾਹਿਤਕਾਰ ਰੰਧਾਵਾ ਦੇ ਵਫ਼ਾਤ ਪਾ ਜਾਣ ਨਾਲ ਮਾਂ ਬੋਲੀ ਪੰਜਾਬੀ ਦਾ ਸਾਹਿਤ ਉਦਾਸ ਹੋ ਗਿਆ ਹੈ।