ਸਦਨ ਕਮੇਟੀ ਨੇ ਕੀਤੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਪ੍ਰਭਾਵਿਤ ਪਰਵਾਰਾਂ ਨਾਲ ਸਿੱਧੀ ਮੁਲਾਕਾਤ


ਰੂਪਨਗਰ (ਖੰਗੂੜਾ)
ਸੂਬੇ ਵਿਚ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਖੁਦਕੁਸ਼ੀਆਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ਿਆਂ ਕਾਰਨ ਆਰਥਿਕ ਤੰਗੀ ਨੂੰ ਜਾਚਣ ਅਤੇ ਸੁਝਾਊ ਦੇਣ ਲਈ ਗਠਿਤ ਸਦਨ ਦੀ ਕਮੇਟੀ ਵੱਲੋਂ ਰੂਪਨਗਰ ਜ਼ਿਲ੍ਹੇ ਦੇ 2 ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਵਾਰਾਂ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਕੀਤੀ। ਰੂਪਨਗਰ ਜ਼ਿਲ੍ਹੇ ਦੇ ਦੌਰੇ ਦੌਰਾਨ ਸਦਨ ਦੀ ਕਮੇਟੀ ਵਿਚ ਸਭਾਪਤੀ ਸੁਖਵਿੰਦਰ ਸਿੰਘ ਸਰਕਾਰੀਆ, ਮੈਂਬਰ ਨੱਥੂ ਰਾਮ, ਮੈਂਬਰ ਕੁਲਜੀਤ ਸਿੰਘ ਨਾਗਰਾ, ਮੈਂਬਰ ਨਾਜਰ ਸਿੰਘ ਮਾਨਸਾਹੀਆ ਅਤੇ ਮੈਂਬਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਸ਼ਾਮਿਲ ਸਨ।
ਟੀਮ ਨੇ ਵਿਧਾਨ ਸਭਾ ਹਲਕਾ ਰੂਪਨਗਰ ਦੀ ਸ੍ਰੀ ਆਨੰਦਪੁਰ ਸਾਹਿਬ ਸਬ-ਡਵੀਜ਼ਨ ਦੇ ਪਿੰਡ ਬੜਵਾ ਨੇੜੇ ਨੂਰਪੁਰ ਬੇਦੀ ਵਿਖੇ ਸ਼ਿੰਗਾਰਾ ਸਿੰਘ ਦੇ ਪਰਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਗੱਲਬਾਤ ਕੀਤੀ। ਇਸ ਉਪਰੰਤ ਕਮੇਟੀ ਮੈਂਬਰਾਂ ਵੱਲੋਂ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਕਾਕਰੋਂ ਤਹਿਸੀਲ ਰੂਪਨਗਰ ਵਿਖੇ ਪੀੜਤ ਪਰਵਾਰ ਦੇ ਮਂੈਬਰਾਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਸਦਨ ਦੀ ਕਮੇਟੀ ਦੇ ਸਭਾਪਤੀ ਸਰਕਾਰੀਆ ਨੇ ਦੱਸਿਆ ਕਿ ਇਸ ਕਮੇਟੀ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ। ਸਾਰੇ ਪੰਜਾਬ ਦੇ ਦੌਰੇ ਉਪਰੰਤ ਨਵੰਬਰ ਦੇ ਆਖੀਰ ਤੱਕ ਇਸ ਕਮੇਟੀ ਵੱਲੋਂ ਆਪਣੀ ਰਿਪੋਰਟ ਵਿਧਾਨ ਸਭਾ ਵਿਖੇ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦੌਰੇ ਦਾ ਮੁੱਖ ਮੰਤਵ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਵਾਰਾਂ ਨਾਲ ਮਿਲ ਕੇ ਉਨ੍ਹਾਂ ਦੇ ਘਰਾਂ ਵਿਚ ਜੋ ਖੁਦਕੁਸ਼ੀਆਂ ਹੋਈਆਂ ਹਨ ਅਤੇ ਜੋ ਆਰਥਿਕ ਤੰਗੀ ਹੈ, ਉਸ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਇਸ ਸੰਬੰਧੀ ਰਿਪੋਰਟ ਤਿਆਰ ਕਰ ਕੇ ਸਦਨ ਵਿਚ ਪੇਸ਼ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਅਤੇ ਕਿਸਾਨੀ ਨੂੰ ਬਚਾਉਣ ਲਈ ਇਹ ਕਮੇਟੀ ਗਠਿਤ ਕੀਤੀ ਗਈ ਹੈ, ਜਿਸ ਵਿਚ ਹਰ ਇੱਕ ਸਿਆਸੀ ਪਾਰਟੀ ਦਾ ਨੁਮਾਇੰਦਾ ਮੌਜੂਦ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਕਮੇਟੀ ਵੱਲੋਂ ਕਿਸਾਨ ਯੂਨੀਅਨਾਂ ਅਤੇ ਖੇਤੀ ਮਜ਼ਦੂਰ ਯੂਨੀਅਨ ਦੇ ਨੁਮਾਇੰਦਿਆਂ ਨਾਲ ਵੀ ਉਹ ਵਿਚਾਰ-ਵਟਾਂਦਰਾ ਕਰਨ ਉਪਰੰਤ ਰਿਪੋਰਟ ਤਿਆਰ ਕਰਨਗੇ ਅਤੇ ਰਿਪੋਰਟ ਤਿਆਰ ਹੋਣ ਤੋਂ ਬਾਅਦ ਉਨ੍ਹਾਂ ਦੀ ਪੜਚੋਲ ਕਰਕੇ ਕਿਸਾਨਾਂ ਨੂੰ ਉਪਰ ਉਠਾਉਣ ਲਈ ਯੋਗ ਕਦਮ ਚੁੱਕਣ ਸੰਬੰਧੀ ਸਿਫਾਰਸ਼ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਜਿਹੇ ਕੇਸਾਂ ਵਿੱਚ ਪ੍ਰਭਾਵਿਤ ਪਰਵਾਰ ਮਂੈਬਰਾਂ ਪ੍ਰਤੀ ਹਮਦਰਦੀ ਦਾ ਵਤੀਰਾ ਰੱਖਦਿਆਂ ਕੇਸ ਡੀਲ ਕਰਨ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ/ਖੇਤ ਮਜ਼ਦੂਰਾਂ ਦੇ ਪਰਵਾਰਾਂ ਨੂੰ ਬਣਦੇ ਲਾਭ ਜਲਦ ਤੋਂ ਜਲਦ ਦਿੱਤੇ ਜਾਣ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਦਫਤਰ ਦੇ ਕਮੇਟੀ ਰੂਮ ਵਿੱਚ ਗੁਰਨੀਤ ਤੇਜ ਡਿਪਟੀ ਕਮਿਸ਼ਨਰ ਨੇ ਕਮੇਟੀ ਮਂੈਬਰਾਂ ਨੂੰ ਜ਼ਿਲ੍ਹੇ ਵਿੱਚ ਕਿਸਾਨਾਂ/ਖੇਤ ਮਜ਼ਦੂਰਾਂ ਵੱਲੋਂ ਕੀਤੀਆਂ ਖੁਦਕੁਸ਼ੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਕਜੌਲੀ ਦੇ ਕਿਸਾਨ ਗੁਰਮੀਤ ਸਿੰਘ ਪੁੱਤਰ ਗੁਲਜ਼ਾਰ ਸਿੰਘ ਵੱਲੋਂ 14 ਮਈ 2015 ਨੂੰ, ਪਿੰਡ ਛੱਜਾ ਦੇ ਕਿਸਾਨ ਗੁਰਮੇਲ ਸਿੰਘ ਉਰਫ ਪੁੱਤਰ ਭਗਤ ਰਾਮ ਵੱਲੋਂ 13 ਜੂਨ 2015 ਨੂੰ, ਪਿੰਡ ਬੜਵਾ ਦੇ ਖੇਤ ਮਜ਼ਦੂਰ ਸ਼ਿੰਗਾਰਾ ਸਿੰਘ ਪੁੱਤਰ ਨਾਨਕ ਚੰਦ ਵੱਲੋਂ 25 ਮਈ 2016, ਜਦਕਿ ਪਿੰਡ ਕਾਕਰੋਂ ਦੇ ਕਿਸਾਨ ਅਮਰਜੀਤ ਸਿੰਘ ਪੁੱਤਰ ਸਾਧੂ ਸਿੰਘ ਵੱਲੋਂ 25 ਜੂਨ 2016 ਨੂੰ ਖੁਦਕੁਸ਼ੀ ਕੀਤੀ ਗਈ ਸੀ।
ਇਸ ਦੌਰੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਲਖਮੀਰ ਸਿੰਘ, ਪੁਲਸ ਕਪਤਾਨ ਰਮਿੰਦਰ ਸਿੰਘ, ਐੱਸ.ਡੀ.ਐੱਮ ਰੂਪਨਗਰ ਹਰਜੋਤ ਕੌਰ, ਸ੍ਰੀ ਆਨੰਦਪੁਰ ਸਾਹਿਬ ਰਾਕੇਸ਼ ਕੁਮਾਰ, ਡੀ.ਐੱਸ.ਪੀ ਸ੍ਰੀ ਆਨੰਦਪੁਰ ਸਾਹਿਬ ਸ੍ਰੀ ਰਮਿੰਦਰ ਸਿੰਘ ਕਾਹਲੋਂ, ਜ਼ਿਲ੍ਹਾ ਮਾਲ ਅਫਸਰ ਮੇਜਰ ਗੁਰਜਿੰਦਰ ਸਿੰਘ ਬੇਨੀਪਾਲ, ਕੇਸਰ ਰਾਮ ਬੰਗਾ ਮੁੱਖ ਖੇਤੀਬਾੜੀ ਅਫਸਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।