ਕਿਸਾਨਾਂ 'ਤੇ ਅੱਤਿਆਚਾਰ ਬੰਦ ਕਰੇ ਸਰਕਾਰ : ਪਾਸਲਾ


ਜਲੰਧਰ (ਇਕਬਾਲ ਉੱਭੀ)
''ਪੰਜਾਬ ਸਰਕਾਰ ਲੋਕਾਂ ਨਾਲ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕਰੇ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਉਤੇ ਅੱਤਿਆਚਾਰ ਕਰਨਾ ਬੰਦ ਕਰੇ।'' ਇਹ ਸ਼ਬਦ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਕਹੇ।
ਸਾਥੀ ਪਾਸਲਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਕਿਸਾਨਾਂ ਮਜ਼ਦੂਰਾਂ ਸਿਰ ਚੜ੍ਹਿਆ ਹਰ ਪ੍ਰਕਾਰ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ, ਪਰ ਚੋਣਾਂ ਜਿੱਤ ਕੇ ਪੰਜਾਬ ਵਿਚ ਸਰਕਾਰ ਬਣਾ ਲੈਣ ਤੋਂ ਬਾਅਦ ਉਹ ਵਾਅਦਾ ਵਫ਼ਾ ਨਹੀਂ ਹੋਇਆ ਅਤੇ ਪੰਜਾਬ ਵਿਚ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਪਹਿਲਾਂ ਦੀ ਤਰ੍ਹਾਂ ਲਗਾਤਾਰ ਜਾਰੀ ਹਨ।
ਕਾਮਰੇਡ ਪਾਸਲਾ ਨੇ ਦੱਸਿਆ ਕਿ ਕਰਜ਼ਾ ਮੁਆਫੀ, ਵੇਚੀਆਂ ਫਸਲਾਂ ਦੇ ਬਕਾਏ, ਪੈਦਾ ਕੀਤੀਆਂ ਫਸਲਾਂ ਦੇ ਲਾਹੇਵੇਦ ਭਾਅ ਲੈਣ ਲਈ ਅਤੇ ਹੋਰ ਮੰਗਾਂ ਲਈ ਪੰਜਾਬ ਅੰਦਰ ਸਾਰੀਆਂ ਹੀ ਕਿਸਾਨ-ਮਜ਼ਦੂਰ ਜਥੇਬੰਦੀਆਂ ਆਪੋ-ਆਪਣੇ ਢੰਗ ਨਾਲ ਸੰਘਰਸ਼ ਕਰ ਰਹੀਆਂ ਹਨ, ਪਰ ਕੈਪਟਨ ਸਰਕਾਰ ਸੰਘਰਸ਼ ਕਰਦੀਆਂ ਕਿਸਾਨ ਜਥੇਬੰਦੀਆਂ ਉਪਰ ਅੱਤਿਆਚਾਰ ਕਰ ਰਹੀ ਹੈ। 22 ਸਤੰਬਰ ਤੋਂ ਮੁੱਖ ਮੰਤਰੀ ਦੀ ਪਟਿਆਲਾ ਰਿਹਾਇਸ਼ ਦੇ ਸਾਹਮਣੇ 5 ਦਿਨ ਦਾ ਧਰਨਾ ਮਾਰਨ ਦਾ ਐਲਾਨ ਕਿਸਾਨ ਜਥੇਬੰਦੀਆਂ ਵਲੋਂ ਕੀਤਾ ਗਿਆ ਹੈ ਅਤੇ ਮੁਹਾਲੀ ਵਿਖੇ ਕਿਸਾਨ ਧਰਨਾ ਲਾ ਕੇ ਬੈਠੇ ਹੋਏ ਹਨ। ਪੰਜਾਬ ਸਰਕਾਰ ਕਿਸਾਨਾਂ ਦੀਆ ਗ੍ਰਿਫਤਾਰੀਆਂ ਕਰਕੇ ਅਤੇ ਕਿਸਾਨਾਂ ਉਪਰ ਲਾਠੀਚਾਰਜ ਕਰਕੇ ਉਹਨਾਂ ਦੇ ਜਮਹੂਰੀ ਅਧਿਕਾਰਾਂ ਉਤੇ ਹਮਲਾ ਕਰ ਰਹੀ ਹੈ। ਜਿਸ ਦੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਸਖਤ ਨਿੰਦਾ ਕਰਦੀ ਹੈ ਅਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਫੜੇ ਹੋਏ ਕਿਸਾਨ ਤੁਰੰਤ ਰਿਹਾਅ ਕੀਤੇ ਜਾਣ ਅਤੇ ਕਿਸਾਨਾਂ ਦੀਆਂ ਕਰਜ਼ਾ ਮੁਆਫੀ ਸਮੇਤ ਸਾਰੀਆਂ ਜਾਇਜ਼ ਮੰਗਾਂ ਤੁਰੰਤ ਪ੍ਰਵਾਨ ਕੀਤੀਆ ਜਾਣ। ਕਾਮਰੇਡ ਪਾਸਲਾ ਨੇ ਸਾਂਝੇ ਸੰਘਰਸ਼ਾਂ ਰਾਹੀਂ ਕੀਤੀਆਂ ਗਈਆ ਪਿਛਲੇ ਸਮੇਂ ਦੀਆਂ ਪ੍ਰਾਪਤੀਆਂ ਦੀ ਯਾਦ ਦਿਵਾਉਂਦਿਆਂ ਜ਼ੋਰ ਦੇ ਕੇ ਕਿਹਾ ਕਿ ਸਾਰੀਆਂ ਮਜ਼ਦੂਰ ਕਿਸਾਨ ਜਥੇਬੰਦੀਆਂ ਆਪਣੀ ਸੰਕੀਰਨਵਾਦੀ ਸੋਚ ਅਤੇ ਸਰਕਾਰ ਨਾਲ ਮੇਲ-ਮਿਲਾਪ ਦੀ ਨੀਤੀ ਤਿਆਗ ਕੇ ਇਕ ਮੰਚ 'ਤੇ ਇਕੱਠੀਆਂ ਹੋਣ ਅਤੇ ਸਾਂਝਾ ਸੰਘਰਸ਼ ਕਰਨ ਤਾਂ ਕਿ ਸਰਕਾਰ ਦੀ ਹੰਕਾਰਵਾਦੀ ਅਤੇ ਲੋਕ ਵਿਰੋਧੀ ਸੋਚ ਨੂੰ ਭਾਂਜ ਦਿਤੀ ਜਾ ਸਕੇ।