ਬੀ ਐੱਸ ਐੱਫ ਵੱਲੋਂ ਦੋ ਘੁਸਪੈਠੀਏ ਹਲਾਕ


ਅਜਨਾਲਾ (ਸਿਮਰਨਜੀਤ ਸਿੰਘ ਸੰਧੂ) -ਭਾਰਤ-ਪਾਕਿਸਤਾਨ ਦੀ ਸਰਹੱਦ 'ਤੇ ਅਜਨਾਲਾ ਸੈਕਟਰ ਵਿੱਚ ਪੈਂਦੀ ਸਰਹੱਦੀ ਚੌਕੀ ਸ਼ਾਹਪੁਰ ਦੇ ਇਲਾਕੇ ਵਿੱਚ ਸੀਮਾ ਸੁਰੱਖਿਆ ਬਲ ਵੱਲੋਂ ਦੋ ਪਾਕਿਸਤਾਨੀ ਘੁਸਪੈਠੀਆਂ ਨੂੰ ਢੇਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਏ.ਕੇ.-47 ਤੇ ਚਾਰ ਪੈਕੇਟ ਹੈਰੋਇਨ ਸਮੇਤ ਹੋਰ ਅਸਲਾ ਤੇ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਗਈ ਹੈ।
ਸੀਮਾ ਸੁਰਖਿਆ ਬਲ ਪੰਜਾਬ ਫਰੰਟੀਅਰ ਦੇ ਆਈ.ਜੀ. ਮੁਕੁਲ ਗੋਇਲ ਨੇ ਦੱਸਿਆ ਕਿ ਕੱਲ੍ਹ ਦੇਰ ਰਾਤ ਸਰਹੱਦ 'ਤੇ ਗਸ਼ਤ ਕਰ ਰਹੇ ਜਵਾਨਾਂ ਦੀ ਟੁਕੜੀ ਨੇ ਪਾਕਿਸਤਾਨ ਵਾਲੇ ਪਾਸੇ ਕੁਝ ਹਰਕਤ ਵੇਖੀ। ਇਸ ਤੋਂ ਬਾਅਦ ਉਸ ਥਾਂ ਜਾ ਕੇ ਪਾਕਿਸਤਾਨੀ ਘੁਸਪੈਠੀਆਂ ਨੂੰ ਲਲਕਾਰਿਆ, ਪਰ ਉਨ੍ਹਾਂ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਗਈੈ। ਜਵਾਨਾਂ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਦੋ ਪਾਕਿਸਤਾਨੀ ਘੁਸਪੈਠੀਏ ਮਾਰੇ ਗਏ, ਜਦਕਿ ਦੋ ਵਾਪਸ ਭੱਜਣ ਵਿੱਚ ਕਾਮਯਾਬ ਹੋ ਗਏ।
ਆਈ.ਜੀ. ਗੋਇਲ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਸੁਰੱਖਿਆ ਏਜੰਸੀਆਂ ਵੱਲੋਂ ਸੂਚਨਾ ਦਿੱਤੀ ਜਾ ਰਹੀ ਸੀ ਕਿ ਕੁਝ ਪਾਕਿਸਤਾਨੀ ਘੁਸਪੈਠੀਏ ਪੰਜਾਬ ਨਾਲ ਲੱਗਦੀ ਸਰਹੱਦ ਦੇ ਰਸਤੇ ਭਾਰਤ ਵਿੱਚ ਦਾਖਲ ਹੋ ਸਕਦੇ ਹਨ। ਇਸ ਤੋਂ ਬਾਅਦ ਪੰਜਾਬ ਨਾਲ ਲੱਗਦੀ ਸਾਰੀ ਸਰਹੱਦ 'ਤੇ ਅਲਰਟ ਜਾਰੀ ਕੀਤਾ ਗਿਆ ਸੀ। ਉਸ ਦੇ ਚੱਲਦਿਆਂ ਨਾਰਕਓਟਿਕ ਸੈੱਲ ਬਿਊਰੋ ਵੱਲੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਲੋਕ ਇਸ ਇਲਾਕੇ ਵਿੱਚ ਨਸ਼ਾ ਤਸਕਰੀ ਲਈ ਘੁਸਪੈਠ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਤੋਂ ਬਾਅਦ ਕੱਲ੍ਹ ਦੇਰ ਰਾਤ ਇਸ ਅਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ।
ਮਾਰੇ ਗਏ ਪਾਕਿਸਤਾਨੀਆਂ ਬਾਰੇ ਜਦੋਂ ਪਾਕਿਸਤਾਨੀ ਰੇਂਜਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਲਾਸ਼ਾਂ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ। ਮਾਰੇ ਗਏ ਪਾਕਿਸਤਾਨੀਆਂ ਕੋਲੋਂ 20 ਹਜ਼ਾਰ ਪਾਕਿਸਤਾਨੀ ਕਰੰਸੀ, 1 ਏ ਕੇ-47, ਇੱਕ ਪਿਸਤੌਲ, 4 ਕਿਲੋ ਹੈਰੋਇਨ, ਇੱਕ ਪਾਕਿਸਤਾਨੀ ਸਿਮ ਤੇ ਮੋਬਾਈਲ ਬਰਾਮਦ ਕੀਤਾ ਗਿਆ ਹੈ।