ਥਾਣੇਦਾਰ ਦੀ ਮੁਆਫੀ ਵਕੀਲਾਂ ਤੇ ਪੁਲਸ ਮੁਖੀ ਲਈ ਬਣੀ ਵੱਕਾਰ ਦਾ ਸੁਆਲ


ਬਠਿੰਡਾ (ਬਖਤੌਰ ਢਿੱਲੋਂ)
ਥਾਣੇਦਾਰ ਨੇ ਮੁਆਫੀ ਮੰਗੀ ਹੈ ਜਾਂ ਨਹੀਂ, ਇਹ ਮਾਮਲਾ ਵਕੀਲਾਂ ਅਤੇ ਜ਼ਿਲ੍ਹਾ ਪੁਲਸ ਮੁਖੀ ਦੇ ਵੱਕਾਰ ਦਾ ਸੁਆਲ ਹੀ ਨਹੀਂ ਬਣਿਆ ਹੋਇਆ, ਬਲਕਿ ਬਾਰ ਐਸੋਸੀਏਸ਼ਨ ਨੇ ਬਠਿੰਡਾ ਦੇ ਐੱਸ ਐੱਸ ਪੀ ਨੂੰ ਤੁਰੰਤ ਤਬਦੀਲ ਕਰਨ ਦੀ ਮੰਗ ਕਰ ਦਿੱਤੀ ਹੈ।
ਕਹਾਣੀ ਕੁਝ ਇਸ ਤਰ੍ਹਾਂ ਹੈ ਕਿ 16 ਸਤੰਬਰ ਨੂੰ ਲੱਕੀ ਜਿੰਦਲ ਨਾਂਅ ਦਾ ਇੱਕ ਵਕੀਲ ਸਥਾਨਕ ਮਹਿਲਾ ਪੁਲਸ ਸਟੇਸ਼ਨ ਵਿਖੇ ਇੱਕ ਏ ਐੱਸ ਆਈ ਨੂੰ ਮਿਲਣ ਵਾਸਤੇ ਗਿਆ ਸੀ। ਇਸ ਥਾਣੇ ਦੇ ਇੱਕ ਕਮਰੇ ਵਿੱਚ ਬੈਠੇ ਈ ਓ ਵਿੰਗ ਦੇ ਇੱਕ ਹੋਰ ਥਾਣੇਦਾਰ ਨੂੰ ਜਦ ਵਕੀਲ ਸਾਹਿਬ ਨੇ ਇਹ ਪੁੱਛਿਆ ਕਿ ਜਗਦੇਵ ਨਾਂਅ ਦਾ ਪੁਲਸ ਮੁਲਾਜ਼ਮ ਕੌਣ ਹੈ? ਤਾਂ ਥਾਣੇਦਾਰ ਸਾਹਿਬ ਇਸ ਕਦਰ ਤੈਸ ਵਿੱਚ ਆ ਗਿਆ ਕਿ ਉਹ ਉਲਟਾ ਵਕੀਲ ਨੂੰ ਇਹ ਸੁਆਲ ਕਰਨ ਲੱਗ ਪਿਆ ਕਿ ਉਸ ਨੇ ਪੁਲਸ ਕਰਮਚਾਰੀ ਦੇ ਨਾਂਅ ਅੱਗੇ ਸਰਦਾਰ ਦਾ ਵਿਸ਼ੇਸ਼ਣ ਕਿਉਂ ਨਹੀਂ ਲਾਇਆ?
ਵਕੀਲ ਵੱਲੋਂ ਇਹ ਕਹਿਣ 'ਤੇ ਕਿ ਉਹ ਉਕਤ ਪੁਲਸ ਕਰਮਚਾਰੀ ਨੂੰ ਨਾ ਤਾਂ ਜਾਤੀ ਤੌਰ 'ਤੇ ਜਾਣਦਾ ਹੈ ਅਤੇ ਨਾ ਹੀ ਉਸ ਨੂੰ ਉਸ ਦੀ ਪਛਾਣ ਹੈ, ਤਾਂ ਦੋਵਾਂ ਦਰਮਿਆਨ ਤਕਰਾਰ ਹੋਰ ਵੀ ਵਧ ਗਿਆ। ਵਕੀਲ ਜਿੰਦਲ ਦੇ ਦੋਸ਼ ਅਨੁਸਾਰ ਥਾਣੇਦਾਰ ਦਰਸ਼ਨ ਸਿੰਘ ਤੇ ਕੁਝ ਹੋਰ ਮੁਲਾਜ਼ਮਾਂ ਨੇ ਉਸ ਨੂੰ ਬੁਰਾ-ਭਲਾ ਹੀ ਨਹੀਂ ਕਿਹਾ, ਬਲਕਿ ਹੱਥੋਪਾਈ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ। ਦੂਜੇ ਪਾਸੇ ਥਾਣੇਦਾਰ ਦਾ ਦੋਸ਼ ਇਹ ਹੈ ਕਿ ਵਕੀਲ ਸਾਹਿਬ ਨੇ ਸਰਕਾਰੀ ਕੰਮ 'ਚ ਵਿਘਨ ਪਾਇਆ ਹੈ।
ਵਕੀਲ ਨੇ ਇਹ ਮਾਮਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਧਿਆਨ ਹਿੱਤ ਲਿਆਂਦਾ ਤਾਂ ਪ੍ਰਧਾਨ ਐਡਵੋਕੇਟ ਸ੍ਰੀ ਰਣਜੀਤ ਸਿੰਘ ਜਲਾਲ ਦੀ ਅਗਵਾਈ ਹੇਠਲੇ ਇੱਕ ਵਫ਼ਦ ਨੇ ਆਈ ਜੀ ਬਠਿੰਡਾ ਜ਼ੋਨ ਨੂੰ ਸਾਰੇ ਘਟਨਾਕ੍ਰਮ ਤੋਂ ਜਾਣੂ ਕਰਵਾ ਦਿੱਤਾ। ਬਾਰ ਐਸੋਸੀਏਸ਼ਨ ਨੇ ਉਦੋਂ ਇਹ ਦਾਅਵਾ ਕੀਤਾ ਸੀ ਕਿ ਆਈ ਜੀ ਨੇ ਥਾਣੇਦਾਰ ਨੂੰ ਲਾਈਨ ਹਾਜ਼ਰ ਕਰਨ ਤੋਂ ਇਲਾਵਾ ਜ਼ਿਲ੍ਹਾ ਪੁਲਸ ਮੁਖੀ ਨੂੰ ਇਹ ਹਦਾਇਤ ਵੀ ਕੀਤੀ ਸੀ ਕਿ ਉਹ ਉਸ ਵਿਰੁੱਧ ਵਿਭਾਗੀ ਪੜਤਾਲ ਕਰਵਾ ਕੇ ਤੁਰੰਤ ਪ੍ਰਭਾਵ ਨਾਲ ਸਖ਼ਤ ਕਾਰਵਾਈ ਕਰਨ।
ਪਰੰਤੂ ਆਈ ਜੀ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ, ਭਾਵ ਜਿਹੜਾ ਥਾਣੇਦਾਰ ਦਰਸ਼ਨ ਸਿੰਘ ਪਹਿਲਾਂ ਸਿਵਲ ਲਿਬਾਸ ਵਿੱਚ ਦਫ਼ਤਰ ਬੈਠਿਆ ਕਰਦਾ ਸੀ, ਇਸ ਸ਼ਿਕਾਇਤ ਤੋਂ ਬਾਅਦ ਉਹ ਮੁਕੰਮਲ ਵਰਦੀ ਪਾਉਣ ਲੱਗ ਪਿਆ। ਇਸ ਤੋਂ ਪਹਿਲਾਂ ਕਿ ਵਕੀਲ ਅਣਮਿੱਥੇ ਸਮੇਂ ਲਈ ਕੰਮ ਠੱਪ ਕਰਕੇ ਧਰਨੇ, ਮੁਜ਼ਾਹਰਿਆਂ ਦਾ ਰਾਹ ਅਖਤਿਆਰ ਕਰਦੇ, ਐੱਸ ਪੀ ਹੈੱਡਕੁਆਟਰ ਸ੍ਰੀ ਭੁਪਿੰਦਰ ਸਿੰਘ ਸਿੱਧੂ ਨੇ ਦੋਵਾਂ ਧਿਰਾਂ ਨੂੰ ਆਪਣੇ ਦਫ਼ਤਰ ਬੁਲਾ ਕੇ ਆਪਸੀ ਸੰਬੰਧਾਂ ਦਾ ਵਾਸਤਾ ਪਾਉਂਦਿਆਂ ਮਾਮਲਾ ਨਿਪਟਾਉਣ ਲਈ ਰਾਜ਼ੀ ਕਰ ਲਿਆ।
ਵਕੀਲਾਂ ਦੀ ਸ਼ਰਤ ਅਨੁਸਾਰ ਏ ਐੱਸ ਆਈ ਦਰਸ਼ਨ ਸਿੰਘ ਨੇ ਐੱਸ ਪੀ ਸ੍ਰੀ ਸਿੱਧੂ ਤੇ ਥਾਣਾ ਸਿਵਲ ਲਾਈਨ ਦੇ ਇੰਚਾਰਜ ਇੰਸ: ਕੁਲਦੀਪ ਸਿੰਘ ਭੁੱਲਰ ਨੂੰ ਨਾਲ ਲੈ ਕੇ ਨਾ ਸਿਰਫ ਬਾਰ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਜਾ ਉਕਤ ਘਟਨਾਕ੍ਰਮ 'ਤੇ ਦੁੱਖ ਪ੍ਰਗਟ ਕੀਤਾ, ਬਲਕਿ ਤਿੰਨ ਵਾਰ ਸੌਰੀ ਸ਼ਬਦ ਦਾ ਇਸਤੇਮਾਲ ਕਰਦਿਆਂ ਖਿਮਾਂ ਜਾਚਨਾ ਵੀ ਕੀਤੀ। ਬਾਰ ਐਸੋਸੀਏਸ਼ਨ ਨੇ ਸਾਰਾ ਮਾਮਲਾ ਖਤਮ ਕਰਦਿਆਂ ਮੁੜ ਤੋਂ ਅਦਾਲਤੀ ਕੰਮ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਇਹ ਮਾਮਲਾ ਅਖ਼ਬਾਰਾਂ ਦੀ ਖ਼ਬਰ ਬਣਦਾ, ਜ਼ਿਲ੍ਹਾ ਪੁਲਸ ਮੁਖੀ ਸ੍ਰੀ ਨਵੀਨ ਸਿੰਗਲਾ ਨੇ ਇਹ ਦਾਅਵਾ ਕਰ ਮਾਰਿਆ ਕਿ ਪੁਲਸ ਕਰਮਚਾਰੀ ਨੇ ਵਕੀਲਾਂ ਤੋਂ ਕਿਸੇ ਕਿਸਮ ਦੀ ਮੁਆਫੀ ਨਹੀਂ ਮੰਗੀ। ਆਪਣੇ ਪ੍ਰਧਾਨ ਸ੍ਰੀ ਰਣਜੀਤ ਸਿੰਘ ਜਲਾਲ ਦੀ ਅਗਵਾਈ ਹੇਠ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਅੱਜ ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਜ਼ਿਲ੍ਹਾ ਪੁਲਸ ਮੁਖੀ ਸ੍ਰੀ ਨਵੀਨ ਸਿੰਗਲਾ ਨੇ ਮੀਡੀਆ ਨੂੰ ਕਥਿਤ ਝੂਠੀ ਸੂਚਨਾ ਦੇ ਕੇ ਆਪਣੇ ਰੁਤਬੇ ਦੀ ਮਰਿਆਦਾ ਨਾਲ ਡਾਢਾ ਖਿਲਵਾੜ ਕੀਤਾ ਹੈ। ਸ੍ਰੀ ਸਿੰਗਲਾ ਨੂੰ ਬਠਿੰਡਾ ਤੋਂ ਤੁਰੰਤ ਤਬਦੀਲ ਕਰਨ ਦੀ ਮੰਗ ਕਰਦਿਆਂ ਬਾਰ ਐਸੋਸੀਏਸ਼ਨ ਨੇ ਕਿਹਾ ਕਿ ਜੋ ਪੁਲਸ ਅਧਿਕਾਰੀ ਮੀਡੀਆ ਅਤੇ ਵਕੀਲਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਸਕਦਾ ਹੈ, ਉਸ ਤੋਂ ਆਮ ਲੋਕਾਂ ਲਈ ਇਨਸਾਫ ਦੀ ਤਵੱਕੋਂ ਹੀ ਨਹੀਂ ਕੀਤੀ ਜਾ ਸਕਦੀ। ਐਸੋਸੀਏਸ਼ਨ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੂੰ ਸਬੂਤ ਚਾਹੀਦੇ ਹਨ ਤਾਂ ਉਸ ਦੇ ਕਬਜ਼ੇ ਵਿੱਚ ਸਾਰੇ ਘਟਨਾਕ੍ਰਮ ਦੀ ਰਿਕਾਰਡਿੰਗ ਮੌਜੂਦ ਹੈ। ਇਸ ਮੌਕੇ ਮੀਤ ਪ੍ਰਧਾਨ ਲਕਵਿੰਦਰ ਦੀਪ ਸਿੰਘ, ਜੁਆਇੰਟ ਸਕੱਤਰ ਰੋਹਿਤ ਰੋਮਾਣਾ ਅਤੇ ਕੁਝ ਹੋਰ ਅਹੁਦੇਦਾਰ ਵੀ ਮੌਜੂਦ ਸਨ।