ਸੀ ਬੀ ਆਈ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਹਾਈ ਕੋਰਟ ਦੇ ਸਾਬਕਾ ਜੱਜ ਸਮੇਤ ਪੰਜ ਵਿਅਕਤੀ ਗ੍ਰਿਫਤਾਰ


ਉੜੀਸਾ (ਨਵਾਂ ਜ਼ਮਾਨਾ ਸਰਵਿਸ)
ਸੀ ਬੀ ਆਈ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਉੜੀਸਾ ਹਾਈ ਕੋਰਟ ਦੇ ਇੱਕ ਸਾਬਕਾ ਜੱਜ ਆਈ ਐੱਮ ਕੁਦੁਸੀ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸੀ ਬੀ ਆਈ ਨੇ 20 ਸਤੰਬਰ ਨੂੰ ਅਧਿਕਾਰੀ ਜੱਜ ਸਮੇਤ ਪੰਜ ਵਿਅਕਤੀਆਂ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਐੱਫ ਆਈ ਆਰ ਦਰਜ ਕੀਤੀ ਸੀ। ਇਸ ਦੇ ਨਾਲ ਹੀ ਅੱਠ ਥਾਵਾਂ 'ਤੇ ਛਾਪੇਮਾਰੀ ਵੀ ਕੀਤੀ ਸੀ। ਸੀ ਬੀ ਆਈ ਦੇ ਬੁਲਾਰੇ ਭਾਵਨਾ ਪਾਂਡੇ ਅਤੇ ਸੁਧੀਰ ਗਿਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ 'ਚ ਸਾਬਕਾ ਜੱਜ ਤੋਂ ਇਲਾਵਾ ਲਖਨਊ ਵਿੱਚ ਮੈਡੀਕਲ ਕਾਲਜ ਚਲਾਉਣ ਵਾਲੇ ਪ੍ਰਸ਼ਾਦ ਐਜੂਕੇਸ਼ਨ ਟਰੱਸਟ ਦੇ ਬੀ ਪੀ ਯਾਦਵ, ਵਿਸ਼ਵਨਾਥ ਅੱਗਰਵਾਲ ਅਤੇ ਦੋ ਹੋਰ ਵਿਅਕਤੀ ਸ਼ਾਮਲ ਹਨ। ਕੁਦੁਸੀ ਸਾਲ 2004 ਤੋਂ 2010 ਤੱਕ ਉੜੀਸਾ ਹਾਈ ਕੋਰਟ ਦੇ ਜੱਜ ਰਹੇ ਸਨ। ਉਹਨਾ ਦੱਸਿਆ ਕਿ ਏਜੰਸੀ ਨੇ ਜੱਜ ਦੇ ਘਰ ਸਮੇਤ ਉਸ ਦੇ ਅੱਠ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ ਅਤੇ ਇਸ ਵਿੱਚ ਭੁਵਨੇਸ਼ਵਰ ਅਤੇ ਲਖਨਊ ਵਿੱਚ ਕੀਤੀ ਗਈ ਤਲਾਸ਼ੀ ਵੀ ਸ਼ਾਮਲ ਹੈ। ਸੀ ਬੀ ਆਈ ਦੀ ਐੱਫ ਆਈ ਆਰ ਮੁਤਾਬਕ ਲਖਨਊ ਦੇ ਪ੍ਰਸ਼ਾਦ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਉਹਨਾ 46 ਮੈਡੀਕਲ ਇੰਸਟੀਚਿਊਟਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਸਰਕਾਰ ਨੇ ਬੁਨਿਆਦੀ ਢਾਂਚੇ ਦੀ ਕਮੀ ਕਾਰਨ ਨਵੇਂ ਵਿਦਿਆਰਥੀਆਂ ਨੂੰ ਦਾਖਲਾ ਦੇਣ 'ਤੇ ਰੋਕ ਲਗਾ ਦਿੱਤੀ ਸੀ।