ਹੁਣ 'ਫਲਾਹਾਰੀ ਬਾਬੇ' ਖਿਲਾਫ ਬਲਾਤਕਾਰ ਦਾ ਕੇਸ ਦਰਜ


ਅਲਵਰ (ਨ ਜ਼ ਸ)-ਰਾਜਸਥਾਨ ਦੇ ਆਪੇ ਬਣੇ 'ਬਾਬੇ' ਸੰਤ ਕੋਸ਼ਲੇਂਦਰ 'ਫਲਾਹਾਰੀ' ਮਹਾਰਾਜ ਦੇ ਖਿਲਾਫ ਛੱਤੀਸਗੜ੍ਹ ਦੀ ਇੱਕ ਲੜਕੀ ਨੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਲੜਕੀ ਦੀ ਸ਼ਿਕਾਇਤ 'ਤੇ ਬਾਬੇ ਦੇ ਖਿਲਾਫ ਰੇਪ ਦਾ ਕੇਸ ਦਰਜ ਕੀਤਾ ਹੈ। ਅਲਵਰ ਦੇ ਐੱਸ ਪੀ ਰਾਹੁਲ ਪ੍ਰਕਾਸ਼ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਬਿਲਾਸਪੁਰ ਦੀ ਰਹਿਣ ਵਾਲੀ ਲੜਕੀ ਨੇ ਰੇਪ ਦਾ ਮਾਮਲਾ ਦਰਜ ਕਰਾਇਆ ਹੈ। ਪੀੜਤਾ ਦਾ ਪਰਵਾਰ ਪਹਿਲਾਂ ਤਾਂ ਇਸ ਮਾਮਲੇ 'ਚ ਕਿਸੇ ਵੀ ਕਾਰਵਾਈ ਦਾ ਇਛੁੱਕ ਨਹੀਂ ਸੀ, ਪਰ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਮਿਲਣ ਬਾਅਦ ਉਹਨਾ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਾਉਣ ਦਾ ਫੈਸਲਾ ਕੀਤਾ। ਪੁਲਸ ਨੇ ਦੱਸਿਆ ਕਿ ਬਿਲਾਸਪੁਰ ਪੁਲਸ ਸਟੇਸ਼ਨ 'ਚ ਇੱਕ ਜ਼ੀਰੋ ਐੱਫ ਆਈ ਆਰ ਦਰਜ ਕੀਤੀ ਹੈ। ਇਸ ਦੇ ਬਾਅਦ ਬੁੱਧਵਾਰ ਨੂੰ ਜਾਂਚ ਅਧਿਕਾਰੀ ਅਲਵਰ ਪਹੁੰਚ ਗਏ। ਪੁਲਸ ਦੇ ਪਹੁੰਚਣ ਦੀ ਸੂਚਨਾ ਪਾ ਕੇ ਅਖੌਤੀ ਬਾਬਾ ਹਸਪਤਾਲ 'ਚ ਭਰਤੀ ਹੋ ਗਿਆ। ਹੁਣ ਇਹ ਮਾਮਲਾ ਅਲਵਰ ਦੇ ਅਰਾਵਲੀ ਵਿਹਾਰ ਪੁਲਸ ਸਟੇਸ਼ਨ 'ਚ ਹੈ। ਉਧਰ ਬਾਬੇ ਦੇ ਇੱਕ ਪ੍ਰਸੰਸਕ ਨੇ ਕਿਹਾ ਕਿ ਉਹ ਅਜਿਹੇ ਕਿਸੇ ਮਾਮਲੇ ਦੇ ਬਾਰੇ 'ਚ ਨਹੀਂ ਜਾਣਦੇ। ਮਹਾਰਾਜ ਜੀ ਬਿਮਾਰ ਹਨ ਅਤੇ ਉਹ ਹਾਲੇ ਕਿਸੇ ਨਾਲ ਗੱਲ ਕਰਨ ਦੀ ਸਥਿਤੀ 'ਚ ਨਹੀਂ ਹਨ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, 'ਕਿਉਂਕਿ ਮਾਮਲਾ ਹਾਈ ਪ੍ਰੋਫਾਈਲ ਹੈ, ਇਸ ਲਈ ਪੀੜਤਾ ਦੇ ਪਰਵਾਰ ਨੇ ਸਿੱਧੇ ਛੱਤੀਸਗੜ੍ਹ ਦੇ ਡੀ ਜੀ ਪੀ ਏ ਐੱਨ ਉਪਾਧਿਆਏ ਨਾਲ ਮੁਲਾਕਾਤ ਕੀਤੀ। ਡੀ ਜੀ ਪੀ ਦੇ ਨਿਰਦੇਸ਼ 'ਤੇ ਬਿਲਾਸਪੁਰ ਪੁਲਸ ਨੇ ਜ਼ੀਰੋ ਐੱਚ ਆਈ ਆਰ ਦਰਜ ਕਰਕੇ ਮਾਮਲੇ ਨੂੰ ਅਲਵਰ ਪੁਲਸ ਨੂੰ ਤਬਦੀਲ ਕਰ ਦਿੱਤਾ ਹੈ। ਉਨ੍ਹਾ ਕਿਹਾ ਕਿ ਬਿਲਾਸਪੁਰ 'ਚ ਮੈਜਿਸਟਰੇਟ ਦੇ ਸਾਹਮਣੇ ਲੜਕੀ ਦਾ ਬਿਆਨ ਦਰਜ ਕੀਤਾ ਗਿਆ ਹੈ। ਆਪਣੇ ਬਿਆਨ 'ਚ ਰੇਪ ਪੀੜਤਾ ਨੇ ਦੱਸਿਆ ਕਿ ਉਹ 7 ਅਗਸਤ ਨੂੰ ਬਾਬੇ ਦੇ ਦਿਵਿਆ ਧਾਮ ਆਸ਼ਰਮ 'ਚ ਆਈ ਸੀ, ਜਿੱਥੇ ਉਸ ਨੂੰ ਬਾਬੇ ਦੀ ਸੇਵਾ ਬਦਲੇ ਪਹਿਲੇ ਵੇਤਨ ਦਾ ਆਫਰ ਦਿੱਤਾ ਗਿਆ। ਨਾਲ ਹੀ ਉਸ ਨੂੰ ਰਾਤ ਭਰ ਰੁੱਕਣ ਲਈ ਕਿਹਾ ਗਿਆ। ਇਸੇ ਦੌਰਾਨ ਸ਼ਾਮ 7 ਵਜੇ ਉਸ ਨੂੰ ਬਾਬੇ ਨੇ ਕਮਰੇ 'ਚ ਬੁਲਾਇਆ ਅਤੇ ਉਸ ਦੇ ਨਾਲ ਬਲਾਤਕਾਰ ਕੀਤਾ। ਬਾਬੇ ਨੇ ਕਥਿਤ ਰੂਪ 'ਚ ਇਹ ਧਮਕੀ ਵੀ ਦਿੱਤੀ ਕਿ ਉਸ ਦੇ ਭਗਤ ਰਾਜਨੇਤਾ ਅਤੇ ਸੀਨੀਅਰ ਪੁਲਸ ਅਧਿਕਾਰੀ ਹਨ, ਇਸ ਲਈ ਉਹ ਇਸ ਬਾਰੇ ਕਿਸੇ ਨੂੰ ਵੀ ਕੁਝ ਨਾ ਦੱਸੇ। ਲੜਕੀ ਦਾ ਪਰਵਾਰ ਪਿਛਲੇ 15 ਸਾਲ ਤੋਂ ਬਾਬੇ ਦੇ ਸੰਪਰਕ 'ਚ ਸੀ ਅਤੇ ਕਾਫੀ ਧਨ ਉਸ ਨੂੰ ਦਾਨ ਕਰ ਚੁੱਕਾ ਹੈ।