ਰੋਹਿੰਗਿਆ ਜਿਹਾਦੀ ਸਾਂਝੇ ਦੁਸ਼ਮਣ; ਬੰਗਲਾਦੇਸ਼ ਨੇ ਕਿਹਾ


ਕੋਲਕਾਤਾ (ਨਵਾਂ ਜ਼ਮਾਨਾ ਸਰਵਿਸ)
ਲਸ਼ਕਰ-ਏ-ਤਾਇਬਾ ਸਮੱਰਥਕ ਅਰਾਕਾਨ ਰੋਹਿੰਗਿਆ ਸੈਲਵੇਸ਼ਨ ਆਰਮੀ (ਆਰਸਾ) ਵਰਗੇ ਜਹਾਦੀ ਸੰਗਠਨਾਂ ਨੂੰ ਬੰਗਲਾਦੇਸ਼ ਨੇ ਵੀ ਖਤਰਾ ਮੰਨਦਿਆਂ ਕਿਹਾ ਹੈ ਕਿ ਇਸ ਤਰ੍ਹਾਂ ਦੇ ਰੋਹਿੰਗਿਆ ਜਹਾਦੀ ਸੰਗਠਨ ਉਸ ਦੇ ਅਤੇ ਭਾਰਤ ਤੇ ਮਿਆਂਮਾਰ ਲਈ ਸਾਂਝੇ ਦੁਸ਼ਮਣ ਹਨ।
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਸਿਆਸੀ ਸਲਾਹਕਾਰ ਤੌਫੀਕ ਇਮਾਮ ਨੇ ਰੋਹਿੰਗਿਆ ਮੁੱਦੇ ਨੂੰ ਲੈ ਕੇ ਪਾਕਿਸਤਾਨ 'ਤੇ ਵੀ ਗੰਭੀਰ ਦੋਸ਼ ਲਾਏ ਹਨ। ਤੌਫੀਨ ਨੇ ਕਿਹਾ ਕਿ ਖੁਫੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੀ ਆਈ ਐੱਸ ਆਈ ਰੋਹਿੰਗਿਆ ਮੁੱਦੇ ਦੀ ਵਰਤੋਂ ਮਿਆਂਮਾਰ ਦੇ ਨਾਲ ਲੱਗਦੀ ਸਰਹੱਦ 'ਤੇ ਫਿਰਕੂ ਤਣਾਅ ਵਧਾਉਣ ਲਈ ਕਰ ਰਹੀ ਹੈ।
ਉਹਨਾ ਕਿਹਾ ਕਿ ਅੱਤਵਾਦ ਖਿਲਾਫ ਬੰਗਲਾਦੇਸ਼ ਦੀ ਨੀਤੀ ਜ਼ੀਰੋ ਟਾਲਰੈਂਸ ਵਾਲੀ ਹੈ। ਬੰਗਲਾਦੇਸ਼ ਤੋਂ ਸਰਗਰਮ ਭਾਰਤ ਦੇ ਉੱਤਰ-ਪੂਰਬ ਦੇ ਸਾਰੇ ਅੱਤਵਾਦੀ ਸੰਗਠਨਾਂ ਨੂੰ ਸ਼ੇਖ ਹਸੀਨਾ ਦੀ ਪਿਛਲੀ ਸਰਕਾਰ ਦੌਰਾਨ ਖਤਮ ਕਰ ਦਿੱਤਾ ਸੀ। ਉਹਨਾ ਕਿਹਾ ਕਿ ਅਸੀਂ ਆਰਸਾ ਅਤੇ ਦੂਸਰੇ ਜਹਾਦੀ ਸੰਗਠਨਾਂ ਨਾਲ ਵੀ ਅਜਿਹਾ ਹੀ ਕਰਾਂਗੇ।ਇਮਾਮ ਮੁਤਾਬਕ ਆਰਸਾ ਦਾ ਸੰਬੰਧ ਬੰਗਲਾਦੇਸ਼ 'ਚ ਸਰਗਰਮ ਪ੍ਰਮੁੱਖ ਇਸਲਾਮਿਕ ਅੱਤਵਾਦੀ ਸੰਗਠਨ ਜਮਾਤ-ਉਲ-ਮੁਜਾਹਦੀਨ ਅਤੇ ਲਸ਼ਕਰ-ਏ-ਤਾਇਬਾ ਨਾਲ ਵੀ ਹੈ। ਤੌਫੀਕ ਇਮਾਮ ਨੇ ਇੱਕ ਇੰਟਰਵਿਊ ਵਿੱਚ ਦੱਸਿਆ, ''ਪਾਕਿਸਤਾਨ ਦੀ ਆਈ ਐੱਸ ਆਈ 1969 ਤੋਂ ਹੀ ਰੋਹਿੰਗਿਆ ਵੱਖਵਾਦ ਦਾ ਸਮੱਰਥਨ ਕਰ ਰਹੀ ਹੈ। ਉਦੋਂ ਮੈਂ ਅਣ-ਵੰਡੇ ਪਾਕਿਸਤਾਨ 'ਚ ਸਿਵਲ ਸਰਵੈਂਟ ਸੀ ਅਤੇ ਚਿੱਟਗਾਂਗ 'ਚ ਆਪਣੀਆਂ ਸੇਵਾਵਾਂ ਦੇ ਰਿਹਾ ਸੀ।'' ਇਮਾਮ ਮੁਤਾਬਕ ਆਈ ਐੱਸ ਆਈ ਇੱਕ ਵਾਰ ਫੇਰ ਇਸੇ ਰਣਨੀਤੀ ਨੂੰ ਅਪਨਾ ਕੇ ਦੱਖਣ ਅਤੇ ਦੱਖਣ ਪੂਰਬ ਏਸ਼ੀਆ ਦੇ ਰਣਨੀਤਕ ਤੌਰ 'ਤੇ ਅਹਿਮ ਹਿੱਸੇ 'ਚ ਜਹਾਦ ਦੀ ਜ਼ਮੀਨ ਤਿਆਰ ਕਰ ਰਹੀ ਹੈ। ਇਸੇ ਬਹਾਨੇ ਹਸੀਨਾ ਸਰਕਾਰ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਵੀ ਕੀਤੀ ਜਾ ਰਹੀ ਹੈ। ਉਹਨਾ ਕਿਹਾ ਕਿ ਬੰਗਲਾਦੇਸ਼ ਖੁਫੀਆ ਏਜੰਸੀਆਂ ਦੀਆਂ ਸੂਚਨਾਵਾਂ ਮੁਤਾਬਕ ਆਈ ਐੱਸ ਆਈ ਦੁਰਗਾ ਪੂਜਾ ਦੌਰਾਨ ਫਿਰਕੂ ਤਣਾਅ ਫੈਲਾਉਣ ਲਈ ਰੋਹਿੰਗਿਆ ਦੀ ਵਰਤੋਂ ਕਰ ਸਕਦੀ ਹੈ। ਉਹਨਾ ਦੱਸਿਆ ਕਿ ਮਿਆਂਮਾਰ ਨੂੰ ਰੋਹਿੰਗਿਆ ਜਹਾਦੀਆਂ ਖਿਲਾਫ ਸਾਂਝੀ ਫੌਜੀ ਕਾਰਵਾਈ ਦੀ ਵੀ ਪੇਸ਼ਕਸ਼ ਕਰ ਰੱਖੀ ਹੈ। ਸ਼ੇਖ ਹਸੀਨਾ ਦੇ ਸਿਆਸੀ ਸਲਾਹਕਾਰ ਨੇ ਕਿਹਾ ਕਿ ਰੋਹਿੰਗਿਆ ਸਮੱਸਿਆ ਸਾਡੇ, ਭਾਰਤ ਅਤੇ ਮਿਆਂਮਾਰ ਤਿੰਨਾਂ ਲਈ ਸੁਰੱਖਿਆ ਨਾਲ ਜੁੜੀ ਸਮੱਸਿਆ ਹੈ। ਉਹਨਾ ਅੱਗੇ ਕਿਹਾ ਕਿ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਇੱਕ ਮਾਨਵੀ ਸਮੱਸਿਆ ਹੈ। ਇਹੀ ਵਜ੍ਹਾ ਹੈ ਕਿ ਬੰਗਲਾਦੇਸ਼ ਨੇ ਰੋਹਿੰਗਿਆ ਸ਼ਰਨਾਰਥੀਆਂ ਲਈ ਆਪਣੇ ਦਰਵਾਜ਼ੇ ਖੋਲ੍ਹੇ ਹਨ।