ਆਪ ਉਮੀਦਵਾਰ ਦੇ ਸੁਰੱਖਿਆ ਗਾਰਡ ਨੇ ਵਰ੍ਹਾਈਆਂ ਅੰਨ੍ਹੇਵਾਹ ਗੋਲੀਆਂ


ਪਠਾਨਕੋਟ (ਨਵਾਂ ਜ਼ਮਾਨਾ ਸਰਵਿਸ)
ਫ਼ਿਲਮੀ ਅਦਾਕਾਰ ਵਿਨੋਦ ਖੰਨਾ ਦੀ ਮੌਤ ਹੋ ਜਾਣ ਕਾਰਨ ਵਿਹਲੀ ਹੋਈ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਖੜੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਦੇ ਸੁਰੱਖਿਆ ਗਾਰਡ 'ਤੇ ਸਵੇਰੇ 5 ਵਜੇ ਹੀ ਫ਼ਿਲਮੀ ਖ਼ੁਮਾਰੀ ਸਿਰ ਚੜ੍ਹ ਗਈ। ਪੂਰੇ ਫ਼ਿਲਮੀ ਅੰਦਾਜ਼ ਵਿੱਚ ਉਸ ਨੇ ਖਜੂਰੀਆ ਦੇ ਘਰ ਬਾਹਰ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ।
ਅੱਜ ਸਵੇਰੇ ਤਕਰੀਬਨ 5 ਵਜੇ ਪਠਾਨਕੋਟ ਦੀ ਡਿਫੈਂਸ ਰੋਡ 'ਤੇ ਰਹਿੰਦੇ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਸੁਰੇਸ਼ ਖਜੂਰੀਆ ਦੀ ਸੁਰੱਖਿਆ ਵਿੱਚ ਤਾਇਨਾਤ ਪੁਲਸ ਮੁਲਾਜ਼ਮ ਆਪੇ ਤੋਂ ਬਾਹਰ ਹੋ ਗਿਆ। ਉਸ ਨੇ ਆਪਣੇ ਪਿਸਤੌਲ 'ਚੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪ੍ਰਤੱਖ ਦਰਸ਼ੀਆਂ ਮੁਤਾਬਕ ਉਹ ਨਸ਼ੇ ਵਿੱਚ ਲੱਗਦਾ ਸੀ। ਉਸ ਨੇ ਆਪਣੇ ਪਿਸਤੌਲ ਦੇ ਮੈਗਜ਼ੀਨ ਦੀਆਂ 20 ਗੋਲੀਆਂ ਖ਼ਤਮ ਕਰਕੇ ਹੀ ਫ਼ਾਇਰ ਕਰਨੇ ਬੰਦ ਕੀਤੇ।
ਸਵੇਰ ਦਾ ਸਮਾਂ ਹੋਣ ਕਾਰਨ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਕਈ ਲੋਕਾਂ ਦੇ ਘਰ ਤੇ ਕਾਰਾਂ ਦਾ ਕਾਫੀ ਨੁਕਸਾਨ ਹੋ ਗਿਆ। ਘਟਨਾ ਕਾਰਨ ਮੁਹੱਲੇ ਵਿੱਚ ਦਹਿਸ਼ਤ ਪਸਰ ਗਈ ਤੇ ਕੋਈ ਬਾਹਰ ਨਾ ਨਿਕਲਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ।ਘਟਨਾ ਸਮੇਂ ਖਜੂਰੀਆ ਆਪਣੇ ਪਰਵਾਰ ਸਮੇਤ ਘਰੋਂ ਬਾਹਰ ਸਨ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲੇ ਤੱਕ ਇਹ ਸਮਝ ਵਿੱਚ ਨਹੀਂ ਆਇਆ ਕਿ ਉਸ ਗਾਰਡ ਨੇ ਅਜਿਹਾ ਕਿਉਂ ਕੀਤਾ। ਇੱਕ ਪੁਲਸ ਮੁਲਾਜ਼ਮ ਦਾ ਇੰਝ ਆਪਣੇ ਆਪ 'ਤੇ ਕਾਬੂ ਗੁਆ ਦੇਣਾ ਵਿਭਾਗ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ ਕਰਦਾ ਹੈ।