ਤੇਲ ਦੀ ਕਮਾਈ ਨਾਲ ਈ ਤਾਂ ਕੰਮ ਸਾਰਿਆ ਜਾ ਰਿਹੈ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਵਿੱਤ ਮੰਤਰਾਲੇ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਕੇਂਦਰ ਸਰਕਾਰ ਆਰਥਿਕ ਸੁਸਤੀ ਨਾਲ ਨਿਪਟਣ ਲਈ 50 ਹਜ਼ਾਰ ਕਰੋੜ ਰੁਪਏ ਦੇ ਖਰਚੇ ਦੀ ਯੋਜਨਾ ਬਣਾ ਰਹੀ ਹੈ। ਜ਼ਿਕਰਯੋਗ ਹੈ ਕਿ ਕੱਲ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਸੀ ਕਿ ਸਰਕਾਰ ਆਰਥਿਕ ਹਾਲਤ ਸੁਧਾਰਨ ਲਈ ਨਵੇਂ ਤਰੀਕਿਆਂ 'ਤੇ ਧਿਆਨ ਦੇ ਰਹੀ ਹੈ। ਉਹ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਘੱਟ ਕਰਨ ਲਈ ਐਕਸਾਈਜ਼ ਡਿਊਟੀ 'ਚ ਕਟੌਤੀ ਦਾ ਬਦਲ ਨਕਾਰ ਚੁੱਕੇ ਹਨ। ਉਨ੍ਹਾ ਦੀ ਦਲੀਲ ਹੈ ਕਿ ਸਰਕਾਰ ਨੂੰ ਜਨਤਕ ਖਰਚੇ ਵਧਾਉਣ ਲਈ ਮਾਲੀਏ ਦੀ ਜ਼ਰੂਰਤ ਹੈ ਅਤੇ ਮਾਲੀਏ ਤੋਂ ਬਿਨਾਂ ਵਾਧਾ ਦਰ 'ਤੇ ਅਸਰ ਪਵੇਗਾ। ਉਨ੍ਹਾ ਕਿਹਾ ਕਿ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਸਰਕਾਰ ਚਲਾਉਣ ਲਈ ਪੈਸੇ ਦੀ ਲੋੜ ਹੈ। ਵਿੱਤ ਮੰਤਰੀ ਦੇ ਬਿਆਨ ਤੋਂ ਸਾਫ਼ ਹੈ ਕਿ ਅਰਥ ਵਿਵਸਥਾ ਲੀਹ 'ਤੇ ਨਹੀਂ ਹੈ। ਜੀ ਡੀ ਪੀ ਵਿਕਾਸ ਦਰ ਅਪ੍ਰੈਲ-ਜੂਨ ਤਿਮਾਹੀ 'ਚ ਤਿੰਨ ਸਾਲ ਦੇ ਹੇਠਲੇ ਪੱਧਰ 5.7 ਪ੍ਰਤੀਸ਼ਤ 'ਤੇ ਪੁੱਜ ਗਈ ਹੈ। ਬੁੱਧਵਾਰ ਨੂੰ ਇੱਕ ਟਵੀਟ ਰਾਹੀਂ ਵਿੱਤ ਮੰਤਰਾਲੇ ਨੇ ਦਸਿਆ ਸੀ ਕਿ ਨਿੱਜੀ ਨਿਵੇਸ਼ ਵੀ ਬਹੁਤ ਘੱਟ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਕਿਹਾ ਸੀ ਕਿ ਪ੍ਰਾਈਵੇਟ ਸੈਕਟਰ 'ਚ ਨਿਵੇਸ਼ ਧੜਾਮ ਹੈ ਅਤੇ ਅਰਥ ਵਿਵਸਥਾ ਸਿਰਫ਼ ਜਨਤਕ ਖਰਚੇ ਦੇ ਭਰੋਸੇ ਚੱਲ ਰਹੀ ਹੈ।
ਸੂਤਰਾਂ ਅਨੁਸਾਰ ਅਰਥ ਵਿਵਸਥਾ ਦੀ ਬੁਰੀ ਹਾਲਤ 'ਚ ਸਰਕਾਰ ਦਾ ਖ਼ਜ਼ਾਨਾ ਪੈਟਰੋਲੀਅਮ ਉਤਪਾਦਾਂ ਦੇ ਸਹਾਰੇ ਹੀ ਚੱਲ ਰਿਹਾ ਹੈ ਅਤੇ ਕੁਝ ਦਿਨ ਪਹਿਲਾਂ ਪੈਟਰੋਲ ਅਤੇ ਡੀਜ਼ਲ ਦੇ ਭਾਅ ਤਿੰਨ ਸਾਲਾਂ ਦੇ ਸਿਖਰਲੇ ਪੱਧਰ 'ਤੇ ਪੁੱਜ ਗਏ ਸਨ, ਜਦਕਿ ਕੌਮਾਂਤਰੀ ਬਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਘਟ ਕੇ ਅੱਧੀਆਂ ਰਹਿ ਗਈਆਂ ਹਨ ਅਤੇ ਮਾਲੀਏ ਦੀ ਕਮੀ ਨੂੰ ਪੂਰਾ ਕਰਨ ਦਾ ਕੰਮ ਪੈਟਰੋਲੀਅਮ ਉਤਪਾਦਕਾਂ ਤੋਂ ਮਿਲਣ ਵਾਲੀ ਐਕਸਾਈਜ਼ ਡਿਊਟੀ ਨਾਲ ਹੀ ਹੋ ਰਿਹਾ ਹੈ। ਵਿੱਤੀ ਸਾਲ 2013 'ਚ ਐਕਸਾਈਜ਼ ਡਿਊਟੀ ਪ੍ਰਾਪਤੀ 'ਚ ਪੈਟਰੋਲ ਤੇ ਡੀਜ਼ਲ ਦਾ ਹਿੱਸਾ 26 ਫ਼ੀਸਦੀ ਸੀ, ਜਿਹੜਾ ਵਿੱਤੀ ਸਾਲ 2016 'ਚ 54 ਫ਼ੀਸਦੀ 'ਤੇ ਪਹੁੰਚ ਚੁੱਕਾ ਹੈ। ਸੱਤਾਧਾਰੀ ਭਾਜਪਾ ਦੇ ਆਈ ਟੀ ਸੈਲ ਦੇ ਮੁਖੀ ਆਮਿਤ ਮਾਲਵੀਆ ਨੇ ਪੈਟਰੋਲੀਅਮ ਮੰਤਰਾਲੇ ਦੇ ਡਾਟਾ ਨੂੰ ਟਵੀਟ ਕਰਦਿਆਂ ਕਿਹਾ ਕਿ ਪੈਟਰੋਲੀਅਮ ਉਤਪਾਦਾਂ ਨਾਲ ਕੇਂਦਰ ਤੋਂ ਜ਼ਿਆਦਾ ਫਾਇਦਾ ਸੂਬਾ ਸਰਕਾਰਾਂ ਦੇ ਮਾਲੀਏ ਦਾ ਹੁੰਦਾ ਹੈ। ਉਨ੍ਹਾ ਕਿਹਾ ਕਿ ਐਕਸਾਈਜ਼ ਡਿਊਟੀ ਤੋਂ ਪ੍ਰਾਪਤ ਹੋਣ ਵਾਲੇ ਮਾਲੀਏ 'ਚ ਵਾਧਾ ਹੋਇਆ ਹੈ।
ਸੂਤਰਾਂ ਅਨੁਸਾਰ ਸਰਕਾਰ ਵਿਨਿਵੇਸ਼ ਰਾਹੀਂ ਵੀ ਮਾਲੀਆ ਵਧਾਉਣ 'ਤੇ ਜ਼ੋਰ ਦੇ ਰਹੀ ਹੈ ਅਤੇ ਸਰਕਾਰ ਦੇਸ਼ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ 50 ਹਜ਼ਾਰ ਕਰੋੜ ਰੁਪਏ ਦੇ ਖ਼ਰਚ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਆਰਥ ਵਿਵਸਥਾ ਨੂੰ ਲੀਹ 'ਤੇ ਲਿਆਂਦਾ ਜਾ ਸਕੇ।