ਕੰਬਾਈਨ ਬਿਜਲੀ ਦੀਆਂ ਤਾਰਾਂ ਨਾਲ ਟਕਰਾਈ, ਡਰਾਈਵਰ ਦੀ ਮੌਤ


ਝਬਾਲ (ਨਰਿੰਦਰ ਦੋਦੇ)
ਬੀਤੇ ਦਿਨ ਪਿੰਡ ਕਸੇਲ ਵਿਖੇ ਕੰਬਾਈਨ ਨਾਲ ਝੋਨਾ ਵੱਢਦਿਆਂ ਕੰਬਾਈਨ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਨਾਲ ਕਰੰਟ ਕੰਬਾਈਨ ਵਿੱਚ ਆ ਗਿਆ, ਜਿਸ ਕਾਰਨ ਕੰਬਾਈਨ ਚਲਾ ਰਹੇ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ 'ਤੇ ਗੁੱਸੇ 'ਚ ਆਏ ਘਰ ਵਾਲਿਆਂ ਨੇ ਇਸ ਘਟਨਾ ਦਾ ਬਿਜਲੀ ਮਹਿਕਮੇ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਮ੍ਰਿਤਕ ਦੀ ਲਾਸ਼ ਨੂੰ ਬਿਜਲੀ ਘਰ ਸਰਾਏ ਅਮਾਨਤ ਖਾਂ ਦੇ ਦਫਤਰ ਅੱਗੇ ਰੱਖ ਕੇ ਬੀਤੇ ਸ਼ੁੱਕਰਵਾਰ ਦੀ ਦੇਰ ਸ਼ਾਮ ਤੋਂ ਅਗਲੇ ਦਿਨ ਦੇਰ ਸ਼ਾਮ ਤੱਕ ਤਕਰੀਬਨ 24 ਘੰਟੇ ਤੋਂ ਵੱਧ ਸਮਾਂ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਗਈ ਕਿ ਮ੍ਰਿਤਕ ਦੇ ਪਰਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ 10 ਲੱਖ ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣ। ਇਸ ਧਰਨੇ ਵਿੱਚ ਮ੍ਰਿਤਕ ਪਰਵਾਰ ਨਾਲ ਹੋਰਨਾਂ ਜਥੇਬੰਦੀਆਂ ਨੇ ਸਾਥ ਦਿੱਤਾ, ਜਿਸ ਵਿੱਚ ਕੰਬਾਈਨ ਸੰਘਰਸ਼ ਕਮੇਟੀ ਬਲਾਕ ਗੰਡੀਵਿੰਡ ਤਰਨ ਤਾਰਨ, ਕਿਸਾਨ ਸੰਘਰਸ਼ ਕਮੇਟੀ ਅਤੇ ਹੋਰ ਵੀ ਜਥੇਬੰਦੀਆਂ ਸ਼ਾਮਿਲ ਸਨ। ਪ੍ਰਾਪਤ ਜਾਣਕਾਰੀ ਮੁਤਾਬਿਕ ਪਿੰਡ ਕਸੇਲ ਵਿਖੇ ਸਤਨਾਮ ਸਿੰਘ ਪੁੱਤਰ ਕਸ਼ਮੀਰ ਸਿੰਘ ਸਿੱਖ ਵਾਸੀ ਨੱਥੂਪੁਰਾ ਕੰਬਾਈਨ ਨਾਲ ਪ੍ਰਦੀਪ ਸਿੰਘ ਪੁੱਤਰ ਰਣਧੀਰ ਸਿੰਘ ਦੇ ਖੇਤਾਂ ਵਿੱਚ ਝੋਨੇ ਦੀ ਕਟਾਈ ਕਰ ਰਿਹਾ ਸੀ ਕਿ ਕੰਬਾਈਨ ਉਪਰੋਂ ਲੰਘਦੀਆਂ 11 ਕੇ. ਵੀ. ਦੀਆਂ ਤਾਰਾਂ ਢਿੱਲੀਆਂ ਹੋਣ ਕਾਰਨ ਤਾਰਾਂ ਨਾਲ ਟਕਰਾ ਗਈ। ਕੰਬਾਇਨ 'ਚ ਕਰੰਟ ਆਉਣ ਕਾਰਨ ਕੰਬਾਈਨ ਚਲਾ ਰਹੇ ਸਤਨਾਮ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ, ਐੱਸ. ਡੀ. ਐੱਮ. ਮੈਡਮ ਅਮਨਦੀਪ ਕੌਰ, ਬਿਜਲੀ ਮਹਿਕਮੇ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਤੇ ਪਰਵਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਪਰਵਾਰ ਨੇ ਧਰਨਾ ਲਗਾਤਾਰ ਜਾਰੀ ਰੱਖਿਆ। ਸਵੇਰੇ ਐੱਸ. ਡੀ. ਐੱਮ. ਮੈਡਮ ਅਮਨਦੀਪ ਕੌਰ, ਡੀ. ਐੱਸ. ਪੀ. ਸਿਟੀ ਪਿਆਰਾ ਸਿੰਘ, ਐੱਸ. ਡੀ. ਐੱਮ. ਪੱਟੀ ਸੁਰਿੰਦਰ ਸਿੰਘ, ਥਾਣਾ ਮੁਖੀ ਸਰਾਏ ਅਮਾਨਤ ਖਾਂ ਸੁਖਵਿੰਦਰ ਸਿੰਘ, ਨਾਇਬ ਤਹਿਸੀਲਦਾਰ ਜਗਮੋਹਣ ਸਿੰਘ, ਬਿਜਲੀ ਬੋਰਡ ਦੇ ਐਕਸੀਅਨ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮ੍ਰਿਤਕ ਦੇ ਘਰ ਵਾਲਿਆਂ ਨਾਲ ਗੱਲਬਾਤ ਕਰਨੀ ਚਾਹੀ।
ਪਰ ਉਹ ਸਫ਼ਲ ਨਾ ਹੋਏ। ਅਖੀਰ ਸ਼ਾਮ 6.30 ਵਜੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਐੱਸ ਡੀ ਐੱਮ ਅਮਨਦੀਪ ਕੌਰ ਨੇ ਪਰਵਾਰ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ। ਉਨ੍ਹਾਂ ਮੌਕੇ 'ਤੇ ਪੀੜਤ ਪਰਵਾਰ ਨੂੰ 50 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦਿੱਤੇ। ਦੋ ਲੱਖ ਰੁਪਏ ਮ੍ਰਿਤਕ ਦੇ ਭੋਗ ਵਾਲੇ ਦਿਨ ਦੇਣ ਦਾ ਭਰੋਸਾ ਦਿਵਾਇਆ, ਜਦੋਂਕਿ ਤਿੰਨ ਲੱਖ ਰੁਪਏ ਪਾਵਰਕਾਮ ਵੱਲੋਂ ਦਿੱਤੇ ਜਾਣ ਦਾ ਭਰੋਸਾ ਦਿਵਾਇਆ। ਪੀੜਤ ਪਰਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਬਾਰੇ ਇਹ ਭਰੋਸਾ ਦਿੱਤਾ ਗਿਆ ਕਿ ਜਿਹੜੀ ਵੀ ਨੌਕਰੀ ਦੀ ਨਵੀਂ ਅਸਾਮੀ ਨਿਕਲੀ, ਮ੍ਰਿਤਕ ਦੇ ਛੋਟੇ ਭਰਾ ਨੂੰ ਪਹਿਲ ਦੇ ਆਧਾਰ 'ਤੇ ਨੌਕਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਸ ਹਾਦਸੇ ਦੀ ਜਾਂਚ ਲਈ ਇਕ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ, ਜਿਸ ਦੀ ਰਿਪੋਰਟ ਆਉਣ 'ਤੇ ਸੰਬੰਧਤ ਦੋਸ਼ੀ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।