ਕਾਮਰੇਡ ਵਾਸਦੇਵ ਗਿੱਲ ਦੇ ਦਿਹਾਂਤ ਨਾਲ ਗਹਿਰਾ ਸਦਮਾ : ਅਰਸ਼ੀ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)-ਜ਼ਿਲ੍ਹਾ ਫਿਰੋਜ਼ਪੁਰ ਤੋਂ ਲੰਮਾ ਸਮਾਂ ਪੰਜਾਬ ਦੀ ਅਧਿਆਪਕ ਲਹਿਰ ਅਤੇ ਪ ਸ ਸ ਫ ਦੇ ਸੂਬਾਈ ਆਗੂ ਰਹੇ ਅਤੇ ਅੱਜ-ਕੱਲ੍ਹ ਸੀ ਪੀ ਆਈ ਦੀ ਸੂਬਾ ਕੌਂਸਲ ਦੇ ਮੈਂਬਰ ਅਤੇ ਕਿਸਾਨ ਸਭਾ ਦੇ ਮੀਤ ਪ੍ਰਧਾਨ ਕਾਮਰੇਡ ਵਾਸਦੇਵ ਗਿੱਲ ਦੇ ਦਿਹਾਂਤ ਉਤੇ ਸੂਬਾ ਪਾਰਟੀ ਨੇ ਗਹਿਰਾ ਸਦਮਾ ਪ੍ਰਗਟ ਕੀਤਾ।
ਸੀ ਪੀ ਆਈ ਦੀ ਪੰਜਾਬ ਸੂਬਾ ਕੌਂਸਲ ਦੇ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ ਨੇ ਪਾਰਟੀ ਵੱਲੋਂ ਸਾਥੀ ਵਾਸਦੇਵ ਗਿੱਲ ਦੇ ਦਿਹਾਂਤ ਉਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਾਥੀ ਵਾਸਦੇਵ ਗਿੱਲ ਨੇ ਸਾਰੀ ਉਮਰ ਪਾਰਟੀ ਦੇ ਕਾਜ ਨੂੰ ਦਿਆਨਤਦਾਰੀ ਅਤੇ ਪ੍ਰਤੀਬੱਧਤਾ ਨਾਲ ਸਮਰਪਿਤ ਕੀਤੀ। ਪਹਿਲਾਂ ਅਧਿਆਪਕ ਆਗੂ ਵਜੋਂ ਅਤੇ ਸੇਵਾ-ਮੁਕਤ ਹੋਣ ਮਗਰੋਂ ਕਿਸਾਨ ਸਭਾ ਅਤੇ ਪਾਰਟੀ ਦੇ ਮੋਰਚੇ ਉਤੇ ਸਿਦਕਦਿਲੀ ਅਤੇ ਦ੍ਰਿੜ੍ਹਤਾ ਨਾਲ ਕੰਮ ਕਰਦਿਆਂ ਉਹ ਜ਼ਿਲ੍ਹਾ ਫਿਰੋਜ਼ਪੁਰ ਪਾਰਟੀ ਵਿਚ ਅੱਜ-ਕੱਲ੍ਹ ਜ਼ਿਲ੍ਹਾ ਸਕੱਤਰ ਸਾਥੀ ਕਸ਼ਮੀਰ ਸਿੰਘ ਨਾਲ ਸਰਗਰਮ ਜ਼ਿਲ੍ਹਾ ਲੀਡਰਸ਼ਿਪ ਦੇ ਮੈਂਬਰ ਸਨ।
ਸਾਥੀ ਵਾਸਦੇਵ ਕੈਂਸਰ ਤੋਂ ਪੀੜਤ ਸਨ, ਫਿਰ ਵੀ ਉਹ ਆਖਰੀ ਸਮੇਂ ਤੱਕ ਪਾਰਟੀ ਦੇ ਸੱਦੇ ਉਤੇ ਸਰਗਰਮ ਰਹੇ। ਉਨ੍ਹਾ ਆਪਣੇ ਜੀਵਨ ਕਾਲ ਵਿਚ ਅਨੇਕਾਂ ਹੜਤਾਲਾਂ, ਘੋਲਾਂ ਵਿਚ ਹਿੱਸਾ ਲਿਆ ਅਤੇ ਜੇਲ੍ਹ ਯਾਤਰਾਵਾਂ ਕੀਤੀਆਂ। ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰਨੀ, ਜਿਸ ਦੀ ਮੀਟਿੰਗ ਲੁਧਿਆਣਾ ਰੈਲੀ ਦੀ ਤਿਆਰੀ ਲਈ ਸਾਥੀ ਹਰਦੇਵ ਸਿੰਘ ਅਰਸ਼ੀ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ, ਨੇ ਮੀਟਿੰਗ ਦੇ ਆਰੰਭ ਵਿਚ ਸਾਥੀ ਵਾਸਦੇਵ ਗਿੱਲ ਨੂੰ ਦੋ-ਮਿੰਟ ਦਾ ਮੌਨ ਖੜੇ ਹੋ ਕੇ ਸ਼ਰਧਾਂਜਲੀ ਅਰਪਿਤ ਕੀਤੀ, ਜਿਨ੍ਹਾਂ ਦੇ ਜਾਣ ਨਾਲ ਪਾਰਟੀ ਅਤੇ ਅਗਾਂਹਵਧੂ ਲਹਿਰ ਨੂੰ ਵੱਡਾ ਘਾਟਾ ਪਿਆ ਹੈ।
ਮੀਟਿੰਗ ਵਿਚ ਸਾਥੀ ਵਾਸਦੇਵ ਗਿੱਲ ਨੂੰ ਸ਼ਰਧਾ ਦੇ ਫੁੱਲ ਦੇਣ ਵਾਲਿਆਂ, ਪਰਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੀ ਪਾਰਟੀ ਨਾਲ ਦੁੱਖ ਵੰਡਾਉਣ ਵਾਲਿਆਂ ਵਿਚ ਸੂਬਾ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ ਨਾਲ ਸਕੱਤਰੇਤ ਮੈਂਬਰ ਸਾਥੀ ਗੁਰਨਾਮ ਕੰਵਰ, ਜ਼ਿਲ੍ਹਾ ਆਗੂ ਡੀ ਪੀ ਮੌੜ, ਡਾਕਟਰ ਅਰੁਣ ਮਿਤਰਾ, ਗੁਲਜ਼ਾਰ ਗੋਰੀਆ, ਡਾਕਟਰ ਗੁਲਜ਼ਾਰ ਪੰਧੇਰ, ਸਾਥੀ ਅਵਤਾਰ ਗਿੱਲ, ਸਾਥੀ ਰਮੇਸ਼ ਰਤਨ, ਸਾਥੀ ਗੁਰਨਾਮ ਗਿੱਲ, ਬੀਬੀ ਜੀਤ ਕੁਮਾਰੀ ਅਤੇ ਦੂਜੇ ਸਾਥੀ ਸ਼ਾਮਲ ਸਨ।