Latest News

ਧਰਮ ਤੇ ਨਸਲਵਾਦ ਦੇ ਨਾਂਅ‘'ਤੇ ਦੇਸ਼ ਨੂੰ ਵੰਡਣ ਲਈ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਸਭ ਤੋਂ ਵੱਡਾ ਖਤਰਾ : ਮਨਪ੍ਰੀਤ ਬਾਦਲ

Published on 23 Sep, 2017 11:12 AM.


ਫਰੀਦਕੋਟ (ਐਲਿਗਜ਼ੈਂਡਰ ਡਿਸੂਜਾ)
ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੇ ਮੌਕੇ ਕਰਵਾਈਆਂ ਜਾ ਰਹੀਆਂ ਪੇਡੂ ਖੇਡਾਂ ਅਤੇ ਸੱਭਿਆਚਾਰਕ ਸਮਾਗਮ ਵਿਚ ਅੱਜ ਮੁੱਖ ਮਹਿਮਾਨ ਦੇ ਤੌਰ‘'ਤੇ ਪੁਹੰਚੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਸ਼ੇਖ ਫਰੀਦ ਜੇਕਰ ਦੁਨੀਆ 'ਤੇ ਨਾ ਆਉਂਦੇ ਤਾਂ ਦੁਨੀਆ ਅਧੁਰੀ ਰਹਿ ਜਾਂਦੀ, ਇਹ ਸਮਜਿਕ ਤਾਣੇ-ਬਾਣੇ ਵਿਚ ਕਿਸੇ ਦੀ ਇੱਜ਼ਤ ਨਾ ਹੰਦੀ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਜੀ ਨੇ ਹੀ ਲੋਕਾਂ ਨੂੰ ਮਾਨਵਤਾ ਦਾ ਸੰਦੇਸ਼ ਦਿੱਤਾ, ਜਿਸ ਨਾਲ ਅਧੂਰੇ ਸਮਾਜਿਕ ਰੰਗ ਪੂਰੇ ਹੋ ਗਏ।
ਸ. ਬਾਦਲ ਨੇ ਅੱਗੇ ਕਿਹਾ ਕਿ ਅੱਜ ਸਾਡੇ ਦੇਸ਼ ਦੇ ਸਾਹਮਣੇ ਸਭ ਤੋਂ ਵੱਡਾ ਖਤਰਾ ਧਰਮ ਅਤੇ ਨਸਲਵਾਦ ਦੇ ਨਾਂਅ‘'ਤੇ ਦੇਸ਼ ਨੂੰ ਵੰਡਣ ਲਈ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਤੋਂ ਹੈ।ਇਸ ਮੌਕੇ ਉਨ੍ਹਾਂ ਪੰਜਾਬੀਆਂ ਨੂੰ ਨਸਲ, ਧਰਮ, ਜਾਤ ਅਤੇ ਰੰਗ ਭੇਦ ਦੇ ਨਾਂਅ‘'ਤੇ ਪਾਈਆਂ ਜਾ ਰਹੀਆਂ ਵੰਡੀਆਂ ਦੇ ਖਿਲਾਫ ਇੱਕਜੁਟ ਹੋ ਕੇ ਮੁਕਾਬਲਾ ਕਰਨ ਦਾ ਸੱਦਾ ਦਿੱਤਾ ਤਾਂ ਜੋ ਦੇਸ਼ ਨੂੰ ਵੰਡਣ ਲਈ ਕੀਤੀਆਂ ਜਾ ਰਹੀਆਂ ਕੋਝੀਆਂ ਸਾਜ਼ਿਸ਼ਾਂ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਫਰੀਦਕੋਟ ਜ਼ਿਲ੍ਹਾ ਵਾਸੀਆਂ ਲਈ ਭੇਜੇ ਸੰਦੇਸ਼ ਵਿਚ ਕਿਹਾ ਕਿ ਫਰੀਦਕੋਟ ਜ਼ਿਲ੍ਹੇ ਦੇ ਸਾਰੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਮਨਪ੍ਰੀਤ ਸਿੰਘ ਬਾਦਲ ਨੇ ਪਿਛਲੀਆਂ ਸਰਕਾਰਾਂ ਦੀ ਕਾਰਜਸ਼ੈਲੀ ‘'ਤੇ ਕਟਾਕਸ਼ ਕਰਦਿਆਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਸਭ ਤੋਂ ਵੱਡੀ ਤਵੱਜੋ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ ਦਿੱਤੀ ਜਾ ਰਹੀ ਹੈ ਤਾਂ ਜੋ ਪੰਜਾਬੀਆਂ ਦੇ ਪਰਵਾਰਾਂ ਦੀ ਆਮਦਨ ਵਿਚ ਵਾਧਾ ਹੋ ਸਕੇ।
ਸ. ਬਾਦਲ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੱਭਿਆਚਾਰਕ ਅਤੇ ਖੇਡ ਮੇਲਿਆਂ ਲਈ 50 ਕਰੋੜ ਦੀ ਰਕਮ ਰਾਖਵੀਂ ਰੱਖੀ ਗਈ ਹੈ।ਇਸ ਦੇ ਨਾਲ ਉਨ੍ਹਾਂ ਨੇ ਐਲਾਨ ਕੀਤਾ ਕਿ ਫਰੀਦਕੋਟ ਮੇਲੇ ਦਾ ਸਾਰਾ ਖਰਚ ਪੰਜਾਬ ਸਰਕਾਰ ਵਲੋਂ ਉਠਾਇਆ ਜਾਵੇਗਾ।
ਇਸ ਮੌਕੇ ਫਰੀਦਕੋਟ ਹਲਕੇ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਫਰੀਦਕੋਟ ਜ਼ਿਲ੍ਹੇ ਅਤੇ ਹਲਕੇ ਦੀਆਂ ਕੁਝ ਮੰਗਾਂ ਬਾਰੇ ਧਿਆਨ ਦਿਵਾਉਣ‘ਤੇ ਇਨ੍ਹਾਂ ਨੂੰ ਪੂਰਾ ਕਰਨ ਦਾ ਐਲਾਨ ਕੀਤਾ।
ਖਜ਼ਾਨਾ ਮੰਤਰੀ ਨੇ ਐਲਾਨ ਕੀਤਾ ਕਿ ਫਰੀਦਕੋਟ ਸ਼ਹਿਰ ਦੇ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੇ ਰੁਕੇ ਹੋਏ ਪ੍ਰੋਜੈਕਟ ਨੂੰ ਪੂਰਾ ਕਰਨ ਲਈ 87 ਕਰੋੜ ਰੁਪਏ ਦੀ ਰਾਸ਼ੀ ਸਰਕਾਰ ਵਲੋਂ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ 90 ਕਰੋੜ ਦੇ ਇਸ ਪ੍ਰੋਜੈਕਟ ਲਈ ਪਹਿਲਾਂ ਸਿਰਫ ਤਿੰਨ ਕਰੋੜ ਰੁਪਏ ਹੀ ਜਾਰੀ ਕੀਤੇ ਗਏ ਸਨ। ਉਨ੍ਹਾਂ ਨੇ ਨਾਲ ਹੀ ਫਰੀਦਕੋਟ ਜ਼ਿਲ੍ਹੇ ਵਿਚ ਕੱਚੇ ਖਾਲਿਆਂ ਨੂੰ ਪੱਕਾ ਕਰਨ ਲਈ ਬਣਦੀ 40 ਕਰੋੜ ਦੇ ਕਰੀਬ ਰਕਮ ਜਾਰੀ ਕਰਨ ਦਾ ਐਲਾਨ ਕੀਤਾ।
ਸ. ਬਾਦਲ ਨੇ ਇਸ ਮੌਕੇ ਫਰੀਦਕੋਟ ਸ਼ਹਿਰ ਦੇ ਸੁੰਦਰੀਕਰਨ ਲਈ ਵੱਡਾ ਪਾਰਕ ਬਣਾਉਣ ਅਤੇ ਸਾਰੇ ਸ਼ਹਿਰ ਵਿਚ ਸ਼ਟਰੀਟ ਲਾਈਟਾਂ ਲਗਾਉਣ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦੇਣ ਦਾ ਵੀ ਐਲਾਨ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਕੁਸ਼ਲਦੀਪ ਸਿੰਘ ਢਿੱਲੋਂ ਵਿਧਾਇਕ, ਸ੍ਰੀ ਰਾਜੀਵ ਪ੍ਰਾਸ਼ਰ ਡਿਪਟੀ ਕਮਿਸ਼ਨਰ, ਡਾ. ਨਾਨਕ ਸਿੰਘ ਐਸ.ਐਸ.ਪੀ, ਡਾ. ਰਾਜ ਬਹਾਦਰ ਵਾਈਸ ਚਾਂਸਲਰ, ਸ੍ਰੀ ਸੁਨੀਲ ਸ਼ਰਮਾ ਜ਼ਿਲ੍ਹਾ ਖੇਡ ਅਫਸਰ, ਸ੍ਰੀ ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਸ੍ਰੀ ਸੁਰਿੰਦਰ ਗੁਪਤਾ ਸੀਨੀਅਰ ਕਾਂਗਰਸ ਆਗੂ, ਸ੍ਰੀ ਜਸਵੀਰ ਜੱਸੀ ਸਟੇਜ ਸਕੱਤਰ, ਜਸਵੰਤ ਸਿੰਘ ਕੁੱਲ ਸੀਨੀਅਰ ਕਾਂਗਰਸ ਆਗੂ, ਮਿਊਂਸਪਲ ਕੌਂਸਲਰ, ਪੰਚ ਸਰਪੰਚ ਅਤੇ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।

4377 Views

e-Paper