ਸ਼ਬੀਰ ਸ਼ਾਹ ਨੇ ਮੰਨੀ ਹਾਫ਼ਿਜ਼ ਸਈਦ ਨਾਲ ਸੰਬੰਧਾਂ ਦੀ ਗੱਲ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਇਨਫੋਰਸਮੈਂਟ ਡਾਇਰੈਕਟੋਰੇਟ ਦੀ ਪੁੱਛਗਿੱਛ 'ਚ ਜੰਮੂ-ਕਸ਼ਮੀਰ ਦੇ ਵੱਖਵਾਦੀ ਆਗੂ ਸ਼ਬੀਰ ਸ਼ਾਹ ਨੇ ਅਹਿਮ ਖੁਲਾਸੇ ਕੀਤੇ ਹਨ। ਸੁਬੀਰ ਸ਼ਾਹ ਨੇ ਮੰਨਿਆ ਕਿ ਉਹ ਕੌਮਾਂਤਰੀ ਅੱਤਵਾਦੀ ਅਤੇ ਭਾਰਤ 'ਚ 26/11 ਦੇ ਮੁੰਬਈ ਹਮਲੇ ਦੇ ਮੁੱਖ ਦੋਸ਼ੀ ਹਾਫਿਜ਼ ਸਈਦ ਦੇ ਲਗਾਤਾਰ ਸੰਪਰਕ 'ਚ ਸੀ। ਈ ਡੀ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਸ਼ਬੀਰ ਦਾ ਪਾਰਟੀ ਦਾ ਵੈਬਸਾਈਟ ਐਡਰੈਸ ਵੀ ਪਾਕਿਸਤਾਨ ਦਾ ਹੈ ਅਤੇ ਪਾਰਟੀ ਦੇ ਦੋ ਦਫ਼ਤਰ ਵੀ ਪਾਕਿਸਤਾਨ 'ਚ ਹਨ। ਪਾਕਿਸਤਾਨ ਤੋਂ ਅੱਤਵਾਦੀ ਸਰਗਰਮੀਆਂ ਆਉਣ ਵਾਲੇ ਪੈਸੇ ਦਾ ਤਿੰਨ ਫ਼ੀਸਦੀ ਕਮਿਸ਼ਨ ਸ਼ਬੀਰ ਸ਼ਾਹ ਵੱਲੋਂ ਹਵਾਲਾ ਉਪਰੇਟਰ ਨੂੰ ਦਿੱਤਾ ਜਾਂਦਾ ਸੀ। ਜ਼ਿਕਰਯੋਗ ਹੈ ਕਿ ਸ਼ਬੀਰ ਸ਼ਾਹ ਅਤੇ ਉਸ ਦਾ ਸਹਿਯੋਗੀ ਅਸਲਮ ਵਾਦੀ ਇਸ ਵੇਲੇ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਹਨ।
ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਸ਼ਬੀਰ ਸ਼ਾਹ ਲਗਾਤਾਰ ਹਾਫਿਜ਼ ਸਈਦ ਦੇ ਸੰਪਰਕ 'ਚ ਰਹਿੰਦਾ ਸੀ ਅਤੇ ਦੋਹਾਂ ਵਿਚਕਾਰ ਆਖ਼ਰੀ ਗੱਲਬਾਤ ਇਸ ਸਾਲ ਜਨਵਰੀ ਮਹੀਨੇ ਹੋਈ ਸੀ। ਸੂਤਰਾਂ ਅਨੁਸਾਰ ਪੁੱਛਗਿੱਛ ਦੌਰਾਨ ਸ਼ਬੀਰ ਸ਼ਾਹ ਨੇ ਕਬੂਲ ਕੀਤਾ ਕਿ ਦੋਹਾਂ ਵਿਚਕਾਰ ਕਸ਼ਮੀਰ ਬਾਰੇ ਗੱਲਬਾਤ ਹੁੰਦੀ ਸੀ, ਪਰ ਸੂਤਰਾਂ ਨੇ ਦੋਹਾਂ ਵਿਚਕਾਰ ਹੋਣ ਵਾਲੀ ਗੱਲਬਾਤ ਬਾਰੇ ਖੁਲਾਸਾ ਨਹੀਂ ਕੀਤਾ।
ਜਾਂਚ ਦੌਰਾਨ ਜਦੋਂ ਈ ਡੀ ਦੇ ਅਧਿਕਾਰੀਆਂ ਨੇ ਸ਼ਬੀਰ ਸ਼ਾਹ ਦੀ ਵੈਬਸਾਈਟ ਜੇ ਕੇ ਡੀ ਐਫ਼ ਓ ਆਰ ਜੀ ਦੀ ਜਾਂਚ ਸ਼ੁਰੂ ਕੀਤੀ ਤਾਂ ਇੱਕ ਅਹਿਮ ਖੁਲਾਸਾ ਹੋਇਆ। ਈ ਡੀ ਨੂੰ ਪਤਾ ਚੱਲਿਆ ਕਿ ਸ਼ਬੀਰ ਸ਼ਾਹ ਦੀ ਪਾਰਟੀ ਦੀ ਵੈੱਬਸਾਈਟ ਦਾ ਆਈ ਪੀ ਐਡਰੈਸ ਪਾਕਿਸਤਾਨ 'ਚ ਪੇਸ਼ਾਵਰ ਦਾ ਹੈ ਅਤੇ ਇਸ ਨੂੰ ਮਹਿਮੂਦ ਸਾਗਰ ਨਾਂਅ ਦਾ ਵਿਅਕਤੀ ਚਲਾਉਂਦਾ ਹੈ। ਉਸ ਦੀ ਪਾਰਟੀ ਦਾ ਸੂਚਨਾ ਕੇਂਦਰ ਸੈਟੇਲਾਈਟ ਟਾਊਨ ਆਖੇ ਜਾਂਦੇ ਰਾਵਲਪਿੰਡੀ 'ਚ ਹੈ ਅਤੇ ਪਾਰਟੀ ਦਾ ਹੈਡਕੁਆਟਰ ਸ਼ਬੀਰ ਸ਼ਾਹ ਦਾ ਸ੍ਰੀਨਗਰ ਸਥਿਤ ਘਰ ਹੈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਸ਼ਬੀਰ ਸ਼ਾਹ ਦੀ ਪਾਰਟੀ ਭਾਰਤ 'ਚ ਰਜਿਸਟਰਡ ਹੀ ਨਹੀਂ ਹੈ।
ਜਾਂਚ ਮੁਤਾਬਕ ਸ਼ਬੀਰ ਸ਼ਾਹ ਨੂੰ ਪਾਕਿਸਤਾਨ ਦੇ ਹਵਾਲਾ ਡੀਲਰਾਂ ਰਾਹੀਂ ਪੈਸੇ ਮਿਲਦੇ ਸਨ ਅਤੇ ਇਹ ਪੈਸਾ ਦਿੱਲੀ ਤੋਂ ਕਸ਼ਮੀਰ ਪਹੁੰਚਾਉਣ ਵਾਲੇ ਹਵਾਲਾ ਓਪਰੇਟਰ ਨੂੰ ਉਹ ਤਿੰਨ ਫ਼ੀਸਦੀ ਕਮਿਸ਼ਨ ਦਿੰਦਾ ਸੀ। ਸ਼ਬੀਰ ਸ਼ਾਹ ਕਿਸੇ ਨੂੰ ਵੀ ਪਾਰਟੀ ਲਈ ਮਿਲਣ ਵਾਲੇ ਚੰਦੇ ਦੀ ਰਸੀਦ ਨਹੀਂ ਦਿੰਦਾ ਸੀ ਅਤੇ ਨਾ ਹੀ ਉਸ ਵੱਲੋਂ ਇਨਕਮ ਰਿਟਰਨ ਹੀ ਭਰੀ ਜਾਂਦੀ ਸੀ।
ਜ਼ਿਕਰਯੋਗ ਹੈ ਕਿ ਸ਼ਬੀਰ ਸ਼ਾਹ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਅਸਲਮ ਵਾਨੀ ਨੇ ਹੀ ਸ਼ਬੀਰ ਸ਼ਾਹ ਨੂੰ ਮਿਲਣ ਵਾਲੇ ਪਾਕਿਸਤਾਨੀ ਪੈਸੇ ਦਾ ਖੁਲਾਸਾ ਕੀਤਾ ਸੀ ਅਤੇ ਈ ਡੀ ਨੇ ਸ਼ਬੀਰ ਸ਼ਾਹ ਤੋਂ 62 ਲੱਖ ਰੁਪਏ ਵੀ ਜ਼ਬਤ ਕੀਤੇ ਸਨ।
ਇਨਫੋਰਸਮੈਂਟ ਡਾਇਰੈਕਟੋਰੇਟ ਦੇ ਉੱਚ ਪੱਧਰੀ ਸੂਤਰਾਂ ਨੇ ਦਸਿਆ ਕਿ ਪੁੱਛਗਿੱਛ ਦੇ ਅਧਾਰ 'ਤੇ ਦੋਸ਼ ਪੱਤਰ ਦਾਇਰ ਕੀਤਾ ਜਾਵੇਗਾ। ਉਨ੍ਹਾ ਦਸਿਆ ਕਿ ਸ਼ਬੀਰ ਸ਼ਾਹ ਨੇ ਕਬੂਲ ਕੀਤਾ ਹੈ ਕਿ ਪਾਕਿਸਤਾਨ ਤੋਂ ਆਉਣ ਵਾਲਾ ਪੈਸਾ ਕਸ਼ਮੀਰ ਵਾਦੀ 'ਚ ਗੜਬੜ ਫੈਲਾਉਣ ਲਈ ਵਰਤਿਆ ਜਾਂਦਾ ਹੈ।
ਈ ਡੀ ਨੇ 2005 ਦੇ ਮਨੀ ਲਾਂਡਰਿੰਗ ਮਾਮਲੇ 'ਚ ਟੈਰਰ ਫੰਡਿੰਗ ਅਤੇ ਪਾਕਿਸਤਾਨ ਦੇ ਹਵਾਲਾ ਡੀਲਰ ਨਾਲ ਸੰਪਰਕ ਦੇ ਮਾਮਲੇ 'ਚ ਸ਼ਬੀਰ ਸ਼ਾਹ ਵਿਰੁੱਧ ਚਾਰਜਸ਼ੀਟ ਦਾਇਰ ਕਰ ਦਿੱਤੀ। ਚਾਰਜਸ਼ੀਟ 'ਚ ਕਿਹਾ ਗਿਆ ਹੈ ਕਿ ਸ਼ਬੀਰ ਸ਼ਾਹ ਦੀ ਪਤਨੀ ਬਿਲਕਿਸ ਵੀ ਟੈਰਰ ਫੰਡਿੰਗ ਲਈ ਹਵਾਲੇ ਰਾਹੀਂ ਪੈਸੇ ਦਾ ਪ੍ਰਬੰਧ ਕਰਨ 'ਚ ਸ਼ਾਮਲ ਸੀ।
ਐਡੀਸ਼ਨਲ ਸੈਸ਼ਨ ਜੱਜ ਸਿਧਾਰਥ ਸ਼ਰਮਾ ਦੀ ਅਦਾਲਤ 'ਚ ਪੇਸ਼ ਕੀਤੀ ਗਈ ਚਾਰਜਸ਼ੀਟ 'ਚ ਹਵਾਲਾ ਡੀਲਰ ਮੁਹੰਮਦ ਅਸਲਮ ਵਾਨੀ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਉਸ ਨੇ ਪਾਕਿਸਤਾਨ ਦੇ ਹਵਾਲਾ ਉਪਰੇਟਰ ਸ਼ਫੀ ਸ਼ਾਇਰ ਰਾਹੀਂ ਆਏ 2.25 ਕਰੋੜ ਰੁਪਏ ਸ਼ਬੀਰ ਸ਼ਾਹ ਨੂੰ ਦਿੱਤੇ ਸਨ। ਸ਼ਾਹ ਨੇ ਕਿਹਾ ਕਿ ਉਸ ਨੂੰ ਸਥਾਨਕ ਲੋਕਾਂ ਤੇ ਹਮਾਇਤੀਆਂ ਤੋਂ ਪਾਰਟੀ ਫੰਡ ਲਈ ਪੈਸਾ ਮਿਲਦਾ ਹੈ ਅਤੇ ਇਹ ਰਕਮ 8-10 ਲੱਖ ਰੁਪਏ ਸਾਲਾਨਾ ਤੋਂ ਵੱਧ ਨਹੀਂ ਹੈ।