ਕੌਮਾਂਤਰੀ ਨੌਜਵਾਨ-ਵਿਦਿਆਰਥੀ ਮੇਲੇ ਦੀ ਤਿਆਰੀ ਲਈ ਵਿੱਕੀ ਮਹੇਸ਼ਰੀ ਰੂਸ 'ਚ

ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਰੂਸ ਦੇ ਸ਼ਹਿਰ ਸੋਚੀ ਵਿੱਚ ਹੋ ਰਹੇ ਨੌਜਵਾਨਾਂ-ਵਿਦਿਆਰਥੀਆਂ ਦੇ ਸੰਸਾਰ ਵਿਆਪੀ ਮੇਲੇ ਦੀਆਂ ਤਿਆਰੀਆਂ ਲਈ ਭਾਰਤ 'ਚੋਂ ਵਿੱਕੀ ਮਹੇਸ਼ਰੀ (ਪੰਜਾਬ) ਨੂੰ ਦੇਸ਼ ਦੇ ਪ੍ਰਤੀਨਿਧੀ ਵਜੋਂ ਭੇਜਿਆ ਗਿਆ ਹੈ। ਸੋਚੀ ਵਿੱਚ ਇਹ ਮੇਲਾ ਵਰਲਡ ਫੈਡਰੇਸ਼ਨ ਆਫ਼ ਡੈਮੋਕਰੇਟਿਕ ਯੂਥ ਵੱਲੋਂ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਡੇਢ ਸੌ ਤੋਂ ਵਧੇਰੇ ਮੁਲਕਾਂ ਦੇ 20 ਹਜ਼ਾਰ ਦੇ ਲੱਗਭੱਗ ਡੈਲੀਗੇਟ ਹਿੱਸਾ ਲੈਣਗੇ। 14 ਤੋਂ 22 ਅਕਤੂਬਰ ਤੱਕ ਹੋ ਰਹੇ ਇਸ ਮੇਲੇ ਵਿੱਚ ਵੱਖ-ਵੱਖ ਮਸਲਿਆਂ ਬਾਰੇ ਵਰਕਸ਼ਾਪਾਂ, ਸੈਮੀਨਾਰ, ਰੈਲੀਆਂ ਹੋਣਗੀਆਂ। ਇਸ ਮੇਲੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਰਵ ਭਾਰਤ ਨੌਜਵਾਨ ਸਭਾ ਦੇ ਕੌਮੀ ਪ੍ਰਧਾਨ ਆਫ਼ਤਾਬ ਆਲਮ ਖਾਨ, ਜਨਰਲ ਸਕੱਤਰ ਆਰ ਥਿਰੂਮਲਾਈ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸਈਦ ਵਲੀ ਉੱਲਾ ਖਾਦਰੀ ਅਤੇ ਜਨਰਲ ਸਕੱਤਰ ਵਿਸ਼ਵਜੀਤ ਕੁਮਾਰ ਨੇ ਦੱਸਿਆ ਕਿ ਨੌਜਵਾਨ ''ਵਰਲਡ ਫੈਡਰੇਸ਼ਨ ਆਫ਼ ਡੈਮੋਕਰੇਟਿਕ ਯੂਥ'' ਦੀ ਸੰਸਥਾਪਕ ਮੈਂਬਰ ਹੈ। ਮਾਸਕੋ ਤੋਂ 1600 ਕਿਲੋਮੀਟਰ ਦੂਰ ਸੋਚੀ 'ਚ ਹੋ ਰਹੇ ਇਸ ਮੇਲੇ ਵਿੱਚ ਭਾਰਤ ਤੋਂ ਸਾਢੇ ਚਾਰ ਸੌ ਡੈਲੀਗੇਟ ਹਿੱਸਾ ਲੈਣਗੇ, ਜੋ ਕਿ ਦੇਸ਼ ਦੀਆਂ ਵੱਖ-ਵੱਖ ਨੌਜਵਾਨ ਵਿਦਿਆਰਥੀ ਜਥੇਬੰਦੀਆਂ 'ਚੋਂ ਹੋਣਗੇ।
ਉਨ੍ਹਾਂ ਕਿਹਾ ਕਿ ਸੰਸਾਰ ਪੱਧਰੀ ਇਸ ਮੇਲੇ ਦੀ ਤਿਆਰੀ ਲਈ ਇੱਕ ਦੇਸ਼ ਵਿਆਪੀ ਰਾਸ਼ਟਰੀ ਤਿਆਰੀ ਕਮੇਟੀ ਬਣੀ ਹੈ। ਇਸ ਦੇ ਪ੍ਰਤੀਨਿਧੀ ਵਜੋਂ ਵਿਕੀ ਮਹੇਸ਼ਰੀ ਦੀ ਚੋਣ ਕੀਤੀ ਗਈ ਹੈ। ਸਾਥੀ ਵਿੱਕੀ ਕੌਮਾਂਤਰੀ ਪ੍ਰਬੰਧਕੀ ਕਮੇਟੀ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਦਾ ਹੋਇਆ ਪਿਛਲੇ ਤਿੰਨ ਦਿਨਾਂ ਤੋਂ ਮਾਸਕੋ 'ਚ ਸਾਰੇ ਭਾਰਤੀ ਡੈਲੀਗੇਸ਼ਨ ਦੇ ਕੰਮਕਾਜ ਦੀ ਦੇਖ-ਰੇਖ ਕਰ ਰਿਹਾ ਹੈ। ਹੋਰਨਾਂ ਮੁਲਕਾਂ ਦੇ ਪ੍ਰਤੀਨਿਧੀ ਵੀ ਅਗਾਊਂ ਪਹੁੰਚੇ ਹੋਏ ਹਨ। ਜ਼ਿਕਰਯੋਗ ਹੈ ਕਿ ਵਿੱਕੀ ਮਹੇਸ਼ਰੀ ਨੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ 'ਚ ਸੂਬਾਈ ਪੱਧਰ 'ਤੇ ਕੰਮ ਕਰਦਿਆਂ, ਰਾਸ਼ਟਰੀ ਪੱਧਰ 'ਤੇ ਪਿਛਲੀ 15 ਜੁਲਾਈ ਤੋਂ 12 ਸਤੰਬਰ ਤੱਕ ਕੀਤੇ ਦੇਸ਼ ਵਿਆਪੀ ''ਭਾਰਤ ਬਚਾਓ, ਭਾਰਤ ਬਦਲੋ'' ਲੌਂਗ ਮਾਰਚ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਇਸੇ ਦੌਰਾਨ ਹੀ ਮੇਲੇ ਦੇ ਰੂਸੀ ਪ੍ਰਬੰਧਕਾਂ ਅਤੇ ਹੋਰਨਾਂ ਮੁਲਕਾਂ ਦੇ ਪ੍ਰਤੀਨਿਧੀਆਂ ਨਾਲ ਵੀ ਸੰਪਰਕ ਕਰਨਾ, ਭਾਰਤੀ ਡੈਲੀਗੇਟਾਂ ਦੇ ਵੀਜ਼ੇ ਆਦਿ ਨਾਲ ਸੰਬੰਧਤ ਕਾਰਵਾਈਆਂ ਪੂਰੀਆਂ ਕਰਨ ਜਿਹੀਆਂ ਅਹਿਮ ਜ਼ਿੰਮੇਵਾਰੀਆਂ ਉਸ ਨੂੰ ਸੌਂਪੀਆਂ ਗਈਆਂ ਸਨ। ਇਸੇ ਕੰਮਕਾਜ ਦੀ ਅਗਲੇਰੀ ਕਾਰਵਾਈ ਵਜੋਂ ਉਹ ਅੱਜ ਕੱਲ੍ਹ ਮਾਸਕੋ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ।