ਕਿਸਾਨੀ ਕਰਜ਼ਾ ਕੁਝ ਦਿਨਾਂ 'ਚ ਹੀ ਮੁਆਫ ਹੋ ਜਾਵੇਗਾ : ਮਨਪ੍ਰੀਤ

ਬਠਿੰਡਾ (ਬਖਤੌਰ ਢਿੱਲੋਂ)
ਪਿਛਲੇ ਸਾਢੇ ਦਸ ਵਰ੍ਹਿਆਂ ਤੋਂ ਅਕਾਲੀਆਂ ਨਾਲ ਵਫਾ ਨਿਭਾਉਂਦੇ ਆ ਰਹੇ ਅਫਸਰਾਂ ਸਾਹਮਣੇ ਕਾਂਗਰਸੀ ਬੇਬਸ ਕਿਉਂ ਹਨ? ਇਸ ਦਾ ਜਵਾਬ ਆਮ ਵਰਕਰ ਤੱਕ ਕੀ ਖੁਦ ਸ਼ਕਤੀਸ਼ਾਲੀ ਵਜ਼ੀਰ ਵੀ ਦੇਣ ਦੇ ਸਮਰੱਥ ਨਹੀਂ। ਮਾਮਲਾ ਕੁੱਝ ਇਸ ਤਰ੍ਹਾਂ ਹੈ ਕਿ ਸਥਾਨਕ ਪੰਚਾਇਤ ਭਵਨ ਵਿਖੇ ਆਪਣਾ ਦਫਤਰ ਖੋਲ੍ਹਣ ਉਪਰੰਤ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਸੰਬੋਧਨ ਕਰਨ ਲੱਗੇ ਤਾਂ ਸ਼ੁਰੂ ਵਿੱਚ ਆਮ ਲੋਕਾਂ ਨਾਲ ਮੇਲ-ਮਿਲਾਪ ਵਿੱਚ ਰਹੀ ਕਮੀ 'ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾ ਕਿਹਾ ਕਿ ਉਨ੍ਹਾਂ ਦੇ ਸਿਰ ਉੱਪਰ ਕਿਸਾਨੀ ਨੂੰ ਕਰਜਾ ਮੁਕਤ ਕਰਨ ਲਈ ਜੋ ਦਸ ਕਰੋੜ ਰੁਪਏ ਦਾ ਬੋਝ ਸੀ, ਉਹ ਹੁਣ ਲੱਥ ਚੁੱਕਾ ਹੈ, ਇਸ ਲਈ ਭਵਿੱਖ ਵਿੱਚ ਤਾਲਮੇਲ ਇਸ ਕਦਰ ਬਰਕਰਾਰ ਰਹੇਗਾ ਕਿ ਦਫਤਰੀ ਸਟਾਫ ਤੋਂ ਇਲਾਵਾ ਜਿੱਥੇ ਉਹ ਦੋ ਦਿਨ ਬਠਿੰਡਾ ਵਿੱਚ ਬੈਠਣਗੇ, ਉੱਥੇ ਉਨ੍ਹਾਂ ਦੇ ਪਰਵਾਰ ਦਾ ਵੀ ਕੋਈ ਨਾ ਕੋਈ ਮੈਂਬਰ ਲੋਕ ਸੇਵਾ ਲਈ ਹਾਜ਼ਰ ਰਹੇਗਾ।
ਆਪਣੀਆਂ ਤਰਜੀਹਾਂ ਦਾ ਜ਼ਿਕਰ ਕਰਦਿਆਂ ਖਜ਼ਾਨਾ ਮੰਤਰੀ ਨੇ ਕਿਹਾ ਕਿ ਉਹ ਗਲੀਆਂ-ਨਾਲੀਆਂ ਜਾਂ ਸੜਕਾਂ ਨਾਲੋਂ ਆਮ ਲੋਕਾਂ ਦੇ ਕਾਰੋਬਾਰ ਲਈ ਕਿਤੇ ਵੱਧ ਚਿੰਤਤ ਹਨ ।ਇਹੀ ਵਜ੍ਹਾ ਹੈ ਕਿ 28 ਅਕਤੂਬਰ ਨੂੰ ਸਨਅਤਕਾਰਾਂ ਦਾ ਬਠਿੰਡਾ ਵਿਖੇ ਇੱਕ ਸੈਮੀਨਾਰ ਆਯੋਜਿਤ ਕਰਵਾਇਆ ਜਾ ਰਿਹਾ ਹੈ, ਜੋ ਇਸ ਇਲਾਕੇ ਦੇ ਸਨਅਤੀ ਵਿਕਾਸ ਤੋਂ ਇਲਾਵਾ ਸਥਾਨਕ ਕਾਰੋਬਾਰੀਆਂ ਨੂੰ ਵੀ ਸਹਾਇਕ ਇਕਾਈਆਂ ਸਥਾਪਤ ਕਰਨ ਦੇ ਮੌਕੇ ਬਖਸ਼ਣ ਲਈ ਪਾਬੰਦ ਹੋਣਗੇ।
ਗੁਰਦਾਸਪੁਰ ਲੋਕ ਸਭਾ ਹਲਕੇ ਦੀ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਸ਼ਾਨਦਾਰ ਜਿੱਤ ਦੀ ਪੇਸ਼ੀਨਗੋਈ ਕਰਦਿਆਂ ਮਨਪ੍ਰੀਤ ਨੇ ਕਿਹਾ ਜਿੱਥੇ ਚੌਧਰੀ ਸੁਨੀਲ ਜਾਖੜ ਨਿਰ-ਵਿਵਾਦ ਉਚ ਯੋਗਤਾ ਪ੍ਰਾਪਤ ਤੇ ਕਾਂਗਰਸ ਦੇ ਬਹੁਤ ਹੀ ਕੱਦਾਵਰ ਉਮੀਦਵਾਰ ਹਨ, ਉੱਥੇ ਆਮ ਲੋਕਾਂ ਦਾ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਵਿੱਚ ਪੂਰਾ ਇਤਬਾਰ ਹੈ। ਆਪਣੇ ਸੰਬੋਧਨ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾ ਦੀ ਸਰਕਾਰ ਦਾ ਕੰਮ ਕਾਂਗਰਸੀ ਵਰਕਰਾਂ ਦੀਆਂ ਅੱਖਾਂ ਵਿੱਚ ਆਏ ਉਨ੍ਹਾਂ ਅੱਥਰੂਆਂ ਨੂੰ ਪੂੰਝਣਾ ਹੈ, ਜਿਨ੍ਹਾਂ ਦੀ ਜ਼ਿੰਮੇਵਾਰੀ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਿਰ ਹੈ।
ਸੰਬੋਧਨ ਉਪਰੰਤ ਜਿਉਂ ਹੀ ਖਜ਼ਾਨਾ ਮੰਤਰੀ ਪੱਤਰਕਾਰਾਂ ਦੇ ਰੂਬਰੂ ਹੋਏ ਤਾਂ ਉਨ੍ਹਾਂ ਨੂੰ ਬੜੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ।ਗੁਰਦਾਸਪੁਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਪਾਰਟੀ ਵਿੱਚ ਪੈਦਾ ਹੋਏ ਮੱਤਭੇਦਾਂ ਦੇ ਸੰਬੰਧ ਵਿੱਚ ਮਨਪ੍ਰੀਤ ਨੇ ਕਿਹਾ ਕਿ ਇਹ ਕੋਈ ਖਾਸ ਸਮੱਸਿਆ ਨਹੀਂ, ਸਾਰਾ ਕਾਂਗਰਸੀ ਪਰਵਾਰ ਪੂਰੀ ਤਰ੍ਹਾਂ ਇਕਮੁੱਠ ਹੈ। ਕਿਸਾਨਾਂ ਨੂੰ ਦਿੱਤੇ ਇਸ ਮਸ਼ਵਰੇ ਕਿ ਉਹ ਆਪਣੇ ਬੱਚਿਆਂ ਦੀ ਬਿਹਤਰੀ ਅਤੇ ਵਿੱਦਿਆ ਲਈ ਇੱਕ ਡੰਗ ਦੀ ਰੋਟੀ ਹੀ ਖਾਣ ਬਾਰੇ ਪੁੱਛਣ 'ਤੇ ਮਨਪ੍ਰੀਤ ਨੇ ਕਿਹਾ ਕਿ ਉਨ੍ਹਾ ਦੀ ਸਮੁੱਚੀ ਤਕਰੀਰ ਨੂੰ ਸੁਣਨਾ ਚਾਹੀਦਾ ਹੈ, ਜਿਸ ਰਾਹੀਂ ਉਨ੍ਹਾਂ ਆਮ ਲੋਕਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਵਾਸਤੇ ਸੁਚੇਤ ਕੀਤਾ ਹੈ।
ਸਮੁੱਚੇ ਕਿਸਾਨੀ ਕਰਜ਼ੇ ਨੂੰ ਆਪਣੇ ਵਾਅਦੇ ਮੁਤਾਬਕ ਮੁਆਫ ਨਾ ਕਰਨ ਦੇ ਸਵਾਲ ਦੇ ਉਤਰ ਵਿੱਚ ਮਨਪ੍ਰੀਤ ਨੇ ਕਿਹਾ ਕਿ ਸੂਬਾ ਵਿਤੋਂ ਵੱਧ ਆਰਥਿਕ ਬੋਝ ਉਠਾ ਕੇ ਪੰਜਾਬ ਦੇ ਸਵਾ ਦਸ ਲੱਖ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਰਾਹਤ ਦੇਣ ਦਾ ਮੰਤਰੀ ਮੰਡਲ ਰਾਹੀਂ ਨੋਟੀਫਿਕੇਸ਼ਨ ਪ੍ਰਵਾਨ ਕੀਤਾ ਜਾ ਚੁੱਕਾ, ਜਿਸ ਦੀ ਜਲਦੀ ਹੀ ਚੋਣ ਕਮਿਸ਼ਨ ਤੋਂ ਪ੍ਰਵਾਨਗੀ ਮਿਲ ਜਾਵੇਗੀ।ਉਨ੍ਹਾ ਦਾਅਵਾ ਕੀਤਾ ਅਗਲੇ ਕੁਝ ਹੀ ਦਿਨਾਂ ਵਿੱਚ ਅਜਿਹਾ ਕਰਜ਼ਾ ਮੁਆਫ ਹੋ ਜਾਵੇਗਾ।
ਕਾਂਗਰਸੀ ਵਰਕਰਾਂ ਦੀਆਂ ਅੱਖਾਂ ਵਿਚਲੇ ਹੰਝੂ ਪੂੰਝਣ ਬਾਰੇ ਉਨ੍ਹਾ ਦੇ ਦਾਅਵੇ ਦੇ ਹਵਾਲੇ ਨਾਲ ਜਦ ਮਨਪ੍ਰੀਤ ਨੂੰ ਇਹ ਸਵਾਲ ਕੀਤਾ ਕਿ ਅਕਾਲੀ ਦਲ ਦੇ ਪ੍ਰਭਾਵ ਹੇਠਲੇ ਜਿਨ੍ਹਾਂ ਅਫਸਰਾਂ ਕਾਂਗਰਸੀ ਕਾਰਕੁਨਾਂ ਤੇ ਕਾਡਰ ਦੀਆਂ ਚੀਕਾਂ ਕੱਢਵਾਈਆਂ ਸਨ, ਉਹ ਅੱਜ ਵੀ ਮਲਾਈਦਾਰ ਅਹੁਦਿਆਂ ਤੇ ਕਿਉਂ ਸੁਸ਼ੋਭਿਤ ਹਨ ਤਾਂ ਪਹਿਲਾਂ ਖਜ਼ਾਨਾ ਮੰਤਰੀ ਨੇ ਕਿਹਾ ਅਫਸਰਸ਼ਾਹੀ ਬਾਰੇ ਉਹ ਕੋਈ ਟਿੱਪਣੀ ਨਹੀ ਕਰਨਗੇ, ਪਰ ਤੁਰੰਤ ਬਾਅਦ ਕਹਿਣ ਲੱਗੇ ਕਿ ਪਿਛਲੇ ਅਰਸੇ ਦੌਰਾਨ ਹੋਈਆਂ ਜ਼ਿਆਦਤੀਆਂ ਦੀ ਪੜਤਾਲ ਜਸਟਿਸ ਮਹਿਤਾਬ ਸਿੰਘ ਗਿੱਲ ਦੀ ਅਗਵਾਈ ਹੇਠਲਾ ਕਮਿਸ਼ਨ ਕਰ ਰਿਹਾ ਹੈ ।ਦੋਸ਼ੀ ਪਾਏ ਗਏ ਅਫਸਰਾਂ ਨੂੰ ਸਜ਼ਾਵਾਂ ਤੋਂ ਇਲਾਵਾ ਉਨ੍ਹਾਂ ਤੋਂ ਵਸੂਲਿਆ ਹਰਜਾਨਾ ਪੀੜਤਾਂ ਨੂੰ ਦਿੱਤਾ ਜਾਵੇਗਾ।
ਇਸ ਮੌਕੇ ਉਨ੍ਹਾ ਦੇ ਪਿਤਾ ਗੁਰਦਾਸ ਸਿੰਘ ਬਾਦਲ, ਨਜ਼ਦੀਕੀ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਉਰਫ ਜੋਜੋ, ਸੀਨੀਅਰ ਆਗੂ ਕੇ ਕੇ ਅੱਗਰਵਾਲ, ਟਹਿਲ ਸਿੰਘ ਸੰਧੂ, ਸੱਤਪਾਲ ਭਠੇਜਾ, ਰਾਜਨ ਗਰਗ, ਮੋਹਨ ਲਾਲ ਝੂੰਬਾਂ ਤੇ ਰਣਜੀਤ ਸਿੰਘ ਗਰੇਵਾਲ ਆਦਿ ਮੌਜੂਦ ਸਨ।