Latest News

ਹਾਲਾਤ ਬਨਾਰਸ ਹਿੰਦੂ ਯੂਨੀਵਰਸਿਟੀ ਦੇ

By 26-9-2017

Published on 25 Sep, 2017 11:10 AM.

ਵਾਰਾਣਸੀ ਕਹਿ ਲਵੋ ਜਾਂ ਬਨਾਰਸ, ਉੱਤਰ ਪ੍ਰਦੇਸ਼ ਦਾ ਇਹ ਪ੍ਰਾਚੀਨ ਸ਼ਹਿਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚੋਣ ਹਲਕਾ ਵੀ ਹੈ। ਉਨ੍ਹਾ ਨੇ ਇਸ ਹਲਕੇ ਵਿੱਚ ਆਣ ਕੇ ਕਾਗਜ਼ ਦਾਖਲ ਕਰਵਾਉਣ ਵੇਲੇ ਇਹ ਕਹਾਣੀ ਪਾਈ ਸੀ ਕਿ 'ਨਾ ਮੈਂ ਆਇਆ ਹਾਂ, ਨਾ ਕਿਸੇ ਨੇ ਭਿਜਵਾਇਆ ਹੈ, ਮੈਨੂੰ ਗੰਗਾ ਮਈਆ ਨੇ ਏਥੇ ਬੁਲਾਇਆ ਹੈ'। ਗੰਗਾ ਮਈਆ ਦੇ ਕੰਢੇ ਵੱਸਿਆ ਇਹ ਸ਼ਹਿਰ ਆਪਣੀ ਹਾਲਤ ਵਿੱਚ ਸੁਧਾਰ ਦੀਆਂ ਜਿੰਨੀਆਂ ਆਸਾਂ ਰੱਖਣ ਲੱਗ ਪਿਆ ਸੀ, ਉਹ ਫਿਰ ਸਿਰੇ ਨਹੀਂ ਚੜ੍ਹ ਸਕੀਆਂ। ਗੰਗਾ ਦਰਿਆ ਦਾ ਗੰਦ ਜਿਵੇਂ ਵਗਦਾ ਸੀ, ਉਵੇਂ ਹੀ ਵਗਦਾ ਪਿਆ ਹੈ। ਸ਼ਹਿਰ ਵਿੱਚ ਵਿਕਾਸ ਜਿਵੇਂ ਪਹਿਲਾਂ ਅਮੀਰਾਂ ਵਾਲੇ ਮੁਹੱਲਿਆਂ ਤੱਕ ਸੀਮਤ ਸੀ, ਹੁਣ ਵੀ ਓਥੋਂ ਤੱਕ ਸੀਮਤ ਸੁਣੀਂਦਾ ਹੈ। ਵਾਰ-ਵਾਰ ਵਿਦੇਸ਼ੀ ਮਹਿਮਾਨ ਜਿੰਨੇ ਮਰਜ਼ੀ ਲਿਆਂਦੇ ਜਾਣ, ਇਸ ਸ਼ਹਿਰ ਦੇ ਆਮ ਲੋਕਾਂ ਦੀ ਜ਼ਿੰਦਗੀ ਜਿਸ ਤਰ੍ਹਾਂ ਦੀ ਪਹਿਲਾਂ ਸੀ, ਇਸ ਸਮੇਂ ਦੌਰਾਨ ਵੀ ਓਥੇ ਕੋਈ ਫਰਕ ਪਿਆ ਨਹੀਂ ਸੁਣਿਆ ਜਾ ਰਿਹਾ। ਸ਼ਾਇਦ ਇਹੋ ਕਾਰਨ ਹੈ ਕਿ ਜਿਹੜਾ ਪਿੰਡ ਪ੍ਰਧਾਨ ਮੰਤਰੀ ਨੇ ਲੋਕ ਸਭਾ ਦੇ ਮੈਂਬਰ ਵਜੋਂ ਗੋਦ ਲੈ ਕੇ ਉਸ ਦੇ ਵਿਕਾਸ ਦੇ ਬੜੇ ਵੱਡੇ ਦਾਅਵੇ ਕੀਤੇ ਸਨ, ਪੰਚਾਇਤ ਸੰਮਤੀ ਚੋਣਾਂ ਵਿੱਚ ਉਸ ਪਿੰਡ ਦੇ ਲੋਕ ਵੀ ਪ੍ਰਧਾਨ ਮੰਤਰੀ ਦੀ ਪਾਰਟੀ ਦੇ ਨਾਲ ਖੜੋਣ ਦੀ ਥਾਂ ਉਸ ਦੇ ਖਿਲਾਫ ਜਾ ਖੜੋਤੇ।
ਸਭ ਤੋਂ ਵੱਡਾ ਮੁੱਦਾ ਓਥੇ ਇਸ ਵਕਤ ਵੀ ਓਸੇ ਤਰ੍ਹਾਂ ਗੁੰਡਾਗਰਦੀ ਦਾ ਹੈ, ਜਿਵੇਂ ਮੁਲਾਇਮ ਸਿੰਘ ਯਾਦਵ ਅਤੇ ਉਸ ਦੇ ਪੁੱਤਰ ਅਖਿਲੇਸ਼ ਸਿੰਘ ਜਾਂ ਬੀਬੀ ਮਾਇਆਵਤੀ ਦੇ ਰਾਜ ਦੌਰਾਨ ਹੁੰਦਾ ਸੀ। ਇਸ ਵੇਲੇ ਇਸ ਮੁੱਦੇ ਕਾਰਨ ਬਨਾਰਸ ਦਾ ਸ਼ਹਿਰ ਚਰਚਾ ਵਿੱਚ ਹੈ। ਕੱਲ੍ਹ ਪੁਲਸ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਉੱਤੇ ਲਾਠੀਚਾਰਜ ਕਰ ਦਿੱਤਾ ਤੇ ਮਰਦ ਪੁਲਸੀਆਂ ਦੀ ਕੁੱਟ ਨਾਲ ਬੁਰੇ ਹਾਲ ਵਿੱਚ ਉਹ ਕੁੜੀਆਂ ਰੋ-ਰੋ ਕੇ ਮੀਡੀਆ ਕੈਮਰਿਆਂ ਅੱਗੇ ਆਪਣੇ ਦੁੱਖ ਦਾ ਪ੍ਰਗਟਾਵਾ ਕਰ ਰਹੀਆਂ ਹਨ। ਭਾਜਪਾ ਦੇ ਆਗੂ ਇਸ ਨੂੰ ਵਿਰੋਧੀਆਂ ਦੀ ਸਾਜ਼ਿਸ਼ ਦੱਸਦੇ ਹਨ। ਇਹੋ ਗੱਲ ਕਿਸੇ ਹੋਰ ਥਾਂ ਹੋਈ ਹੁੰਦੀ ਤਾਂ ਸਭ ਤੋਂ ਮੂਹਰੇ ਹੋ ਕੇ ਰੋਸ ਪ੍ਰਗਟਾਵੇ ਭਾਜਪਾ ਵਾਲਿਆਂ ਨੇ ਕਰਦੇ ਫਿਰਨਾ ਸੀ।
ਸਥਿਤੀ ਦਾ ਮੁੱਢ ਉਸ ਵੇਲੇ ਬੱਝਾ, ਜਦੋਂ ਇੱਕ ਸ਼ਾਮ ਇੱਕ ਕੁੜੀ ਉਸ ਯੂਨੀਵਰਸਿਟੀ ਵਿੱਚ ਆਪਣੇ ਹੋਸਟਲ ਵੱਲ ਜਾ ਰਹੀ ਸੀ ਤੇ ਉਸ ਨੂੰ ਮੋਟਰ ਸਾਈਕਲਾਂ ਵਾਲੇ ਗੁੰਡਿਆਂ ਨੇ ਬਦਤਮੀਜ਼ੀ ਦਾ ਨਿਸ਼ਾਨਾ ਬਣਾਇਆ। ਯੂਨੀਵਰਸਿਟੀ ਦੇ ਕੁਝ ਸੁਰੱਖਿਆ ਗਾਰਡ ਓਥੇ ਖੜੇ ਵੇਖਦੇ ਰਹੇ, ਪਰ ਗੁੰਡਿਆਂ ਨੂੰ ਇਸ ਤਰ੍ਹਾਂ ਕਰਨ ਤੋਂ ਨਹੀਂ ਰੋਕਿਆ, ਸ਼ਾਇਦ ਇਸ ਕਾਰਨ ਕਿ ਬਾਅਦ ਵਿੱਚ ਉਹ ਗੁੰਡੇ ਉਨ੍ਹਾਂ ਦਾ ਕੋਈ ਨੁਕਸਾਨ ਨਾ ਕਰ ਦੇਣ। ਕੁੜੀ ਫਿਰ ਹੋਸਟਲ ਵਿੱਚ ਗਈ ਤੇ ਇਸ ਦੀ ਸ਼ਿਕਾਇਤ ਵਾਰਡਨ ਨੂੰ ਕੀਤੀ ਤਾਂ ਉਸ ਨੇ ਗਾਰਡਾਂ ਨਾਲ ਗੱਲ ਕਰਨ ਜਾਂ ਪੁਲਸ ਨੂੰ ਬੁਲਾਉਣ ਦੀ ਥਾਂ ਕੁੜੀ ਨੂੰ ਏਨੀ ਕੁਵੇਲੇ ਨੂੰ ਆਉਣ ਦਾ ਦੋਸ਼ ਲਾ ਕੇ ਝਿੜਕਣ ਵਾਲਾ ਰਾਹ ਫੜ ਲਿਆ। ਇਸ ਤੋਂ ਕੁੜੀਆਂ ਭੜਕ ਕੇ ਧਰਨੇ ਉੱਤੇ ਜਾ ਬੈਠੀਆਂ। ਉਸ ਤੋਂ ਅਗਲੇ ਦਿਨ ਪ੍ਰਧਾਨ ਮੰਤਰੀ ਨੇ ਆਉਣਾ ਸੀ, ਉਸ ਦੇ ਪ੍ਰੋਗਰਾਮ ਨੂੰ ਜਾਂਦਾ ਰਾਹ ਵੀ ਓਧਰੋਂ ਦੀ ਸੀ। ਸਰਕਾਰ ਨੇ ਕੁੜੀਆਂ ਨਾਲ ਗੱਲ ਕਰਨ ਤੇ ਮਸਲਾ ਸੁਲਝਾਉਣ ਦੀ ਥਾਂ ਉਨ੍ਹਾਂ ਨੂੰ ਰਸਤਾ ਖਾਲੀ ਕਰਨ ਨੂੰ ਕਿਹਾ ਤੇ ਉਨ੍ਹਾਂ ਦੇ ਨਾ ਮੰਨਣ ਉੱਤੇ ਦੂਸਰੇ ਪਾਸੇ ਦੀ ਲਿਜਾਣ ਦਾ ਬਦਲ ਚੁਣ ਲਿਆ। ਇਸ ਦੇ ਬਾਅਦ ਵੀ ਹੱਲ ਕੱਢਣ ਵਾਸਤੇ ਕੋਈ ਯਤਨ ਸ਼ੁਰੂ ਨਹੀਂ ਕੀਤਾ ਗਿਆ ਤੇ ਮਾਹੌਲ ਵਿਗੜਦਾ ਗਿਆ। ਕੱਲ੍ਹ ਜਦੋਂ ਵਿਦਿਆਰਥੀ ਰੋਹ ਵਿੱਚ ਆ ਗਏ ਤਾਂ ਲਾਠੀਚਾਰਜ ਕਰਵਾ ਦਿੱਤਾ ਗਿਆ।
ਹੁਣ ਪ੍ਰਸ਼ਾਸਨ ਕਹਿੰਦਾ ਹੈ ਕਿ ਬਾਹਰੀ ਬੰਦਿਆਂ ਨੇ ਆਣ ਕੇ ਮਾਹੌਲ ਵਿਗਾੜਿਆ ਹੈ, ਪਰ ਜਿਹੜੇ ਗੁੰਡਿਆਂ ਵੱਲੋਂ ਕੁੜੀ ਨੂੰ ਛੇੜਨ ਤੋਂ ਹਾਲਾਤ ਦੇ ਵਿਗਾੜ ਦਾ ਮੁੱਢ ਬੱਝਾ ਸੀ, ਉਹ ਵੀ ਬਾਹਰੀ ਸਨ, ਉਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਹੁਣ ਤੱਕ ਨਹੀਂ ਕੀਤੀ ਗਈ। ਭਾਜਪਾ ਕਹੀ ਜਾਂਦੀ ਹੈ ਕਿ ਸਾਡੀ ਸਰਕਾਰ ਦੇ ਖਿਲਾਫ ਸਾਜ਼ਿਸ਼ ਹੈ। ਸਿਆਸੀ ਸਾਜ਼ਿਸ਼ ਦੀ ਬਦਬੂ ਸੁੰਘਣ ਦੀ ਥਾਂ ਉਨ੍ਹਾਂ ਨੂੰ ਇਹ ਨਹੀਂ ਦਿੱਸ ਰਿਹਾ ਕਿ ਚਾਰ ਦਿਨ ਤੋਂ ਧਰਨੇ ਉੱਤੇ ਬੈਠੀਆਂ ਕੁੜੀਆਂ ਇਹ ਕਹਿ ਰਹੀਆਂ ਸਨ ਕਿ ਵਾਈਸ ਚਾਂਸਲਰ ਆ ਕੇ ਗੱਲ ਕਰੇ ਤੇ ਉਨ੍ਹਾਂ ਦਾ ਨਿਯੁਕਤ ਕੀਤਾ ਵਾਈਸ ਚਾਂਸਲਰ ਆਪਣੇ ਵਿਦਿਆਰਥੀਆਂ ਨਾਲ ਗੱਲ ਕਰਨ ਨੂੰ ਤਿਆਰ ਨਹੀਂ। ਲਾਠੀਚਾਰਜ ਤੋਂ ਬਾਅਦ ਮੁੱਖ ਮੰਤਰੀ ਨੇ ਹਾਲਾਤ ਦੀ ਰਿਪੋਰਟ ਮੰਗ ਲਈ ਹੈ। ਇਹ ਹੀ ਕੰਮ ਉਸ ਨੇ ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲਾਂ ਕੀਤਾ ਹੁੰਦਾ ਤਾਂ ਇਹ ਨੌਬਤ ਆਉਣੀ ਹੀ ਨਹੀਂ ਸੀ, ਪਰ ਉਹ ਆਪਣੇ ਗੋਰਖਪੁਰ ਚੋਣ ਹਲਕੇ ਦੇ ਹਸਪਤਾਲ ਵਿੱਚ ਚੌਵੀ ਘੰਟਿਆਂ ਵਿੱਚ ਸੱਠ ਮੌਤਾਂ ਹੋਣ ਵੇਲੇ ਵੀ ਗੰਭੀਰ ਨਹੀਂ ਸੀ। ਇਸ ਹਾਲਤ ਵਿੱਚ ਉਸ ਯੂਨੀਵਰਸਿਟੀ ਵਿੱਚ ਜੋ ਵੀ ਹੋਇਆ ਹੈ, ਉਸ ਦੀ ਜ਼ਿਮੇਵਾਰੀ ਤੋਂ ਰਾਜ ਸਰਕਾਰ ਤੇ ਪ੍ਰਸ਼ਾਸਨ ਕਿਸੇ ਤਰ੍ਹਾਂ ਪਾਸਾ ਨਹੀਂ ਵੱਟ ਸਕਦਾ। ਉਨ੍ਹਾਂ ਨੂੰ ਇਹ ਜ਼ਿਮੇਵਾਰੀ ਲੈਣੀ ਪੈਣੀ ਤੇ ਹਾਲਾਤ ਨੂੰ ਸੰਭਾਲਣ ਲਈ ਕੁਝ ਕਰਨਾ ਹੀ ਪੈਣਾ ਹੈ।

890 Views

e-Paper