ਭਗਵੰਤ ਮਾਨ ਵੱਲੋਂ ਮੋਦੀ ਨੂੰ ਟਿੱਚਰਾਂ, ਮੋਦੀ ਨੇ ਵਪਾਰੀਆਂ ਨੂੰ ਵੀ ਕੀਤਾ ਕੈਸ਼ਲੈੱਸ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ-ਅਕਾਲੀ ਦਲ ਦੀ ਸਰਕਾਰ ਨੇ ਪੂਰੇ ਦੇਸ਼ ਦੀ ਅਰਥ ਵਿਵਸਥਾ ਦਾ ਭੱਠਾ ਬੈਠਾ ਦਿੱਤਾ ਹੈ। ਅੱਜ ਇੱਥੇ ਜਾਰੀ ਪ੍ਰੈੱਸ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਚੰਦ ਕਾਰਪੋਰੇਟ ਘਰਾਣਿਆਂ ਤੇ ਬਹੁ-ਰਾਸ਼ਟਰੀ ਕੰਪਨੀਆਂ ਨੂੰ ਅੰਤਾਂ ਦਾ ਵਿੱਤੀ ਲਾਭ ਪਹੁੰਚਾਉਣ ਲਈ ਮੋਦੀ ਮੰਡਲ ਵੱਲੋਂ ਲਏ ਜਾ ਰਹੇ ਆਪ-ਹੁਦਰੇ ਫ਼ੈਸਲਿਆਂ ਨੇ ਗਰੀਬ ਹੋਰ ਗਰੀਬ ਕਰ ਦਿੱਤੇ ਹਨ। ਬੇਰੁਜ਼ਗਾਰਾਂ ਨੂੰ ਕਰੋੜਾਂ ਦੀ ਗਿਣਤੀ 'ਚ ਰੁਜ਼ਗਾਰ ਦੇ ਚੋਣ ਵਾਅਦੇ ਦੇ ਉਲਟ ਰੁਜ਼ਗਾਰ 'ਤੇ ਲੱਗਿਆਂ ਦਾ ਵੀ ਰੁਜ਼ਗਾਰ ਖੋਹ ਲਿਆ ਹੈ।
ਨੋਟਬੰਦੀ ਤੇ ਜੀ ਐਸ ਟੀ ਨੇ ਚੰਗੀ-ਭਲੀ ਰੋਟੀ ਕਮਾ ਰਹੇ ਆਮ ਦੁਕਾਨਦਾਰਾਂ ਤੇ ਵਪਾਰੀਆਂ ਦੀ ਰੋਜ਼ੀ-ਰੋਟੀ ਹੀ ਦਾਅ 'ਤੇ ਲਾ ਦਿੱਤੀ ਹੈ। ਪ੍ਰਧਾਨ ਮੰਤਰੀ ਦੇ 'ਕੈਸ਼ਲੈਸ' ਨਾਅਰੇ 'ਤੇ ਵਿਅੰਗ ਕੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਹੋਰ ਤਾਂ ਹੋਰ ਮਾਲੀ ਤੌਰ 'ਤੇ ਸਮਰੱਥ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਵੀ ਸੱਚੀ-ਸੁੱਚੀ 'ਕੈਸ਼ਲੈਸ' (ਜੇਬ ਖਾਲੀ) ਕਰ ਦਿੱਤੀ ਹੈ। ਭਗਵੰਤ ਮਾਨ ਨੇ ਤਾਜ਼ਾ ਆਰਥਿਕ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਮਾਰੂ ਨੀਤੀਆਂ ਕਾਰਨ ਪੰਜਾਬ ਦੇ ਵਪਾਰੀਆਂ ਤੇ ਉਦਯੋਗਪਤੀਆਂ ਨੇ ਅੱਜ ਤੱਕ ਐਨੀ ਆਰਥਿਕ ਤੰਗੀ ਕਦੇ ਨਹੀਂ ਝੱਲੀ ਸੀ। ਹਾਲਤ ਇਹ ਹੈ ਕਿ ਵਿਰੋਧੀ ਹਾਲਾਤ ਦੇ ਬਾਵਜੂਦ, ਜੋ ਉਦਯੋਗਪਤੀ ਤੇ ਵਪਾਰੀ ਪੰਜਾਬ 'ਚ ਅਪਣਾ ਵਪਾਰ-ਕਾਰੋਬਾਰ ਕਰ ਰਹੇ ਸਨ, ਉਨ੍ਹਾਂ ਕੋਲ ਕੱਚਾ ਮਾਲ ਖਰੀਦਣ, ਢੋ-ਢੁਆਈ ਕਰਨ ਤੇ ਲੇਬਰ-ਕਰਮਚਾਰੀਆਂ ਨੂੰ ਦਿਹਾੜੀ ਦੇਣ ਲਈ ਵੀ ਨਕਦ ਪੈਸਾ (ਕੈਸ਼) ਨਹੀਂ ਹੈ। ਕਰੋੜਾਂ ਅਰਬਾਂ ਰੁਪਇਆਂ ਦੇ ਟੈਕਸ ਰਿਫੰਡ ਫਸੀ ਪਈ ਹੈ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵਰ੍ਹਦਿਆਂ ਭਗਵੰਤ ਮਾਨ ਨੇ ਕਿਹਾ ਕਿ ਅੱਜ ਹਰ ਗੱਲ 'ਚ ਕੇਂਦਰ ਸਰਕਾਰ ਦਾ ਰੋਣਾ-ਰੋਣ ਵਾਲੇ ਕੈਪਟਨ ਚੋਣ ਵਾਅਦੇ ਕਰਨ ਵਾਲੇ ਵੀ ਪੰਜਾਬ ਦੇ ਮਾਲੀ ਸੰਕਟ ਤੋਂ ਭਲੀਭਾਂਤ ਜਾਣੂ ਸਨ। ਭਗਵੰਤ ਮਾਨ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖਣ ਤੋਂ ਪਹਿਲਾਂ ਕੈਪਟਨ 5 ਪ੍ਰਤੀਸ਼ਤ ਤੋਂ 18 ਪ੍ਰਤੀਸ਼ਤ ਤੱਕ ਵਧੇ ਟੈਕਸਾਂ 'ਚੋਂ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਆਉਣ ਵਾਲੇ 6 ਪ੍ਰਤੀਸ਼ਤ ਤੋਂ 9 ਪ੍ਰਤੀਸ਼ਤ ਦੇ ਹਿੱਸੇ ਦੀ ਟੈਕਸ ਛੋਟ ਦੇ ਕੇ ਕਿਸਾਨਾਂ, ਵਪਾਰੀਆਂ ਤੇ ਆਮ ਖਪਤਕਾਰਾਂ ਨੂੰ ਰਾਹਤ ਦੇਵੇ। ਭਗਵੰਤ ਮਾਨ ਵਪਾਰੀਆਂ ਤੇ ਉਦਯੋਗਪਤੀ ਦੇ ਪੰਜਾਬ ਦੇ ਕਰ ਤੇ ਆਬਕਾਰੀ ਵਿਭਾਗ ਵੱਲ ਫਸੇ ਪਏ 300 ਕਰੋੜ ਰੁਪਏ ਦੇ ਰਿਫੰਡ ਤੁਰੰਤ ਵਾਪਸ ਕਰਨ ਉੱਪਰ ਜ਼ੋਰ ਦਿੱਤਾ