Latest News
ਕਿਸਾਨਾਂ ਵੱਲੋਂ ਕੈਪਟਨ ਸਰਕਾਰ ਨੂੰ ਅਲਟੀਮੇਟਮ

Published on 26 Sep, 2017 11:30 AM.

ਪਟਿਆਲਾ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਦੇ ਕਿਸਾਨ ਕਰਜ਼ਾ ਮੁਆਫੀ ਲਈ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨਗੇ। ਕਿਸਾਨਾਂ ਨੇ ਸਰਕਾਰ ਨੂੰ 27 ਅਕਤੂਬਰ ਤੱਕ ਸਾਰਾ ਕਰਜ਼ਾ ਮੁਆਫ ਕਰਨ ਦੀ ਚੇਤਾਵਨੀ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਕਿ ਸੱਤ ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ 7 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ। ਜੇਕਰ ਕਿਸਾਨਾਂ ਦਾ ਪੂਰਾ ਕਰਜ਼ਾ ਮਾਫ਼ ਨਾ ਕੀਤਾ ਤਾਂ ਕਿਸਾਨ ਆਰ-ਪਾਰ ਦੀ ਲੜਾਈ ਲੜਨਗੇ। ਜਥੇਬੰਦੀਆਂ 27 ਅਕਤੂਬਰ ਨੂੰ ਮੀਟਿੰਗ ਕਰਕੇ ਅਗਲੇ ਸੰਗਰਸ਼ ਦੀ ਰਣਨੀਤੀ ਬਣਾਉਣਗੀਆਂ।
ਜਗਮੋਹਨ ਸਿੰਘ ਨੇ ਸਾਫ ਕਿਹਾ ਕਿ ਜੇਕਰ ਸਰਕਾਰ ਨੇ ਪਰਾਲੀ ਦਾ 200 ਰੁਪਏ ਏਕੜ ਮੁਆਵਜ਼ਾ ਨਾ ਦਿੱਤਾ ਤਾਂ ਉਹ ਪਰਾਲੀ ਨੂੰ ਅੱਗ ਲਾਉਣਗੇ, ਕਿਉਂਕਿ ਪਰਾਲੀ ਨੂੰ ਅੱਗ ਨਾ ਲਾਉਣ ਕਰਕੇ ਉਨ੍ਹਾਂ ਨੂੰ ਪ੍ਰਤੀ ਏਕੜ ਦਾ 6-7 ਹਜ਼ਾਰ ਰੁਪਏ ਵਾਧੂ ਖਰਚਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਫ਼ਸਲ ਦਾ ਭਾਅ ਪੂਰਾ ਨਾ ਮਿਲਣ ਕਾਰਨ ਕਿਸਾਨ ਕਰਜ਼ਾਈ ਹੋ ਰਹੇ ਹਨ, ਉਤੋਂ ਉਹ ਵਾਧੂ ਦਾ ਖਰਚਾ ਨਹੀਂ ਝੱਲ ਸਕਦੇ। ਅੱਜ ਦੇ ਇਸ ਧਰਨੇ ਵਿੱਚ ਕਿਸਾਨਾਂ ਨੇ ਪਰਾਲੀ ਦੇ ਢੇਰ ਨੂੰ ਅੱਗ ਲਾ ਕੇ ਸਰਕਾਰ ਨੂੰ ਚਿਤਾਵਨੀ ਦਿੱਤੀ। ਧਰਨੇ ਦੇ ਆਖਰੀ ਦਿਨ ਕਿਸਾਨ ਆਪਣੇ ਪਰਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਪੰਹੁਚੇ। ਕਿਸਾਨਾਂ ਨੇ ਧਰਨਾ ਸਮਾਪਤੀ ਸਮੇਂ ਭਵਾਨੀਗੜ੍ਹ ਸੰਗਰੂਰ ਸੜਕ ਉੱਤੇ ਵੱਡਾ ਮੁਜ਼ਾਹਰਾ ਕੀਤਾ।
ਉਨ੍ਹਾਂ ਕਿਹਾ ਕਿ ਕਿਸਾਨਾਂ-ਖੇਤ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਨ, ਖੁਦਕੁਸ਼ੀ ਪੀੜਤਾਂ ਨੂੰ ਚੋਣ ਵਾਅਦੇ ਮੁਤਾਬਕ 10 ਲੱਖ ਰੁਪਏ ਮੁਆਵਜ਼ਾ ਦੇਣ, ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਨ, ਕਰਜ਼ਾ ਦੇਣ ਸਮੇਂ ਬੈਂਕਾਂ, ਆੜ੍ਹਤੀਆਂ ਤੇ ਸੂਦਖੋਰਾਂ ਵੱਲੋਂ ਗੈਰ ਕਾਨੂੰਨੀ ਤੌਰ 'ਤੇ ਲਏ ਦਸਖ਼ਤਾਂ ਵਾਲੇ ਹੋਏ ਖਾਲੀ ਚੈੱਕ ਤੇ ਖਾਲੀ ਪ੍ਰਨੋਟ ਵਾਪਸ ਕਰਵਾਵੇ ਤੇ ਅੱਗੇ ਤੋਂ ਇਹ ਸਿਲਸਲਾ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਾਈ ਕੋਰਟ ਵੀ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਚਿੰਤਤ ਹੈ।
ਜ਼ਿਕਰਯੋਗ ਹੈ ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਨੇ 22 ਸਤੰਬਰ ਨੂੰ ਕਰਜ਼ਾ ਮੁਆਫ਼ੀ ਲਈ ਮੋਤੀ ਮਹਿਲ ਅੱਗੇ ਧਰਨੇ ਲਾਉਣ ਦਾ ਐਲਾਨ ਕੀਤਾ ਸੀ। ਇਸ ਨੂੰ ਗ਼ੈਰ-ਕਾਨੂੰਨੀ ਐਲਾਨਣ ਲਈ ਹਾਈ ਕੋਰਟ ਵਿੱਚ ਬੀਤੇ ਬੁੱਧਵਾਰ ਨੂੰ ਪਟੀਸ਼ਨ ਦਾਇਰ ਕੀਤੀ ਸੀ। ਇਸ ਦੀ ਵੀਰਵਾਰ ਨੂੰ ਪਹਿਲੀ ਸੁਣਵਾਈ ਦੌਰਾਨ ਕੋਰਟ ਨੇ ਕਿਸਾਨਾਂ ਦੀਆਂ ਮੰਗਾਂ ਜਾਇਜ਼ ਦੱਸਦਿਆਂ ਸਰਕਾਰ ਨੂੰ ਧਰਨੇ ਲਈ ਵੱਖਰੀ ਜਗ੍ਹਾ ਮੁਹੱਈਆ ਕਰਾਉਣ ਦੇ ਹੁਕਮ ਦਿੱਤੇ ਸੀ। ਇਸ ਤੋਂ ਬਾਅਦ ਕਿਸਾਨਾਂ ਨੇ ਪੰਜ ਦਿਨ ਦਾ ਧਰਨਾ ਪਟਿਆਲਾ ਸੰਗਰੂਰ ਰੋਡ ਪਿੰਡ ਮਹਿਮਦਪੁਰ ਦੀ ਦਾਣਾ ਮੰਡੀ ਵਿੱਚ ਲਾਇਆ।

5748 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper