ਅੱਗ ਲਗਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਦੀ ਮੌਤ


ਪਾਤੜਾਂ (ਪੱਤਰ ਪ੍ਰੇਰਕ)
ਆਪਣੇ ਆਪ ਨੂੰ ਅੱਗ ਲਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਨੇ ਜ਼ਖਮਾਂ ਦੀ ਤਾਬ ਨਾ ਝਲਦੇ ਹੋਏ ਦਮ ਤੋੜ ਦਿੱਤਾ ਹੈ। ਮ੍ਰਿਤਕ ਨੌਜਵਾਨ ਦੀ ਮਾਂ ਦੇ ਬਿਆਨਾਂ ਦੇ ਅਧਾਰ ਉਤੇ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਪਤਨੀ, ਸਾਲੇ ਤੇ ਉਸ ਦੇ ਦੋਸਤ ਸਮੇਤ ਸਕੂਲ ਦੇ ਚੇਅਰਮੈੱਨ, ਡਾਇਰੈਕਟਰ ਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਕਾਂਗਰਸ ਪਾਰਟੀ ਦੇ ਹਲਕਾ ਬੁਢਲਾਡਾ ਤੋਂ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਮ੍ਰਿਤਕ ਨੌਜਵਾਨ ਦੀ ਮਾਂ ਕਾਂਤਾ ਰਾਣੀ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਸ ਦੀ ਨੂੰਹ ਇੱਕ ਨਿੱਜੀ ਸਕੁਲ ਵਿੱਚ ਨੌਕਰੀ ਕਰਦੀ ਸੀ। ਇਸੇ ਦੌਰਾਨ ਉਸ ਦੇ ਸਕੂਲ ਦੇ ਮਾਲਕ ਰਾਕੇਸ਼ ਕਮਾਰ ਨਾਲ ਕਥਿਤ ਰੂਪ ਵਿੱਚ ਨਜਾਇਜ਼ ਸੰਬੰਧ ਬਣ ਗਏ, ਜਿਸ 'ਤੇ ਉਸ ਦੇ ਪੁੱਤਰ ਸੰਦੀਪ ਕੁਮਾਰ ਨੂੰ ਇਤਰਾਜ਼ ਸੀ। ਉਸ ਨੂੰ ਆਪਣੀ ਪਤਨੀ ਦੇ ਨਜਾਇਜ਼ ਸੰਬੰਧਾਂ ਬਾਰੇ ਪਤਾ ਲੱਗਣ 'ਤੇ ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਸਕੂਲ 'ਚ ਉਸ ਦੀ ਕੁੱਟਮਾਰ ਕੀਤੀ ਗਈ, ਜਿਸ ਮਗਰੋਂ ਸੰਦੀਪ ਦੇ ਘਰ ਵਾਲੀ ਬਿਨਾਂ ਦੱਸੇ ਆਪਣੇ ਪੇਕੇ ਘਰ ਚਲੀ ਗਈ।
ਕੁਝ ਦਿਨ ਪਹਿਲਾਂ ਉਹ ਆਪਣੇ ਘਰ ਵਾਲੀ ਨੂੰ ਲੈਣ ਲਈ ਸਹੁਰਾ ਘਰ ਬਠਿੰਡਾ ਗਿਆ ਤਾਂ ਉਸ ਦੇ ਸਾਲੇ ਅਤੇ ਦੋਸਤ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਦੌਰਾਨ ਬਠਿੰੰਡਾ ਪੁਲਸ ਨੇ ਧਾਰਾ 107/151 ਤਹਿਤ ਕਾਰਵਾਈ ਕੀਤੀ ਸੀ, ਜਿਸ ਮਗਰੋਂ ਸੰਦੀਪ ਕੁਮਾਰ ਨੂੰ ਉਸ ਦੇ ਰਿਸ਼ਤੇਦਾਰਾਂ ਨੇ ਜ਼ਮਾਨਤ 'ਤੇ ਛੁਡਵਾ ਕੇ ਸੰਗਰੂਰ ਹਸਪਤਾਲ 'ਚ ਦਾਖਲ ਕਰਵਾ ਦਿੱਤਾ। ਡਾਕਟਰਾਂ ਵੱਲੋਂ ਛੁੱਟੀ ਦੇਣ 'ਤੇ ਘਰ ਵਾਪਸ ਆਇਆ ਤਾਂ ਇਸ ਦੇ ਖ਼ਿਲਾਫ਼ ਸਕੂਲ ਦੇ ਮਾਲਕ ਵੱਲੋਂ ਪੁਲਸ ਚੌਕੀ ਪਾਤੜਾਂ ਵਿੱਚ 15 ਸਤੰਬਰ ਨੂੰ ਦਰਜ ਕਰਵਾਈ ਸੀ। ਜਿਸ ਦੀ ਪੜਤਾਲ ਲਈ ਪੁਲਸ ਆਈ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਕੂਲ ਨਾਲ ਸੰਬੰਧਤ ਕੁਝ ਵਿਅਕਤੀਆਂ ਵੱਲੋਂ ਘਰ ਨੂੰ ਘੇਰਾ ਪਾ ਲਿਆ। ਜਿਸ ਤੋਂ ਘਬਰਾ ਕੇ ਕਮਰੇ ਅੰਦਰ ਬੰਦ ਹੋ ਕੇ ਸੰਦੀਪ ਕੁਮਾਰ ਨੇ ਅੱਗ ਲਾ ਲਈ ਸੀ।
ਥਾਣਾ ਮੁਖੀ ਪਾਤੜਾਂ ਅਮਨਪਾਲ ਸਿੰਘ ਵਿਰਕ ਨੇ ਦੱਸਿਆ ਕਿ ਮਾਮਲੇ ਸੰਬੰਧੀ ਪੁਲਸ ਨੇ ਨੌਜਵਾਨ ਦੀ ਪਤਨੀ ਸਲੀਨਾ, ਸਾਲੇ ਮੋਹਿਤ ਕੁਮਾਰ ਤੇ ਉਸ ਦੇ ਦੋਸਤ ਕੁਲਦੀਪ ਕੁਮਾਰ, ਸਕੂਲ ਦੇ ਚੇਅਰਮੈੱਨ ਰਾਕੇਸ਼ ਕੁਮਾਰ, ਡਾਇਰੈਕਟਰ ਵੀਨਾ ਰਾਣੀ ਅਤੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਸਾਬਕਾ ਵਿਧਾਇਕ ਮੰਗਤ ਰਾਏ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।