ਭਾਰਤ ਸਰਕਾਰ ਦਾ ਠੀਕ ਪੈਂਤੜਾ


ਅਮਰੀਕਾ ਦੇ ਰੱਖਿਆ ਮੰਤਰੀ ਜੇਮਸ ਮੈਟਿਸ ਦੀ ਭਾਰਤ ਯਾਤਰਾ ਬਾਰੇ ਜਿਹੋ ਜਿਹੇ ਸ਼ੰਕੇ ਪ੍ਰਗਟਾਏ ਗਏ ਸਨ ਕਿ ਉਹ ਭਾਰਤ ਨੂੰ ਕਿਸੇ ਕਿਸਮ ਦੀ ਸੰਸਾਰਕ ਖਿੱਚੋਤਾਣ ਵਿੱਚ ਖਿੱਚਣ ਦਾ ਯਤਨ ਕਰ ਸਕਦਾ ਹੈ, ਲੱਗਦਾ ਹੈ ਕਿ ਇਸ ਵਿੱਚ ਕਾਫੀ ਹੱਦ ਤੱਕ ਸੱਚਾਈ ਸੀ। ਇਹੋ ਕਾਰਨ ਹੈ ਕਿ ਉਸ ਦੀ ਯਾਤਰਾ ਦੇ ਅੰਤ ਉੱਤੇ ਭਾਰਤ ਤੇ ਅਮਰੀਕਾ, ਦੋਵਾਂ ਦੇ ਰੱਖਿਆ ਮੰਤਰੀਆਂ ਦੀ ਸਾਂਝੀ ਪ੍ਰੈੱਸ ਕਾਨਫਰੰਸ ਵਿੱਚੋਂ ਇਸ ਦੀ ਕੁਝ ਸਪੱਸ਼ਟ ਝਲਕ ਮਿਲ ਗਈ ਹੈ।
ਓਥੇ ਇੱਕ ਸਵਾਲ ਅਫਗਾਨਿਸਤਾਨ ਦੇ ਹਾਲਾਤ ਅਤੇ ਉਸ ਦੇਸ਼ ਵਿੱਚ ਭਾਰਤ ਦੀ ਹੋਰ ਭੂਮਿਕਾ ਦੇ ਨਾਲ ਭਾਰਤੀ ਫੌਜ ਦੀ ਭੂਮਿਕਾ ਬਾਰੇ ਪੁੱਛਿਆ ਗਿਆ ਸੀ। ਭਾਰਤ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਬੜਾ ਸਪੱਸ਼ਟ ਆਖਿਆ ਕਿ ਉਸ ਦੇਸ਼ ਵਿੱਚ ਕਿਸੇ ਤਰ੍ਹਾਂ ਦੀ ਲੜਾਕੂ ਭੂਮਿਕਾ ਲਈ ਸਾਡੀ ਫੌਜ ਕਦੇ ਨਹੀਂ ਭੇਜੀ ਜਾਵੇਗੀ। ਇਹ ਸਵਾਲ ਇਸ ਕਰ ਕੇ ਉੱਠ ਰਿਹਾ ਸੀ ਕਿ ਪਿਛਲੇ ਦਿਨਾਂ ਵਿੱਚ ਅਮਰੀਕੀ ਸਰਕਾਰ ਦੇ ਨੇੜ ਵਾਲੇ ਕੁਝ ਲੋਕ ਇੱਕ ਤਰ੍ਹਾਂ ਅਫਗਾਨਿਸਤਾਨ ਦੇ ਹਾਲਾਤ ਵਿੱਚ ਭਾਰਤ ਦੀ ਭੂਮਿਕਾ ਨੂੰ ਵਡਿਆਉਂਦੇ ਹੋਏ ਇਸ ਦੀ ਫੌਜੀ ਸ਼ਕਤੀ ਦੀ ਭੂਮਿਕਾ ਤੱਕ ਦੀ ਗੱਲ ਵੀ ਛੇੜਦੇ ਸੁਣੇ ਜਾ ਰਹੇ ਸਨ। ਭਾਰਤ ਦੀ ਇਹੋ ਜਿਹੀ ਕੋਈ ਨੀਤੀ ਅਜੇ ਤੱਕ ਰਹੀ ਨਹੀਂ ਤੇ ਹੁਣ ਇਹ ਹੋ ਨਹੀਂ ਸਕਦੀ। ਇਸ ਲਈ ਇਸ ਮੁੱਦੇ ਉੱਤੇ ਜਿੰਨੀ ਸਪੱਸ਼ਟਤਾ ਨਾਲ ਭਾਰਤ ਦੀ ਰੱਖਿਆ ਮੰਤਰੀ ਨੇ ਆਪਣੇ ਦੇਸ਼ ਦਾ ਪੱਖ ਪ੍ਰੈੱਸ ਕਾਨਫਰੰਸ ਵਿੱਚ ਪੇਸ਼ ਕੀਤਾ ਅਤੇ ਖੁੱਲ੍ਹੀ ਗੱਲ ਕੀਤੀ, ਉਸ ਨਾਲ ਬਾਕੀ ਸਾਰੀ ਦੁਨੀਆ ਨੂੰ ਵੀ ਸਾਫ ਸੰਕੇਤ ਮਿਲ ਗਿਆ ਹੋਵੇਗਾ।
ਅਫਗਾਨਿਸਤਾਨ ਪਹਿਲਾਂ ਸੁਖੀ ਵੱਸਦਾ ਦੇਸ਼ ਹੋਇਆ ਕਰਦਾ ਸੀ। ਅਚਾਨਕ ਓਥੇ ਹਾਲਾਤ ਨੇ ਪਲਟਾ ਖਾਧਾ ਅਤੇ ਖੱਬੀ ਸੋਚ ਵਾਲੇ ਲੋਕਾਂ ਹੱਥ ਕਮਾਨ ਆ ਗਈ। ਅਮਰੀਕਾ ਨੂੰ ਇਸ ਤੋਂ ਰੂਸ ਦੇ ਕਮਿਊਨਿਸਟ ਬਲਾਕ ਵਿੱਚ ਵਾਧਾ ਹੋ ਰਿਹਾ ਜਾਪਣ ਲੱਗਾ ਤੇ ਉਸ ਨੇ ਇਸ ਦਾ ਰਾਹ ਰੋਕਣ ਲਈ, ਪਾਕਿਸਤਾਨ ਵਿੱਚ ਖੜੋ ਕੇ ਅਫਗਾਨਿਸਤਾਨ ਦੀ ਖੱਬੇ ਪੱਖੀ ਸਰਕਾਰ ਨਾਲ ਲੜਨ ਵਾਲੇ ਮੁਜਾਹਿਦ ਤਿਆਰ ਕਰਨ ਦਾ ਕੰਮ ਆਰੰਭ ਦਿੱਤਾ। ਖਰਚਾ ਅਮਰੀਕੀ ਧੜੇ ਦੇ ਦੇਸ਼ ਦੇਂਦੇ ਅਤੇ ਇਸ ਨੀਤੀ ਉੱਤੇ ਲੜਨ-ਮਰਨ ਵਾਲੇ ਮੁਜਾਹਿਦ ਤਿਆਰ ਕਰਨ ਦਾ ਕੰਮ ਓਦੋਂ ਦਾ ਪਾਕਿਸਤਾਨ ਦਾ ਫੌਜੀ ਜਰਨੈਲ ਜ਼ੀਆ ਉਲ ਹੱਕ ਓਥੋਂ ਦੀ ਫੌਜ ਦੇ ਉਸਤਾਦਾਂ ਤੋਂ ਕਰਵਾਈ ਜਾਂਦਾ ਸੀ। ਫਿਰ ਜਦੋਂ ਸੋਵੀਅਤ ਰੂਸ ਨਾ ਰਿਹਾ ਤਾਂ ਅਫਗਾਨਿਸਤਾਨ ਵਿੱਚ ਵੀ ਸਰਕਾਰ ਪਲਟ ਕੇ ਮੁਜਾਹਿਦੀਨ ਨੇ ਸਰਕਾਰ ਬਣਾ ਲਈ। ਲੜਾਈ ਫਿਰ ਵੀ ਨਾ ਮੁੱਕ ਸਕੀ। ਮੁਜਾਹਿਦੀਨ ਦੇ ਵਿਰੁੱਧ ਪਾਕਿਸਤਾਨ ਸਰਕਾਰ ਨੇ ਤਾਲਿਬਾਨ ਦਾ ਕੱਟੜਪੰਥੀ ਟੋਲਾ ਪੈਦਾ ਕਰ ਦਿੱਤਾ, ਜਿਹੜਾ ਸਾਰੀ ਦੁਨੀਆ ਉੱਤੇ ਇਸਲਾਮੀ ਝੰਡਾ ਝੁਲਾਉਣ ਦੇ ਨਾਅਰੇ ਦੇਣ ਤੋਂ ਤੁਰ ਕੇ ਦਹਿਸ਼ਤਗਰਦੀ ਦੀ ਸੰਸਾਰ ਪੱਧਰੀ ਨੀਤੀ ਦੀ ਪੜੁੱਲ ਬਣ ਗਿਆ। ਭਾਰਤ ਇਸ ਸਾਰੇ ਦੌਰ ਵਿੱਚ ਇਹ ਕਹਿੰਦਾ ਰਿਹਾ ਕਿ ਜੋ ਕੁਝ ਹੋ ਰਿਹਾ ਹੈ, ਪਾਕਿਸਤਾਨੀ ਹਕੂਮਤਾਂ ਕਰਵਾ ਰਹੀਆਂ ਹਨ ਤੇ ਇਸ ਦਾ ਵਿਰੋਧ ਕਰਨ ਦੀ ਥਾਂ ਜਿਹੜੇ ਪੱਛਮੀ ਦੇਸ਼ ਅੱਜ ਚੁੱਪ ਕੀਤੇ ਵੇਖ ਰਹੇ ਹਨ, ਇੱਕ ਦਿਨ ਉਹ ਇਸ ਨੰ ਭੁਗਤਣਗੇ। ਫਿਰ ਇਹ ਕੁਝ ਹੁੰਦਾ ਵੀ ਵੇਖਿਆ ਗਿਆ। ਇੱਕ ਖਾਸ ਮੋੜ ਉੱਤੇ ਅਮਰੀਕਾ ਨੂੰ ਅਫਗਾਨਿਸਤਾਨ ਵਿੱਚ ਆ ਕੇ ਖੁਦ ਲੜਨਾ ਪਿਆ ਸੀ।
ਹੁਣ ਜਦੋਂ ਕਈ ਸਾਲ ਲੰਘ ਜਾਣ ਦੇ ਬਾਅਦ ਵੀ ਅਮਰੀਕਾ ਉਸ ਦੇਸ਼ ਦੇ ਹਾਲਾਤ ਉੱਤੇ ਆਪਣਾ ਕੰਟਰੋਲ ਪੂਰਨ ਤੌਰ ਉੱਤੇ ਸਥਾਪਤ ਨਹੀਂ ਕਰ ਸਕਿਆ ਤੇ ਉਸ ਦੇ ਫੌਜੀ ਲਗਾਤਾਰ ਮਰਦੇ ਜਾਂਦੇ ਹਨ, ਉਹ ਇਸ ਸਥਿਤੀ ਤੋਂ ਨਿਕਲਣ ਦਾ ਰਾਹ ਲੱਭਦਾ ਪਿਆ ਹੈ। ਭਾਰਤ ਦੀਆਂ ਸਿਫਤਾਂ ਕਰਨ ਵੇਲੇ ਉਹ ਭਾਰਤੀ ਫੌਜ ਨੂੰ ਇਸ ਜੰਗ ਵਿਚ ਝੋਕ ਦੇਣ ਲਈ ਤਿਆਰੀ ਕਰ ਰਿਹਾ ਹੈ। ਇਹ ਸੱਦਾ ਕਈ ਵਾਰ ਦਿੱਤਾ ਜਾ ਚੁੱਕਾ ਹੈ। ਭਾਰਤ ਦੀਆਂ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਦਾ ਸਪੱਸ਼ਟ ਪੈਂਤੜਾ ਰਿਹਾ ਹੈ ਕਿ ਅਫਗਾਨਿਸਤਾਨ ਦੇ ਵਿਕਾਸ ਦੇ ਪ੍ਰਾਜੈਕਟਾਂ ਵਿੱਚ ਮਦਦ ਕਰ ਦਿੱਤੀ ਜਾਵੇਗੀ, ਉਨਾਂ ਦੇ ਅਰਧ-ਫੌਜੀ ਦਸਤਿਆਂ ਨੂੰ ਟਰੇਨਿੰਗ ਵੀ ਦੇ ਦਿੱਤੀ ਜਾਵੇਗੀ, ਪਰ ਓਥੇ ਲੜਾਈ ਵਿੱਚ ਆਪਣੀ ਫੌਜ ਨਹੀਂ ਝੋਕਣੀ। ਐਨ ਇਹੀ ਗੱਲ ਹੁਣ ਭਾਰਤ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਸਪੱਸ਼ਟ ਕੀਤੀ ਹੈ ਕਿ ਜ਼ਖਮੀਆਂ ਦੇ ਇਲਾਜ ਲਈ ਮਦਦ ਕੀਤੀ ਜਾ ਸਕਦੀ ਹੈ, ਵਿਕਾਸ ਦੇ ਕੰਮ ਕੀਤੇ ਜਾ ਸਕਦੇ ਹਨ, ਪਰ ਫੌਜ ਓਥੇ ਕਿਸੇ ਮੋੜ ਉੱਤੇ ਲੜਨ ਲਈ ਨਹੀਂ ਭੇਜਣੀ।
ਠੀਕ ਰਸਤਾ ਵੀ ਇਹੋ ਹੈ, ਜਿਹੜਾ ਭਾਰਤ ਸਰਕਾਰ ਨੇ ਇਸ ਵਾਰੀ ਚੋਖਾ ਖੁੱਲ੍ਹ ਕੇ ਚੁਣਿਆ ਹੈ। ਇੱਕ ਦੇਸ਼ ਵਿੱਚ ਕਦੇ ਅਮਰੀਕਾ ਦੀ ਏਦਾਂ ਦੀ ਮਦਦ ਕਰਨ ਵਾਲੀ ਭੁੱਲ ਹੋ ਗਈ ਤਾਂ ਫਿਰ ਉਹ ਜਿਸ, ਦੇਸ਼ ਵਿੱਚ ਵੀ ਆਪਣੇ ਹਿੱਤਾਂ ਖਾਤਰ ਪੇਚਾ ਪਾਇਆ ਕਰੇਗਾ, ਭਾਰਤ ਤੋਂ ਇਸੇ ਭੂਮਿਕਾ ਦੀ ਆਸ ਕਰਿਆ ਕਰੇਗਾ। ਪਾਕਿਸਤਾਨ ਨਾਲ ਮੱਤਭੇਦ ਉਸ ਦੇ ਵਧੀ ਜਾ ਰਹੇ ਹਨ। ਹੁਣ ਤੱਕ ਇਹੋ ਜਿਹੀ ਭੂਮਿਕਾ ਵਿੱਚ ਪਾਕਿਸਤਾਨੀ ਫੌਜ ਵਰਤੀ ਜਾਂਦੀ ਸੀ। ਹੁਣ ਉਸ ਦੇ ਫੌਜੀਆਂ ਨੂੰ ਕਿਰਾਏ ਦੇ ਕਾਰਿੰਦੇ ਬਣਾ ਕੇ ਵਰਤਣਾ ਸ਼ਾਇਦ ਸੰਭਵ ਨਹੀਂ ਰਿਹਾ, ਇਸ ਲਈ ਅਮਰੀਕੀ ਧਿਰ ਅਗੇਤੀ ਹੀ ਭਾਰਤੀ ਫੌਜ ਕੋਲੋਂ ਇਹੋ ਜਿਹੀ ਆਸ ਰੱਖਣ ਲੱਗੀ ਹੈ। ਭਾਰਤ ਦੇ ਲੋਕ ਆਪਣੇ ਪੁੱਤਰਾਂ ਨੂੰ ਬੇਗਾਨੀ ਲੜਾਈ ਵਿੱਚ ਭੇਜਣਾ ਪਸਂੰਦ ਨਹੀਂ ਕਰਨਗੇ।