ਯਸ਼ਵੰਤ ਸਿਨਹਾ ਵੱਲੋਂ ਮੋਦੀ ਸਰਕਾਰ 'ਤੇ ਸਿੱਧਾ ਹਮਲਾ


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਲਗਾਤਾਰ ਡਿਗਦੀ ਜੀ ਡੀ ਪੀ (ਕੁੱਲ ਘਰੇਲੂ ਉਤਪਾਦ) ਅਤੇ ਚਰਮਰਾ ਰਹੀ ਅਰਥ ਵਿਵਸਥਾ ਕਾਰਨ ਮੋਦੀ ਸਰਕਾਰ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਵਿਰੋਧੀ ਧਿਰ ਤਾਂ ਉਨ੍ਹਾ ਨੂੰ ਇਸ ਮੁੱਦੇ 'ਤੇ ਘੇਰ ਹੀ ਰਹੀ ਹੈ, ਪਰ ਹੁਣ ਆਪਣਿਆਂ ਨੇ ਵੀ ਸਰਕਾਰ ਵਿਰੁੱਧ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਹੁਣ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਯਸ਼ਵੰਤ ਸਿਨਹਾ ਨੇ ਡਿਗਦੀ ਅਰਥ ਵਿਵਸਥਾ ਨੂੰ ਲੈ ਕੇ ਵਿੱਤ ਮੰਤਰੀ ਅਰੁਣ ਜੇਤਲੀ 'ਤੇ ਨਿਸ਼ਾਨਾ ਲਾਇਆ ਹੈ।
ਇੱਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੀ ਇੰਟਰਵਿਊ 'ਚ ਸਿਨਹਾ ਨੇ ਕਿਹਾ ਕਿ ਨੋਟਬੰਦ ਨੇ ਡਿਗਦੀ ਜੀ ਡੀ ਪੀ ਨੂੰ ਹੋਰ ਕਮਜ਼ੋਰ ਕਰਨ ਲਈ ਅੱਗ 'ਤੇ ਘਿਓ ਦਾ ਕੰਮ ਕੀਤਾ। ਕਟਾਕਸ਼ ਕਰਦਿਆਂ ਯਸ਼ਵੰਤ ਸਿਨਹਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖਦੇ ਹਨ ਕਿ ਉਨ੍ਹਾ ਨੇ ਗਰੀਬੀ ਨੂੰ ਨੇੜੇ ਤੋਂ ਦੇਖਿਆ ਹੈ, ਪਰ ਹੁਣ ਜਿਸ ਤਰੀਕੇ ਨਾਲ ਉਨ੍ਹਾ ਦੇ ਵਿੱਤ ਮੰਤਰੀ ਕੰਮ ਕਰ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਉਹ ਸਾਰੇ ਭਾਰਤੀਆਂ ਨੂੰ ਗਰੀਬੀ ਨੇੜੇ ਤੋਂ ਦਿਖਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਉਨ੍ਹਾ ਕਿਹਾ ਕਿ ਅੱਜ ਦੇ ਸਮੇਂ 'ਚ ਨਾ ਹੀ ਕਿਸੇ ਨੂੰ ਨੌਕਰੀ ਮਿਲ ਰਹੀ ਹੈ ਅਤੇ ਨਾ ਹੀ ਵਿਕਾਸ 'ਚ ਤੇਜ਼ੀ ਆ ਰਹੀ ਹੈ, ਜਿਸ ਦਾ ਸਿੱਧਾ ਅਸਰ ਨਿਵੇਸ਼ ਅਤੇ ਜੀ ਡੀ ਪੀ 'ਤੇ ਪਿਆ ਹੈ।
ਵਿੱਤ ਮੰਤਰੀ ਨੂੰ ਨਿਸ਼ਾਨੇ 'ਤੇ ਲੈਂਦਿਆਂ ਸਿਨਹਾ ਨੇ ਕਿਹਾ ਕਿ ਚੋਣ ਹਾਰਨ ਦੇ ਬਾਵਜੂਦ ਉਨ੍ਹਾ ਨੂੰ ਸਭ ਤੋਂ ਅਹਿਮ ਮੰਤਰਾਲਾ ਦਿੱਤਾ ਗਿਆ। ਉਨ੍ਹਾ ਕਿਹਾ ਚੋਣਾਂ ਤੋਂ ਪਹਿਲਾਂ ਹੀ ਦੇਸ਼ ਦੇ ਵਿੱਤ ਮੰਤਰੀ ਦਾ ਨਾਂਅ ਤੈਅ ਸੀ।
ਉਨ੍ਹਾਂ ਕਿਹਾ ਕਿ ਸਹੀ ਤਰੀਕੇ ਨਾਲ ਜੀ ਐਸ ਟੀ ਨੂੰ ਲਾਗੂ ਨਾ ਕਰਨ ਨਾਲ ਅਰਥ ਵਿਵਸਥਾ ਨੂੰ ਭਾਰੀ ਝਟਕਾ ਲੱਗਾ। ਉਨ੍ਹਾ ਕਿਹਾ ਕਿ ਜੀ ਐਸ ਟੀ ਨੂੰ ਸਰਕਾਰ ਨੇ ਜਿਸ ਤਰ੍ਹਾਂ ਲਾਗੂ ਕੀਤਾ, ਉਸ ਦਾ ਵੀ ਅਰਥ ਵਿਵਸਥਾ 'ਤੇ ਨਕਾਰਾਤਮਕ ਅਸਰ ਪਿਆ। ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਦੀ ਜੀ ਡੀ ਪੀ 5.7 ਫ਼ੀਸਦੀ ਹੈ, ਜਦਕਿ ਸਰਕਾਰ ਨੇ 2015 'ਚ ਜੀ ਡੀ ਪੀ ਤੈਅ ਕਰਨ ਦਾ ਤਰੀਕਾ ਬਦਲਿਆ ਸੀ। ਜੇ ਪੁਰਾਣੇ ਨਿਯਮਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਅੱਜ ਜੀ ਡੀ ਪੀ ਸਿਰਫ਼ 3.7 ਫ਼ੀਸਦੀ ਹੈ।
ਸਿਨਹਾ ਨੇ ਕਿਹਾ ਕਿ ਮੈਂ ਵਿੱਤ ਮੰਤਰੀ ਰਹਿ ਚੁਕਾ ਹਾਂ ਅਤੇ ਮੈਨੂੰ ਪਤਾ ਹੈ ਕਿ ਵਿੱਤ ਮੰਤਰਾਲਾ ਚਲਾਉਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਜੇਤਲੀ ਦੇ ਮੋਢਿਆ 'ਤੇ ਕਈ ਕਈ ਮੰਤਰਾਲਿਆਂ ਦਾ ਭਾਰ ਰਹਿੰਦਾ ਹੈ, ਅਜਿਹੀ ਹਾਲਤ 'ਚ ਉਹ ਵਿੱਤ ਮੰਤਰਾਲੇ ਵੱਲ ਪੂਰਾ ਧਿਆਨ ਕਿਵੇਂ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾ ਦੀਆਂ ਇਹ ਗੱਲਾਂ ਦੇਸ਼ ਦੇ ਇੱਕ ਵੱਡੇ ਤਬਕੇ ਵੱਲੋਂ ਹਨ, ਜਿਨ੍ਹਾ 'ਚ ਭਾਜਪਾ ਦੇ ਉਹ ਲੋਕ ਵੀ ਸ਼ਾਮਲ ਹਨ, ਜੋ ਕੁਝ ਵੀ ਬੋਲਣ ਤੋਂ ਡਰਦੇ ਹਨ। ਉਨ੍ਹਾ ਕਿਹਾ ਕਿ ਰੇਡ ਰਾਜ (ਛਾਪਾ ਰਾਜ) ਅੱਜਕੱਲ੍ਹ ਆਮ ਗੱਲ ਹੋ ਗਈ ਹੈ। ਇਨਕਮ ਟੈਕਸ ਵਿਭਾਗ ਕੋਲ ਕਈ ਕੇਸ ਹਨ, ਜਿਸ ਨਾਲ ਲੱਖਾਂ ਲੋਕ ਜੁੜੇ ਹੋਏ ਹਨ। ਉਨ੍ਹਾ ਕਿਹਾ ਕਿ ਈ ਡੀ ਅਤੇ ਸੀ ਬੀ ਆਈ ਦੇ ਹੱਥ ਵੀ ਖਾਲੀ ਨਹੀਂ ਹਨ ਅਤੇ ਦੇਸ਼ 'ਚ ਲੋਕਾਂ ਦੇ ਮਨਾਂ 'ਚ ਡਰ ਪੈਦਾ ਕਰਨ ਦੀ ਖੇਡ ਸ਼ੁਰੂ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਸਿਨਹਾ ਵਾਜਪਾਈ ਸਰਕਾਰ 'ਚ ਵਿੱਤ ਮੰਤਰੀ ਸਨ ਅਤੇ ਉਨ੍ਹਾ ਦੇ ਵਿੱਤ ਮੰਤਰੀ ਹੁੰਦਿਆਂ ਹੀ ਇੰਡੀਆ ਮਿਲੇਨੀਅਮ ਬਾਂਡ ਵਰਗੀ ਸਫ਼ਲ ਯੋਜਨਾ ਸ਼ੁਰੂ ਕੀਤੀ ਗਈ ਸੀ। ਉਹ ਅਕਸਰ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਰਹਿੰਦੇ ਹਨ। ਉਨ੍ਹਾ ਦੇ ਪੁੱਤਰ ਜੈਅੰਤ ਸਿਨਹਾ ਨੂੰ ਪਹਿਲਾਂ ਵਿੱਤ ਮੰਤਰਾਲੇ 'ਚ ਰਾਜ ਮੰਤਰੀ ਬਣਾਇਆ ਗਿਆ ਸੀ, ਪਰ ਹੁਣ ਉਨ੍ਹਾ ਨੂੰ ਸਿਵਲ ਹਵਾਬਾਜ਼ੀ ਮੰਤਰਾਲਾ ਦਿੱਤਾ ਗਿਆ ਹੈ। ਮੰਨਿਆ ਜਾਂਦਾ ਹੈ ਕਿ ਸਿਨਹਾ ਵੱਲੋਂ ਸਰਕਾਰ ਦੀ ਆਲੋਚਨਾ ਕਾਰਨ ਹੀ ਜੈਅੰਤ ਸਿਨਹਾ ਨੂੰ ਵਿਭਾਗ ਬਦਲ ਕੇ ਘੱਟ ਅਹਿਮੀਅਤ ਵਾਲਾ ਵਿਭਾਗ ਦਿੱਤਾ ਗਿਆ ਹੈ।