Latest News

ਯਸ਼ਵੰਤ ਸਿਨਹਾ ਦਾ ਸੱਚ

Published on 28 Sep, 2017 10:47 AM.


ਯਸ਼ਵੰਤ ਸਿਨਹਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਹਨ ਤੇ ਭਾਰਤ ਦੇ ਖਜ਼ਾਨਾ ਮੰਤਰੀ ਵੀ ਰਹਿ ਚੱਕੇ ਹਨ। ਇਸ ਪੱਧਰ ਦਾ ਕੋਈ ਨੇਤਾ ਬੋਲਦਾ ਹੈ ਤਾਂ ਲੋਕ ਆਮ ਤੌਰ ਉੱਤੇ ਗਹੁ ਨਾਲ ਸੁਣਦੇ ਹਨ ਪਰ ਜਦੋਂ ਉਹ ਇਹੋ ਜਿਹੇ ਮੁੱਦੇ ਬਾਰੇ ਬੋਲਦਾ ਹੋਵੇ, ਜਿਸ ਦਾ ਜ਼ਿੰਮਾ ਸੰਭਾਲ ਚੁੱਕਾ ਹੈ ਤਾਂ ਲੋਕਾਂ ਦੀ ਉਤਸੁਕਤਾ ਹੋਰ ਵਧਣੀ ਸੁਭਾਵਕ ਹੁੰਦੀ ਹੈ। ਦੇਸ਼ ਦੀ ਆਰਥਿਕਤਾ ਬਾਰੇ ਜਦੋਂ ਦੋ ਦਿਨ ਪਹਿਲਾਂ ਯਸ਼ਵੰਤ ਸਿਨਹਾ ਨੇ ਕਲਮ ਚੁੱਕੀ ਤੇ ਇੱਕ ਲੇਖ ਲਿਖਿਆ ਤਾਂ ਉਸ ਨਾਲ ਏਸੇ ਲਈ ਸਾਰੇ ਦੇਸ਼ ਵਿੱਚ ਹਲਚਲ ਸ਼ੁਰੂ ਹੋ ਗਈ ਸੀ। ਫਿਰ ਉਸ ਨੇ ਮੀਡੀਆ ਨਾਲ ਗੱਲਬਾਤ ਮੌਕੇ ਆਪਣੇ ਮਨ ਵਿਚਲੀ ਗੱਲ ਹੋਰ ਸਪੱਸ਼ਟ ਸ਼ਬਦਾਂ ਵਿੱਚ ਆਖੀ, ਜਿਸ ਨਾਲ ਕੇਂਦਰ ਸਰਕਾਰ ਚਲਾ ਰਹੇ ਆਗੂਆਂ ਨੂੰ ਚੰਗਾ ਨਹੀਂ ਸੀ ਲੱਗਣਾ, ਪਰ ਦੇਸ਼ ਦੇ ਲੋਕਾਂ ਨੂੰ ਕੁਝ ਨਾ ਕੁਝ ਸਮਝਣ ਵਿੱਚ ਮਦਦ ਜ਼ਰੂਰ ਮਿਲੀ ਹੈ। ਉਨ੍ਹਾ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਇਸ ਵਕਤ ਦੇਸ਼ ਦੀ ਆਰਥਿਕਤਾ ਇੱਕ ਮਾਰੂ-ਰਾਹ ਉੱਤੇ ਚੱਲਦੀ ਪਈ ਹੈ, ਜਿਸ ਤੋਂ ਮੋੜਾ ਕੱਟਣ ਦੀ ਲੋੜ ਹੈ।
ਜਿਹੜੀ ਗੱਲ ਯਸ਼ਵੰਤ ਸਿਨਹਾ ਨੇ ਹੁਣ ਆਖੀ ਹੈ, ਇਸ ਨੂੰ ਆਪੋ ਆਪਣੇ ਤਰੀਕੇ ਨਾਲ ਇਸ ਤੋਂ ਪਹਿਲਾਂ ਬਹੁਤ ਸਾਰੇ ਹੋਰ ਵੀ ਲੋਕ ਕਹਿ ਚੁੱਕੇ ਹਨ, ਪਰ ਉਨ੍ਹਾਂ ਦੀ ਪ੍ਰਵਾਹ ਭਾਜਪਾ ਲੀਡਰਸ਼ਿਪ ਤੇ ਕੇਂਦਰ ਸਰਕਾਰ ਚਲਾਉਣ ਵਾਲਿਆਂ ਨੇ ਨਹੀਂ ਸੀ ਕੀਤੀ। ਹੁਣ ਜਦੋਂ ਉਹੋ ਗੱਲ ਅਟਲ ਬਿਹਾਰੀ ਵਾਜਪਾਈ ਵਰਗੇ ਕੱਦਾਵਰ ਪ੍ਰਧਾਨ ਮੰਤਰੀ ਨਾਲ ਖਜ਼ਾਨਾ ਮੰਤਰੀ ਤੇ ਵਿਦੇਸ਼ ਮੰਤਰੀ ਦੇ ਅਹੁਦੇ ਸੰਭਾਲ ਚੁੱਕੇ ਉਨ੍ਹਾਂ ਦੇ ਆਪਣੇ ਆਗੂ ਨੇ ਕਹੀ ਹੈ ਤਾਂ ਉਨ੍ਹਾਂ ਹੀ ਕੇਂਦਰੀ ਆਗੂਆਂ ਅਤੇ ਸਰਕਾਰ ਚਲਾਉਣ ਵਾਲੀ ਟੀਮ ਨੂੰ ਇਹ ਗੱਲ ਅਣਗੌਲੀ ਕਰ ਦੇਣੀ ਔਖੀ ਹੋਈ ਪਈ ਹੈ। ਭਾਜਪਾ ਦੇ ਲੀਡਰ ਵਾਰੀ-ਵਾਰੀ ਯਸ਼ਵੰਤ ਸਿਨਹਾ ਦੇ ਸ਼ਬਦਾਂ ਦੀ ਕਾਟ ਪੇਸ਼ ਕਰ ਰਹੇ ਹਨ। ਯਸ਼ਵੰਤ ਸਿਨਹਾ ਦੇ ਪੁੱਤਰ ਤੋਂ ਵੀ ਇਹ ਕੰਮ ਕਰਾਇਆ ਗਿਆ ਹੈ।
ਅਸਲ ਵਿੱਚ ਇਸ ਕਸੂਤਾ ਫਸਾਉਣ ਵਾਲੀ ਸਥਿਤੀ ਦਾ ਮੁੱਢ ਪਿਛਲੇ ਸਾਲ ਓਦੋਂ ਬੱਝ ਗਿਆ ਸੀ, ਜਦੋਂ ਸਰਕਾਰ ਨੇ ਅਚਾਨਕ ਨੋਟਬੰਦੀ ਕਰਨ ਦਾ ਫੈਸਲਾ ਲਿਆ ਸੀ। ਆਮ ਲੋਕ ਉਲਝ ਕੇ ਰਹਿ ਗਏ ਤੇ ਪ੍ਰਧਾਨ ਮੰਤਰੀ ਇਹ ਕਹਿੰਦਾ ਸੀ ਕਿ ਸਿਰਫ ਉਹੀ ਲੋਕ ਦੁਹਾਈ ਪਾਉਂਦੇ ਹਨ, ਜਿਨ੍ਹਾਂ ਕੋਲ ਕਾਲਾ ਧਨ ਹੈ। ਫਿਰ ਕਾਲਾ ਧਨ ਕਿਸੇ ਨੂੰ ਨਿਕਲਦਾ ਦਿੱਸ ਨਹੀਂ ਸੀ ਸਕਿਆ ਤੇ ਇਸ ਉਲਝਣ ਵਿਚ ਫਸੇ ਹੋਏ ਇੱਕ ਸੌ ਤੋਂ ਵੱਧ ਲੋਕ ਬੈਂਕਾਂ ਅੱਗੇ ਕਤਾਰਾਂ ਵਿੱਚ ਖੜੇ ਆਪਣੀ ਜਾਨ ਗੁਆ ਬੈਠੇ ਸਨ। ਬਾਅਦ ਵਿੱਚ ਇਹ ਗੱਲ ਲੋਕਾਂ ਨੂੰ ਹੋਰ ਹੈਰਾਨੀ ਵਾਲੀ ਲੱਗੀ ਕਿ ਜਿਹੜੇ ਨਵੇਂ ਨੋਟ ਦੋ-ਚਾਰ ਹਜ਼ਾਰ ਲੈਣ ਲਈ ਆਮ ਬੰਦੇ ਨੂੰ ਬੈਂਕਾਂ ਅੱਗੇ ਘੰਟਿਆਂ-ਬੱਧੀ ਖੜੇ ਹੋਣਾ ਪੈਂਦਾ ਸੀ, ਉਹ ਲੱਖਾਂ ਹੀ ਨਹੀਂ, ਕਰੋੜਾਂ ਦੀਆਂ ਪੰਡਾਂ ਅਮੀਰਾਂ ਦੇ ਕੋਲ ਫੜੀਆਂ ਜਾ ਰਹੀਆਂ ਸਨ ਤੇ ਕੋਈ ਜਾਂਚ ਕੀਤੇ ਬਿਨਾਂ ਕੇਸ ਠੱਪੇ ਜਾ ਰਹੇ ਸਨ। ਓਦੋਂ ਪਿਆ ਖਿਲਾਰਾ ਹਾਲੇ ਸੰਭਾਲਿਆ ਨਹੀਂ ਸੀ ਗਿਆ ਕਿ ਫਿਰ ਕਾਹਲ ਕਦਮੀ ਵਿੱਚ ਜੀ ਐੱਸ ਟੀ ਵਾਲਾ ਟੈਕਸ ਸਿਸਟਮ ਲਾਗੂ ਕਰ ਦਿੱਤਾ ਗਿਆ।
ਵੱਡੇ ਦਫਤਰਾਂ ਵਿੱਚ ਬੈਠ ਕੇ ਸਕੀਮਾਂ ਬਣਾਉਣ ਤੇ ਲਾਗੂ ਕਰਨ ਵਾਲੇ ਇਹ ਗੱਲ ਨਹੀਂ ਜਾਣਦੇ ਕਿ ਜਿਨ੍ਹਾਂ ਲੋਕਾਂ ਨੇ ਇਸ ਉੱਤੇ ਅਮਲ ਕਰਨਾ ਹੈ, ਉਨ੍ਹਾਂ ਦਾ ਕੀ ਹਾਲ ਹੁੰਦਾ ਹੈ! ਸਧਾਰਨ ਕਾਰੋਬਾਰੀ ਨੂੰ ਜੀ ਐੱਸ ਟੀ ਲਾਗੂ ਕਰਨ ਨਾਲ ਹਰ ਮਹੀਨੇ ਟੈਕਸ ਰਿਟਰਨਾਂ ਭਰਨ ਦਾ ਇਹੋ ਜਿਹਾ ਝਮੇਲਾ ਪਾ ਦਿੱਤਾ ਗਿਆ ਹੈ ਕਿ ਉਹ ਕਾਰੋਬਾਰ ਛੱਡ ਕੇ ਰਿਟਰਨਾਂ ਦੇ ਮਗਰ ਹੀ ਭੱਜਾ ਫਿਰਦਾ ਦਿਖਾਈ ਦੇਂਦਾ ਹੈ। ਸਰਕਾਰ ਇਸ ਸਿਸਟਮ ਦੀਆਂ ਸਿਫਤਾਂ ਕਰੀ ਜਾਂਦੀ ਹੈ। ਕਈ ਵਿਦੇਸ਼ੀ ਸੰਸਥਾਵਾਂ ਨੇ ਭਵਿੱਖ ਦੇ ਸੌਦਿਆਂ ਖਾਤਰ ਪ੍ਰਧਾਨ ਮੰਤਰੀ ਦੇ ਪੱਖ ਵਿੱਚ ਜੋ ਕੁਝ ਕਿਹਾ, ਉਹ ਲੋਕਾਂ ਮੂਹਰੇ ਮੀਡੀਏ ਦੇ ਰਾਹੀਂ ਪਰੋਸ ਦਿੱਤਾ ਜਾਂਦਾ ਹੈ, ਪਰ ਜਿਹੜਾ ਵਿਰੋਧ ਦਾ ਕੋਈ ਪੱਖ ਆਉਂਦਾ ਹੈ, ਉਹ ਲੁਕਾਉਣ ਦਾ ਯਤਨ ਕੀਤਾ ਜਾਂਦਾ ਹੈ। ਬੀਤੇ ਹਫਤੇ ਦੌਰਾਨ ਇਸ ਤਰ੍ਹਾਂ ਦੇ ਕਈ ਪੱਖ ਉੱਭਰ ਕੇ ਆਏ ਹਨ, ਜਿਨ੍ਹਾਂ ਵਿੱਚ ਨੋਟਬੰਦੀ ਅਤੇ ਜੀ ਐੱਸ ਟੀ ਨਾਲ ਭਾਰਤ ਦੀ ਆਰਥਿਕਤਾ ਨੂੰ ਵੱਜਦੇ ਨਾਂਹ-ਪੱਖੀ ਝਟਕਿਆਂ ਦੀ ਗੱਲ ਕੀਤੀ ਗਈ ਹੈ। ਏਸ਼ੀਅਨ ਡਿਵੈੱਲਪਮੈਂਟ ਬੈਂਕ ਨੇ ਭਾਰਤ ਦੀ ਵਿਕਾਸ ਦਰ ਦਾ ਅੰਦਾਜ਼ਾ ਵੀ ਸੋਧ ਕੇ ਹੇਠਾਂ ਲੈ ਆਂਦਾ ਹੈ ਅਤੇ ਕੁਝ ਸੰਸਥਾਵਾਂ ਨੇ ਭਾਰਤ ਦੀ ਰੇਟਿੰਗ ਡਿੱਗਣ ਦੀ ਰਿਪੋਰਟ ਵੀ ਪੇਸ਼ ਕੀਤੀ ਹੈ। ਭਾਰਤ ਸਰਕਾਰ ਇਸ ਕੌੜੀ ਸੱਚਾਈ ਤੋਂ ਪਾਸਾ ਵੱਟਣ ਦਾ ਯਤਨ ਕਰ ਰਹੀ ਹੈ।
ਹੁਣ ਜਦੋਂ ਯਸ਼ਵੰਤ ਸਿਨਹਾ ਨੇ ਇਹੋ ਗੱਲ ਕਹਿ ਦਿੱਤੀ ਹੈ ਤੇ ਪੂਰੇ ਜ਼ੋਰ ਨਾਲ ਕਹੀ ਹੈ ਤਾਂ ਸਰਕਾਰ ਦੀ ਧੁਰੀ ਸਮਝੇ ਜਾਂਦੇ ਕਈ ਲੋਕ ਗੁੱਸੇ ਵਿੱਚ ਹਨ। ਉਹ ਇਹ ਗੱਲ ਭੁੱਲ ਜਾਂਦੇ ਹਨ ਕਿ ਯਸ਼ਵੰਤ ਸਿਨਹਾ ਨੇ ਤਾਂ ਇਹ ਹੁਣ ਕਿਹਾ ਹੈ, ਉਸ ਦੇ ਕਹਿਣ ਤੋਂ ਪਹਿਲਾਂ ਪਿਛਲੇ ਹਫਤੇ ਦੌਰਾਨ ਦੋ ਵਾਰੀ ਸਰਕਾਰ ਚਲਾ ਰਹੀ ਟੀਮ ਏਸੇ ਮੁੱਦੇ ਉੱਤੇ ਵਿਚਾਰ ਲਈ ਮੀਟਿੰਗਾਂ ਕਰ ਚੁੱਕੀ ਹੈ। ਏਜੰਡਾ ਉਨ੍ਹਾਂ ਮੀਟਿੰਗਾਂ ਦਾ ਵੀ ਇਹੋ ਸੀ। ਸਰਕਾਰ ਚਲਾ ਰਹੀ ਟੀਮ ਇਸ ਬਾਰੇ ਸਾਰਾ ਕੁਝ ਜਾਣਦੇ ਹੋਣ ਦੇ ਬਾਵਜੂਦ ਮੰਨਣਾ ਨਹੀਂ ਚਾਹੁੰਦੀ। ਉਹ ਲੋਕਾਂ ਨੂੰ ਭਰਮ ਦੀ ਸਥਿਤੀ ਵਿੱਚ ਰੱਖਣਾ ਚਾਹੁੰਦੀ ਹੈ। ਯਸ਼ਵੰਤ ਸਿਨਹਾ ਦੇ ਕਹਿਣ ਨਾਲ ਜਿਹੜਾ ਸੱਚ ਲੋਕਾਂ ਦੇ ਸਾਹਮਣੇ ਆ ਗਿਆ ਹੈ, ਉਸ ਨੂੰ ਹੁਣ ਪ੍ਰਵਾਨ ਕਰ ਲੈਣਾ ਚਾਹੀਦਾ ਹੈ।

937 Views

e-Paper