ਜੈਅੰਤ ਵੱਲੋਂ ਪਿਤਾ ਨੂੰ ਮੋੜਵਾਂ ਜਵਾਬ ਨੋਟਬੰਦੀ ਤੇ ਜੀ ਐੱਸ ਟੀ ਨੂੰ ਦੱਸਿਆ ਗੇਮ ਚੇਂਜਰ


ਸਿਵਲ ਹਵਾਬਾਜ਼ੀ ਬਾਰੇ ਰਾਜ ਮੰਤਰੀ ਜੈਅੰਤ ਸਿਨਹਾ ਨੇ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਬਾਰੇ ਆਪਣੇ ਪਿਤਾ ਅਤੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਦੇ ਲੇਖ ਦਾ ਜੁਆਬ ਦਿੱਤਾ ਹੈ। ਉਨ੍ਹਾ ਨੇ ਆਪਣੇ ਪਿਤਾ ਦੀ ਤਰਜ਼ 'ਤੇ ਇੱਕ ਅੰਗਰੇਜ਼ੀ ਅਖਬਾਰ 'ਚ ਲੇਖ ਲਿਖਆ ਹੈ, ਜਿਸੇ 'ਚ ਆਪਣੇ ਪਿਤਾ ਦੇ ਵਿਚਾਰਾਂ ਨਾਲ ਅਸਹਿਮਤੀ ਪ੍ਰਗਟ ਕਰਦਿਆਂ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦਾ ਜ਼ੋਰਦਾਰ ਤਰੀਕੇ ਨਾਲ ਬਚਾਅ ਕੀਤਾ ਹੈ।
ਆਪਣੇ ਲੇਖ 'ਚ ਜੈਅੰਤ ਸਿਨਹਾ ਨੇ ਲਿਖਿਆ ਹੈ ਕਿ ਮੌਜੂਦਾ ਆਰਥਿਕ ਨੀਤੀ ਨਵੇਂ ਭਾਰਤ ਦੇ ਨਿਰਮਾਣ ਦੀ ਦਿਸ਼ਾ 'ਚ ਚੁੱਕਿਆ ਗਿਆ ਕਦਮ ਹੈ ਅਤੇ ਇਹ ਪਾਰਦਰਸ਼ੀ ਮੁਕਾਬਲੇਬਾਜ਼ ਅਤੇ ਪ੍ਰਗਤੀਸ਼ੀਲ ਅਰਥ ਵਿਵਸਥਾ ਲਈ ਬੇਹੱਦ ਜ਼ਰੂਰੀ ਹੈ। ਉਨ੍ਹਾ ਕਿਹਾ ਕਿ ਇੱਕ ਜਾਂ ਦੋ ਤਿਮਾਹੀ ਦੇ ਨਤੀਜਿਆਂ ਨਾਲ ਅਰਥ ਵਿਵਸਥਾ ਦਾ ਅਨੁਮਾਨ ਲਾਉਣਾ ਠੀਕ ਨਹੀਂ ਹੈ। ਜੀ ਐੱਸ ਟੀ ਅਤੇ ਨੋਟਬੰਦੀ ਨੂੰ ਗੇਮ ਚੇਂਜਰ ਦਸਦਿਆਂ ਉਨ੍ਹਾ ਕਿਹਾ ਕਿ ਤਕਰੀਬਨ 5 ਹਜ਼ਾਰ ਪਿੰਡ ਹੀ ਅਜਿਹੇ ਬਚੇ ਹਨ, ਜਿੱਥੇ ਬਿਜਲੀ ਪਹੁੰਚਾਉਣਾ ਬਾਕੀ ਹੈ ਅਤੇ 2018 ਤੱਕ ਹੀ ਇਹ ਟੀਚਾ ਪੂਰਾ ਕਰ ਲਿਆ ਜਾਵੇਗਾ। ਆਪਣੇ ਪਿਤਾ ਦੇ ਲੇਖ ਦਾ ਅਸਿੱਧੇ ਰੂਪ 'ਚ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਹਾਲ 'ਚ ਜਿਹੜੇ ਲੇਖ ਲਿਖੇ ਗਏ ਹਨ, ਉਨ੍ਹਾ 'ਚ ਤੱਥਾਂ ਦੀ ਕਮੀ ਹੈ।
ਜ਼ਿਕਰਯੋਗ ਹੈ ਕਿ ਉਨ੍ਹਾ ਦੇ ਪਿਤਾ ਯਸ਼ਵੰਤ ਸਿੰਘ ਨੇ ਕਿਹਾ ਕਿ 2019 ਦੀਆਂ ਚੋਣਾਂ ਤੋਂ ਪਹਿਲਾਂ ਅਰਥ ਵਿਵਸਥਾ ਨੂੰ ਪਟੜੀ 'ਤੇ ਲਿਆਉਣਾ ਸੰਭਵ ਨਹੀਂ ਹੈ। ਉਨ੍ਹਾ ਕਿਹਾ ਕਿ ਨਿਤਿਨ ਗਡਕਰੀ ਤੋਂ ਬਿਨਾਂ ਕਿਸੇ ਹੋਰ ਮੰਤਰੀ ਦੀ ਕਾਰਗੁਜ਼ਾਰੀ ਤਸੱਲੀਬਖਸ਼ ਨਹੀਂ ਰਹੀ। ਉਨ੍ਹਾ ਕਿਹਾ ਕਿ ਨਵੀਆਂ ਆਰਥਿਕ ਨੀਤੀਆਂ ਨਾਲ ਰੁਜ਼ਗਾਰ ਪੈਦਾ ਹੋ ਰਿਹਾ ਹੈ ਅਤੇ ਨਾ ਹੀ ਅਰਥ ਵਿਵਸਥਾ 'ਚ ਉਮੀਦ ਅਨੁਸਾਰ ਨਿੱਜੀ ਨਿਵੇਸ਼ ਹੋ ਰਿਹਾ ਹੈ।