ਯਸ਼ਵੰਤ ਵੱਲੋਂ ਹੁਣ ਮੋਦੀ 'ਤੇ ਸਿੱਧਾ ਹਮਲਾ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਅਰਥ ਵਿਵਸਥਾ ਦੇ ਮੁੱਦੇ 'ਤੇ ਮੋਦੀ ਸਰਕਾਰ ਨੂੰ ਘੇਰ ਰਹੇ ਭਾਜਪਾ ਦੇ ਸੀਨੀਅਰ ਆਗੂ ਯਸ਼ਵੰਤ ਸਿਨਹਾ ਨੇ ਕਿਹਾ ਹੈ ਕਿ ਅਰਥ ਵਿਵਸਥਾ ਦੀ ਹਾਲਤ ਖਰਾਬ ਹੈ। ਉਨ੍ਹਾ ਕਿਹਾ ਕਿ ਉਹ ਪਿਛਲੇ ਇੱਕ ਸਾਲ ਤੋਂ ਪ੍ਰਧਾਨ ਮੰਤਰੀ ਤੋਂ ਮੁਲਾਕਾਤ ਲਈ ਸਮਾਂ ਮੰਗ ਰਹੇ ਹਨ, ਪਰ ਅਜੇ ਤੱਕ ਸਮਾਂ ਨਹੀਂ ਮਿਲਿਆ। ਉਨ੍ਹਾ ਕਿਹਾ ਕੇ ਕਈ ਮੰਤਰੀਆਂ ਤੋਂ ਮਿਲਣ ਦਾ ਸਮਾਂ ਮੰਗਿਆ, ਪਰ ਸਮਾਂ ਨਹੀਂ ਦਿੱਤਾ ਗਿਆ। ਇਸ ਤੋਂ ਸਾਫ ਹੈ ਕਿ ਉਨ੍ਹਾ ਦੀ ਨਜ਼ਰ 'ਚ ਮੇਰੀ ਕੀ ਅਹਿਮੀਅਤ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਿਫਤ ਕਰਦਿਆਂ ਉਨ੍ਹਾ ਕਿਹਾ ਕਿ ਮਨਮੋਹਨ ਸਿੰਘ ਵੱਲੋਂ ਰਾਜ ਸਭਾ 'ਚ ਦਿੱਤਾ ਗਿਆ ਭਾਸ਼ਣ ਬਿਲਕੁਲ ਸਹੀ ਸਾਬਤ ਹੋਇਆ। ਉਨ੍ਹਾ ਕਿਹਾ ਕਿ ਡਾ. ਮਨਮੋਹਨ ਸਿੰਘ ਇੱਕ ਵੱਡੇ ਅਰਥ ਸ਼ਾਸਤਰੀ ਹਨ। ਸਰਕਾਰ ਨੂੰ ਉਨ੍ਹਾ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਅਤੇ ਉਨ੍ਹਾਂ 'ਤੇ ਅਮਲ ਕਰਨਾ ਚਾਹੀਦਾ ਹੈ।
ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੀਆਂ ਧੱਜੀਆਂ ਉਡਾਉਣ ਮਗਰੋਂ ਫੇਰ ਹਮਲੇ ਜਾਰੀ ਰੱਖਦਿਆਂ ਯਸ਼ਵੰਤ ਸਿਨਹਾ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਅਰਥ ਵਿਵਸਥਾ 'ਚ ਗਿਰਾਵਟ ਦਾ ਦੌਰ ਲਗਾਤਾਰ ਜਾਰੀ ਹੈ ਅਤੇ ਇਸ ਲਈ ਪਿਛਲੀਆਂ ਸਰਕਾਰਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾ ਕਿਹਾ ਕਿ 40 ਮਹੀਨੇ ਸਰਕਾਰ 'ਚ ਰਹਿਣ ਮਗਰੋਂ ਪਿਛਲੀ ਸਰਕਾਰ 'ਤੇ ਦੋਸ਼ ਨਹੀਂ ਮੜਿਆ ਜਾ ਸਕਦਾ।
ਉਨ੍ਹਾ ਕਿਹਾ ਕਿ ਯੂ ਪੀ ਏ ਵੇਲੇ ਨੀਤੀਆਂ ਦਾ ਅਧਰੰਗ ਸੀ ਅਤੇ ਆਸ ਸੀ ਕਿ ਮੋਦੀ ਸਰਕਾਰ ਬਣਨ ਮਗਰੋਂ ਸਭ ਠੀਕ ਹੋ ਜਾਵੇਗਾ ਅਤੇ ਅਸੀਂ ਕੁਝ ਅੱਗੇ ਵਧੇ, ਪਰ ਉਹ ਗਤੀ ਨਜ਼ਰ ਨਾ ਆਈ, ਜਿਹੜੀ ਹੋਣੀ ਚਾਹੀਦੀ ਸੀ। ਉਨ੍ਹਾ ਕਿਹਾ ਕਿ ਅਰਥਚਾਰੇ 'ਚ ਗਿਰਾਵਟ ਨਾਲ ਬੇਰੁਜ਼ਗਾਰੀ ਵੀ ਵਧੀ ਹੈ।
ਬੈਂਕਾਂ ਦੇ ਫਸੇ ਕਰਜ਼ੇ ਦਾ ਜ਼ਿਕਰ ਕਰਦਿਆਂ ਸਿਨਹਾ ਨੇ ਕਿਹਾ ਕਿ ਬੈਂਕਾਂ ਦੇ 8 ਲੱਖ ਕਰੋੜ ਰੁਪਏ ਫਸੇ ਹੋਏ ਹਨ ਅਤੇ ਐੱਨ ਪੀ ਏ ਕਾਰਨ ਬੈਂਕਾਂ ਨੇ ਕਰਜ਼ਾ ਦੇਣਾ ਬੰਦ ਕਰ ਦਿੱਤਾ ਹੈ, ਜਿਸ ਕਰਕੇ ਨਿੱਜੀ ਨਿਵੇਸ਼ ਨਹੀਂ ਹੋ ਰਿਹਾ। ਉਨ੍ਹਾ ਕਿਹਾ ਕਿ ਐੱਨ ਪੀ ਏ ਨੂੰ ਕਾਬੇ ਕੀਤੇ ਜਾਣ ਦੀ ਜ਼ਰੂਰਤ ਹੈ, ਪਰ ਸਰਕਾਰ ਨੇ ਇਸ ਲਈ ਅਜੇ ਤੱਕ ਕੋਈ ਕਦਮ ਨਹੀਂ ਚੁੱਕਿਆ ਅਤੇ 40 ਵੱਡੀਆਂ ਕੰਪਨੀਆਂ ਵਿਰੁੱਧ ਦਿਵਾਲੀਆਪਨ ਦੀ ਪ੍ਰਕਿਰਿਆ ਚੱਲ ਰਹੀ ਹੈ।
ਨੋਟਬੰਦੀ ਅਤੇ ਜੀ ਐਸ ਟੀ ਦੀ ਟਾਈਮਿੰਗ 'ਤੇ ਸੁਆਲ ਕਰਦਿਆਂ ਉਨ੍ਹਾ ਕਿਹਾ ਕਿ ਲੋਕ ਇੱਕ ਝਟਕੇ ਤੋਂ ਬਾਹਰ ਨਹੀਂ ਆਏ ਸਨ ਕਿ ਦੂਜਾ ਝਟਕਾ ਦੇ ਦਿੱਤਾ ਗਿਆ। ਉਨ੍ਹਾ ਕਿਹਾ ਕਿ ਡੇਢ ਸਾਲ ਤੋਂ ਅਰਥਚਾਰੇ ਦੀ ਰਫਤਾਰ ਸੁਸਤ ਹੈ ਅਤੇ ਪਿਛਲੀਆਂ 6 ਤਿਮਾਹੀਆਂ ਤੋਂ ਅਰਥ ਵਿਵਸਥਾ 'ਚ ਲਗਾਤਾਰ ਗਿਰਾਵਟ ਆ ਰਹੀ ਹੈ ਕਿ ਅਚਾਨਕ ਨੋਟਬੰਦੀ ਆ ਗਈ। ਉਨ੍ਹਾ ਕਿਹਾ ਕਿ ਜਦੋਂ ਅਰਥ ਵਿਵਸਥਾ ਚਰਮਰਾ ਰਹੀ ਸੀ ਤਾਂ ਨੋਟਬੰਦੀ ਨਹੀਂ ਕੀਤੀ ਜਾਣੀ ਚਾਹੀਦੀ ਸੀ। ਨਵੰਬਰ 'ਚ ਨੋਟਬੰਦੀ ਕੀਤੀ ਗਈ ਅਤੇ ਲੋਕ ਅਜੇ ਇਸ ਝਟਕੇ 'ਚੋਂ ਬਾਹਰ ਨਹੀਂ ਆਏ ਸਨ ਕਿ ਜੁਲਾਈ 'ਚ ਜੀ ਐੱਸ ਟੀ ਲਾ ਦਿੱਤੀ। ਉਨ੍ਹਾ ਕਿਹਾ ਕਿ ਹੋ ਸਕਦਾ ਹੈ ਕਿ ਨੋਟਬੰਦੀ ਦੇ ਅੱਗੇ ਚੱਲ ਕੇ ਚੰਗੇ ਨਤੀਜੇ ਨਿਕਲਣ, ਪਰ ਸਰਕਾਰ ਨੂੰ ਉਸ ਦੇ ਫੌਰੀ ਅਸਰ ਦਾ ਅਧਿਐਨ ਕਰਨਾ ਚਾਹੀਦਾ ਹੈ।
ਸਿਨਹਾ ਨੇ ਕਿਹਾ ਕਿ ਜੀ ਐੱਸ ਟੀ ਦੀ ਮੈਂ ਸਭ ਤੋਂ ਵਧ ਹਮਾਇਤ ਕੀਤੀ, ਪਰ ਜਿਸ ਤਰ੍ਹਾਂ ਨਾਲ ਉਸ ਨੂੰ ਲਾਗੂ ਕੀਤਾ ਗਿਆ ਸਭ ਕੁਝ ਗੜਬੜ ਹੋ ਗਿਆ। ਨੋਟਬੰਦੀ ਦੇ ਝਟਕੇ ਮਗਰੋਂ ਜੀ ਐੱਸ ਟੀ ਲਾ ਕੇ ਇੱਕ ਹੋਰ ਝਟਕਾ ਦੇ ਦਿੱਤਾ ਗਿਆ। ਉਨ੍ਹਾ ਕਿਹਾ ਕਿ ਅਸੀਂ ਜੀ ਐੱਸ ਟੀ 1 ਅਕਤੂਬਰ ਤੋਂ ਲਾਗੂ ਕਰਨ ਲਈ ਕਿਹਾ ਸੀ। ਉੇਂਝ ਇਸ ਨੂੰ ਮਾਲੀ ਸਾਲ 1 ਅਪ੍ਰੈਲ ਤੋਂ ਵੀ ਲਾਗੂ ਕੀਤਾ ਜਾ ਸਕਦਾ ਸੀ। ਉਨ੍ਹਾ ਕਿਹਾ ਕਿ ਜੀ ਐੱਸ ਟੀ ਫੇਲ੍ਹ ਹੋ ਰਿਹਾ ਤੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧ ਰਹੀਆਂ ਹਨ।
ਕੇਂਦਰੀ ਮੰਤਰੀਆਂ ਵੱਲੋਂ ਆਪਣੀ ਆਲੋਚਨਾ 'ਤੇ ਕਟਾਕਸ਼ ਕਰਦਿਆਂ ਉਨ੍ਹਾ ਕਿਹਾ ਕਿ ਹੋ ਸਕਦਾ ਹੈ ਕਿ ਮੈਂ ਉਨ੍ਹਾ ਅਰਥ-ਸ਼ਾਸਤਰ ਨਹੀਂ ਜਾਣਦਾ। ਜਿੰਨਾ ਕੇਂਦਰ ਦੇ ਕੁਝ ਮੰਤਰੀਆਂ ਨੂੰ ਪਤਾ ਹੈ, ਹੋ ਸਕਦਾ ਹੈ ਕਿ ਰਾਜਨਾਥ ਸਿੰਘ ਤੇ ਪੀਯੂਸ਼ ਗੋਇਲ ਮੇਰੇ ਤੋਂ ਜ਼ਿਆਦਾ ਅਰਥ ਸ਼ਾਸਤਰ ਸਮਝਦੇ ਹਨ, ਪਰ ਮੈਂ ਇਸ ਵਿਚਾਰ ਨਾਲ ਸਹਿਮਤ ਨਹੀਂ।
ਦੇਸ਼ ਦੀ ਪੇਂਡੂ ਅਰਥ ਵਿਵਸਥਾ ਨੂੰ ਨਗਦੀ ਅਧਾਰਤ ਦੱਸਦਿਆਂ ਉਨ੍ਹਾ ਕਿਹਾ ਕਿ ਦੇਸ਼ ਨੂੰ ਜ਼ਬਰਦਸਤੀ ਕੈਸ਼ਲੈਸ ਨਹੀਂ ਬਣਾਇਆ ਜਾ ਸਕਦਾ। ਉਨ੍ਹਾ ਕਿਹਾ ਕਿ ਕੈਸ਼ਲੈਸ 'ਚ ਬੁਰਾਈ ਨਹੀਂ, ਪਰ ਸਭ ਕੁਝ ਅਚਾਨਕ ਕੈਸ਼ਲੈਸ ਹੋ ਜਾਣ ਤਾਂ ਭਾਰਤ 'ਚ ਸਮੱਸਿਆ ਆਵੇਗੀ। ਉਨ੍ਹਾ ਕਿਹਾ ਕਿ ਪੇਂਡੇ ਅਰਥ ਵਿਵਸਥਾ ਕੈਸ਼ ਅਧਾਰਤ ਹੈ ਅਤੇ ਜ਼ੋਰ ਜ਼ਬਰਦਸਤੀ ਨਾਲ ਦੇਸ਼ ਕੈਸ਼ਲੈਸ ਨਹੀਂ ਹੋਵੇਗਾ।