ਮਾਮਲਾ ਰਸਾਇਣਕ ਹਥਿਆਰਾਂ ਦਾ


ਸੰਸਾਰ ਇਸ ਵਕਤ ਇਹੋ ਜਿਹੇ ਮੋੜ ਉੱਤੇ ਪਹੁੰਚ ਚੁੱਕਾ ਹੈ, ਜਿੱਥੇ ਮਨੁੱਖਤਾ ਦੀ ਹੋਂਦ ਲਈ ਕਈ ਤਰ੍ਹਾਂ ਦੇ ਖਤਰੇ ਮਹਿਸੂਸ ਕੀਤੇ ਜਾਣ ਲੱਗ ਪਏ ਹਨ। ਵਾਤਾਵਰਣ ਦਾ ਪਲੀਤ ਹੋਣਾ ਇੱਕ ਬੜਾ ਵੱਡਾ ਖਤਰਾ ਹੈ। ਆਬਾਦੀ ਆਪਣੇ ਆਪ ਹੀ ਇੱਕ ਟਾਈਮ ਬੰਬ ਵਾਂਗ ਟਿਕ-ਟਿਕ ਕਰੀ ਜਾਂਦੀ ਹੈ। ਕਈ ਹੋਰ ਖਤਰੇ ਵੀ ਗਿਣਾਏ ਜਾ ਸਕਦੇ ਹਨ, ਪਰ ਜਿਹੜਾ ਖਤਰਾ ਸਾਰੀ ਦੁਨੀਆ ਨੂੰ ਕਾਂਬਾ ਛੇੜੀ ਜਾ ਰਿਹਾ ਹੈ, ਉਹ ਮਨੁੱਖ ਦੇ ਆਪਣੇ ਵੱਲੋਂ ਬਣਾਏ ਹੋਏ ਵੰਨ-ਸੁਵੰਨੇ ਉਨ੍ਹਾਂ ਹਥਿਆਰਾਂ ਦਾ ਹੈ, ਜਿਨ੍ਹਾਂ ਦੀ ਪੂਰੀ ਗਿਣਤੀ ਵੀ ਕਿਸੇ ਨੂੰ ਪਤਾ ਨਹੀਂ। ਹਰ ਕੋਈ ਇਸ ਬਾਰੇ ਵੱਖੋ-ਵੱਖ ਅੰਕੜੇ ਦੇ ਰਿਹਾ ਹੈ। ਫਿਰ ਵੀ ਸਭ ਨੂੰ ਇਹ ਗੱਲ ਮੰਨਣੀ ਪੈਂਦੀ ਹੈ ਕਿ ਤਬਾਹੀ ਦੇ ਹਥਿਆਰਾਂ ਦਾ ਢੇਰ ਬਹੁਤ ਵੱਡਾ ਹੋ ਚੁੱਕਾ ਹੈ।
ਪਹਿਲਾਂ ਜਦੋਂ ਦੂਸਰੀ ਸੰਸਾਰ ਜੰਗ ਵੇਲੇ ਐਟਮ ਬੰਬ ਬਣਾਇਆ ਗਿਆ ਤੇ ਸਿਰੇ ਉੱਤੇ ਪੁੱਜੀ ਹੋਈ ਜੰਗ ਵੇਖ ਕੇ ਸਿਰਫ ਪਰਖਣ ਦੀ ਖਾਤਰ ਇਸ ਨੂੰ ਜਾਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਚਲਾਇਆ ਗਿਆ ਤਾਂ ਇਸ ਨਾਲ ਦੁਨੀਆ ਭਰ ਦੇ ਲੋਕਾਂ ਵਿੱਚ ਸਨਸਨੀ ਦੌੜ ਗਈ ਸੀ। ਓਦੋਂ ਤੱਕ ਇਹ ਬੰਬ ਸਿਰਫ ਅਮਰੀਕਾ ਕੋਲ ਸੀ। ਸਮਾਂ ਪਾ ਕੇ ਰੂਸ ਅਤੇ ਚੀਨ ਵਰਗੇ ਦੇਸ਼ਾਂ ਕੋਲ ਹੀ ਨਹੀਂ, ਆਪਣੇ ਸਿਰ ਤਕਨੀਕ ਵਿਕਸਤ ਕਰਨ ਵਾਲੇ ਭਾਰਤ ਵਰਗੇ ਕੁਝ ਹੋਰ ਦੇਸ਼ਾਂ ਤੱਕ ਹੀ ਨਹੀਂ, ਪਾਕਿਸਤਾਨ ਵਰਗੇ ਦੇਸ਼ਾਂ ਕੋਲ ਵੀ ਪਹੁੰਚ ਗਿਆ, ਜਿਨ੍ਹਾਂ ਇਹ ਤਕਨੀਕ ਚੋਰੀ ਕੀਤੀ ਤੇ ਐਟਮ ਬੰਬ ਬਣਾਉਣ ਦਾ ਮਸ਼ੀਨਰੀ ਤੋਂ ਲੈ ਕੇ ਮਸਾਲੇ ਤੱਕ ਵੀ ਬਹੁਤਾ ਕੁਝ ਚੋਰੀ ਦਾ ਵਰਤਿਆ ਸੀ। ਖੁਦ ਚੋਰੀ ਦਾ ਮਾਲ ਵਰਤਣ ਵਾਲੇ ਇਹ ਦੇਸ਼ ਫਿਰ ਅੱਗੋਂ ਇਸ ਦੀ ਸੇਲ ਲਾ ਬੈਠੇ ਤੇ ਨਤੀਜੇ ਵਜੋਂ ਇਹ ਤਕਨੀਕ ਉੱਤਰੀ ਕੋਰੀਆ ਅਤੇ ਈਰਾਨ ਵਰਗੇ ਦੇਸ਼ਾਂ ਤੱਕ ਵੀ ਪਹੁੰਚ ਗਈ। ਹੁਣ ਇਹ ਬੰਬ ਕਿੰਨੇ ਦੇਸ਼ਾਂ ਵਿੱਚ ਅਤੇ ਕਿੰਨੇ ਹਨ, ਇਸ ਬਾਰੇ ਕੋਈ ਨਹੀਂ ਜਾਣਦਾ।
ਜਦੋਂ ਅਮਰੀਕਾ ਨੇ ਇਰਾਕ ਉੱਤੇ ਹਮਲਾ ਕੀਤਾ, ਓਦੋਂ ਪਹਿਲੀ ਵਾਰੀ ਆਮ ਲੋਕਾਂ ਤੱਕ ਇਹ ਗੱਲ ਪਹੁੰਚੀ ਸੀ ਕਿ ਇਰਾਕ ਦੇ ਤਾਨਾਸ਼ਾਹ ਸੱਦਾਮ ਹੁਸੈਨ ਦੇ ਕੋਲ ਰਸਾਇਣਕ ਹਥਿਆਰ ਹਨ। ਸੰਸਾਰ ਪੱਧਰੀ ਏਜੰਸੀਆਂ ਤੋਂ ਇਸ ਦੋਸ਼ ਬਾਰੇ ਜਾਂਚ ਕਰਾਉਣ ਤੋਂ ਉਹ ਨਾਂਹ ਕਰਦਾ ਰਿਹਾ, ਪਰ ਜਦੋਂ ਜੰਗ ਵਿੱਚ ਉਹ ਹਾਰ ਗਿਆ, ਜਿਹੜੇ ਦੇਸ਼ ਉਸ ਕੋਲ ਇਹੋ ਜਿਹੇ ਹਥਿਆਰਾਂ ਦਾ ਦੋਸ਼ ਲਾਉਂਦੇ ਸਨ, ਉਨ੍ਹਾਂ ਦਾ ਓਥੇ ਕਬਜ਼ਾ ਹੋ ਗਿਆ, ਓਦੋਂ ਸ਼ੁਰੂ ਕੀਤੀ ਜਾਂਚ ਵਿੱਚ ਓਥੇ ਰਸਾਇਣਕ ਕਿਸਮ ਦਾ ਕੋਈ ਹਥਿਆਰ ਹੀ ਨਹੀਂ ਸੀ ਨਿਕਲਿਆ। ਸੱਦਾਮ ਵੀ ਫੋਕਾ ਡਰਾਵਾ ਦੇਈ ਗਿਆ ਸੀ। ਹੁਣ ਉੱਤਰੀ ਕੋਰੀਆ ਦੇ ਹਾਕਮ ਵੱਲੋਂ ਜਿੱਦਾਂ ਦੇ ਦਬਕੇ ਮਾਰੇ ਜਾ ਰਹੇ ਹਨ, ਬਹੁਤੇ ਲੋਕ ਸਮਝਦੇ ਹਨ ਕਿ ਇਹ ਵੀ ਕੱਲ੍ਹ ਨੂੰ ਸੱਦਾਮ ਹੁਸੈਨ ਵਾਂਗ ਫੋਕੇ ਦਾਬੇ ਮਾਰ ਕੇ ਦੁਨੀਆ ਨੂੰ ਡਰਾਉਣ ਵਾਲਾ ਨਿਕਲ ਸਕਦਾ ਹੈ, ਪਰ ਸ਼ਾਇਦ ਇਹ ਉਸ ਤੋਂ ਕੁਝ ਵੱਧ ਹੋਵੇਗਾ। ਫਿਰ ਵੀ ਦੁਨੀਆ ਦੇ ਸਾਹਮਣੇ ਵੱਡਾ ਖਤਰਾ ਇਹ ਹੈ ਕਿ ਤਬਾਹੀ ਦੇ ਹਥਿਆਰ ਕਿਸੇ ਵੇਲੇ ਵੀ ਮਾਰੂ ਸਾਬਤ ਹੋ ਸਕਦੇ ਹਨ।
ਐਨ ਇਸ ਦੌਰ ਵਿੱਚ ਜਦੋਂ ਸਾਰੀ ਦੁਨੀਆ ਇਹ ਮੰਗ ਚੁੱਕ ਰਹੀ ਹੈ ਕਿ ਮਾਰੂ ਹਥਿਆਰ ਖਤਮ ਕੀਤੇ ਜਾਣ ਅਤੇ ਇਨ੍ਹਾਂ ਵਿੱਚੋਂ ਕੈਮੀਕਲ ਹਥਿਆਰਾਂ ਦੇ ਖਾਤਮੇ ਦੀ ਤਜਵੀਜ਼ ਵੀ ਮੰਨੀ ਗਈ ਹੈ, ਰੂਸ ਨੇ ਇਸ ਦੀ ਪਹਿਲ ਕਰ ਕੇ ਬਾਕੀਆਂ ਲਈ ਰਾਹ ਵਿਖਾ ਦਿੱਤਾ ਹੈ। ਉਸ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਕੋਲ ਪਏ ਰਸਾਇਣਕ ਹਥਿਆਰ ਸਮੁੱਚੇ ਖਤਮ ਕਰ ਚੁੱਕਾ ਹੈ। ਆਖਰੀ ਖੇਪ ਇਸ ਹਫਤੇ ਖਤਮ ਕੀਤੀ ਗਈ ਹੈ। ਇਸ ਦੇ ਬਾਅਦ ਹੁਣ ਬਾਕੀ ਵੱਡੇ ਦੇਸ਼ਾਂ ਦਾ ਫਰਜ਼ ਬਣਦਾ ਹੈ ਕਿ ਉਹ ਵੀ ਆਪੋ ਆਪਣੇ ਕੋਲ ਪਏ ਹੋਏ ਸਾਰੇ ਰਸਾਇਣਕ ਹਥਿਆਰਾਂ ਦਾ ਖਾਤਮਾ ਕਰਨ ਅਤੇ ਮਨੁੱਖੀ ਹੋਂਦ ਨੂੰ ਉੱਠ ਰਹੇ ਬਹੁਤ ਸਾਰੇ ਖਤਰਿਆਂ ਵਿੱਚੋਂ ਘੱਟੋ-ਘੱਟ ਇਸ ਇੱਕ ਉੱਤੇ ਕਾਟਾ ਜ਼ਰੂਰ ਮਾਰ ਦੇਣ। ਸੰਸਾਰ ਵਿੱਚ ਇਸ ਵੰਨਗੀ ਦੇ ਹਥਿਆਰਾਂ ਦੀ ਗਿਣਤੀ ਕਾਫੀ ਵੱਡੀ ਹੈ ਤੇ ਇਸ ਵਿੱਚ ਵੱਡਾ ਹਿੱਸਾ ਰੂਸ ਅਤੇ ਅਮਰੀਕਾ ਕੋਲ ਹੋਣ ਕਰ ਕੇ ਹੁਣ ਜਦੋਂ ਰੂਸ ਵੱਲੋਂ ਇਹ ਕੰਮ ਕਰ ਦਿੱਤਾ ਗਿਆ ਹੈ ਤਾਂ ਸਭ ਤੋਂ ਵੱਡੀ ਜ਼ਿੰਮੇਵਾਰੀ ਅਮਰੀਕਾ ਦੀ ਬਣ ਗਈ ਹੈ। ਆਸ ਰੱਖਣੀ ਚਾਹੀਦੀ ਹੈ ਕਿ ਸੰਸਾਰ ਦੀ ਸੱਥ ਸਮਝੀ ਜਾਂਦੀ ਸੰਯੁਕਤ ਰਾਸ਼ਟਰ ਇਸ ਮਾਮਲੇ ਵਿੱਚ ਅਮਰੀਕਾ ਨੂੰ ਇਸ ਫਰਜ਼ ਦੀ ਪੂਰਤੀ ਵਾਸਤੇ ਜ਼ੋਰ ਦੇਵੇਗਾ ਅਤੇ ਅਮਰੀਕਾ ਦੇ ਲੋਕ ਵੀ ਇਸ ਮਾਮਲੇ ਵਿੱਚ ਸਮਝਦਾਰੀ ਵਿਖਾਉਣਗੇ।