Latest News

ਜਾਂਚ ਵਿੱਚ ਅੜਿੱਕਾ ਨਹੀਂ ਡਾਹੁਣਾ ਚਾਹੀਦਾ

By 2-10-2017

Published on 01 Oct, 2017 11:20 AM.

ਗੁਰਦਾਸਪੁਰ ਦੀ ਲੋਕ ਸਭਾ ਸੀਟ ਲਈ ਉੱਪ ਚੋਣ ਦੇ ਪ੍ਰਚਾਰ ਦੌਰਾਨ ਹੀ ਅਕਾਲੀ ਆਗੂ ਤੇ ਪੰਜਾਬ ਦੇ ਇੱਕ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਖਿਲਾਫ ਕੇਸ ਦਰਜ ਹੋਣ ਦੀ ਖਬਰ ਆ ਗਈ ਹੈ। ਉਸ ਉੱਤੇ ਬਲਾਤਕਾਰ ਦਾ ਕੇਸ ਦਰਜ ਹੋਇਆ ਹੈ। ਕੇਸ ਦਾਇਰ ਕਰਨ ਵਾਲੀ ਔਰਤ ਇੱਕ ਸਰਕਾਰੀ ਕਰਮਚਾਰੀ ਦੀ ਵਿਧਵਾ ਹੈ। ਅਕਾਲੀ ਪਾਰਟੀ ਇਸ ਕੇਸ ਕਾਰਨ ਬੜੀ ਸ਼ਸ਼ੋਪੰਜ ਵਿੱਚ ਹੈ ਤੇ ਖੁੱਲ੍ਹ ਕੇ ਸੁੱਚਾ ਸਿੰਘ ਲੰਗਾਹ ਦਾ ਬਚਾਅ ਕਰਨ ਜੋਗੀ ਵੀ ਨਹੀਂ।
ਮਿਲੇ ਵੇਰਵੇ ਅਨੁਸਾਰ ਉਸ ਔਰਤ ਦੇ ਪਤੀ ਦੀ ਮੌਤ ਦੇ ਬਾਅਦ ਉਸ ਨੂੰ ਜਦੋਂ ਨੌਕਰੀ ਦੀ ਲੋੜ ਸੀ ਤਾਂ ਉਸ ਨੇ ਕਿਸੇ ਤਰ੍ਹਾਂ ਉਸ ਵੇਲੇ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਤੱਕ ਪਹੁੰਚ ਕੀਤੀ ਸੀ। ਸੁੱਚਾ ਸਿੰਘ ਨੇ ਉਸ ਨੂੰ ਇਕੱਲੀ ਸੱਦ ਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਨੌਕਰੀ ਭਾਵੇਂ ਉਸ ਨੂੰ ਦਿਵਾ ਦਿੱਤੀ, ਇੱਕ ਤਰ੍ਹਾਂ ਆਪਣੇ ਲਈ ਉਸ ਨੂੰ ਹਵਸ ਦੀ ਪੂਰਤੀ ਦਾ ਖਿਡੌਣਾ ਹੀ ਬਣਾ ਲਿਆ। ਕਈ ਸਾਲ ਉਹ ਉਸ ਮੰਤਰੀ ਦੇ ਇਸ਼ਾਰਿਆਂ ਉੱਤੇ ਨੱਚਦੀ ਰਹੀ ਤੇ ਉਹ ਉਸ ਪੀੜਤ ਔਰਤ ਨਾਲ ਸਰੀਰਕ ਖਿਲਵਾੜ ਤੋਂ ਬਿਨਾਂ ਉਸ ਦੀ ਜਾਇਦਾਦ ਵੀ ਹੜੱਪਣ ਲੱਗਾ ਰਿਹਾ। ਇੱਕ ਹੱਦ ਤੱਕ ਉਹ ਚੁੱਪ ਰਹੀ ਤੇ ਜਦੋਂ ਉਸ ਨੇ ਇਸ ਅਕਾਲੀ ਆਗੂ ਦੀਆਂ ਜ਼ਿਆਦਤੀਆਂ ਦਾ ਵਿਰੋਧ ਕੀਤਾ ਤਾਂ ਅੱਗੋਂ ਉਸ ਨੂੰ ਜਾਨੀ ਨੁਕਸਾਨ ਦੇ ਡਰਾਵੇ ਦੇ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਫਿਰ ਉਹ ਪੁਲਸ ਕੋਲ ਪਹੁੰਚ ਗਈ। ਹੁਣ ਮੁਕੱਦਮਾ ਦਰਜ ਹੋ ਚੁੱਕਾ ਹੈ ਤੇ ਇਸ ਦੇ ਬਾਅਦ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਲੰਗਾਹ ਦੀ ਨੇੜਤਾ ਉੱਤੇ ਕਈ ਸਵਾਲ ਉੱਠਣ ਲੱਗੇ ਹਨ।
ਅਸਲ ਵਿੱਚ ਸਾਬਕਾ ਮੰਤਰੀ ਤੇ ਗੁਰਦਾਸਪੁਰ ਜ਼ਿਲ੍ਹਾ ਅਕਾਲੀ ਦਲ ਦਾ ਪ੍ਰਧਾਨ ਸੁੱਚਾ ਸਿੰਘ ਲੰਗਾਹ ਸਾਰੀ ਉਮਰ ਹੀ ਪੁੱਠੇ ਕੰਮ ਦੀ ਬਦਨਾਮੀ ਖੱਟਦਾ ਰਿਹਾ ਹੈ। ਜਦੋਂ ਭਰ ਜਵਾਨ ਸੀ, ਓਦੋਂ ਉਸ ਦਾ ਨਾਂਅ ਥਾਣੇ ਦੇ ਰਿਕਾਰਡ ਵਿੱਚ ਗਲਤ ਧੰਦੇ ਕਰਨ ਵਾਲੇ ਲੋਕਾਂ ਦੀ ਸੂਚੀ ਵਿੱਚ ਦਰਜ ਹੋ ਗਿਆ ਤੇ ਫਿਰ ਲਗਾਤਾਰ ਤੀਹ ਸਾਲ ਉਹ ਉਸ ਰਿਕਾਰਡ ਵਿੱਚ ਦਰਜ ਹੋਇਆ ਰਿਹਾ ਸੀ। ਫਿਰ ਉਸ ਨੂੰ ਤੀਸਰੀ ਵਾਰੀ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਨਾਲ ਕੈਬਨਿਟ ਰੈਂਕ ਦਾ ਮੰਤਰੀ ਬਣਾ ਲਿਆ ਤਾਂ ਉਸ ਵਕਤ ਪੁਲਸ ਤੋਂ ਉਚੇਚੀ ਰਿਪੋਰਟ ਕਰਵਾ ਕੇ ਉਸ ਦਾ ਨਾਂਅ ਉਸ ਖਾਨੇ ਵਿੱਚੋਂ ਕੱਢਿਆ ਗਿਆ ਸੀ। ਇਸ ਦੇ ਬਾਅਦ ਵੀ ਉਸ ਦੇ ਖਿਲਾਫ ਕਈ ਤਰ੍ਹਾਂ ਦੇ ਚਰਚੇ ਚੱਲਦੇ ਰਹੇ ਸਨ।
ਪਿਛਲੇ ਸਾਲ ਦੀ ਉਸ ਘਟਨਾ ਦਾ ਕਿਸੇ ਨੂੰ ਵੀ ਚੇਤਾ ਕਰਾਉਣ ਦੀ ਲੋੜ ਨਹੀਂ, ਜਦੋਂ ਇੱਕ ਵਾਰ ਉਸ ਖੇਤਰ ਦੇ ਪਠਾਨਕੋਟ ਸ਼ਹਿਰ ਦੇ ਬਾਹਰਵਾਰ ਏਅਰ ਫੋਰਸ ਸਟੇਸ਼ਨ ਉੱਤੇ ਦਹਿਸ਼ਤਗਰਦ ਹਮਲਾ ਹੋਇਆ ਸੀ। ਉਸ ਹਮਲੇ ਮਗਰੋਂ ਪੰਜਾਬ ਪੁਲਸ ਦੇ ਇੱਕ ਐੱਸ ਪੀ ਸਲਵਿੰਦਰ ਸਿੰਘ ਦੇ ਕੇਸ ਵਿੱਚ ਵੀ ਸੁੱਚਾ ਸਿੰਘ ਲੰਗਾਹ ਦਾ ਨਾਂਅ ਚਰਚਾ ਵਿੱਚ ਆਇਆ ਸੀ ਤੇ ਕੁਝ ਲੋਕ ਉਸ ਵੇਲੇ ਉਸ ਦੇ ਖਿਲਾਫ ਜਾਂਚ ਦੀ ਮੰਗ ਕਰਦੇ ਰਹੇ ਸਨ। ਭ੍ਰਿਸ਼ਟਾਚਾਰ ਦਾ ਇੱਕ ਕੇਸ ਵੀ ਸੁੱਚਾ ਸਿੰਘ ਲੰਗਾਹ ਦੇ ਖਿਲਾਫ ਬਣਿਆ ਸੀ, ਜਿਸ ਵਿੱਚ ਤੇਰਾਂ ਸਾਲ ਲੰਮੀ ਸੁਣਵਾਈ ਪਿੱਛੋਂ ਉਸ ਨੂੰ ਤਿੰਨ ਸਾਲ ਕੈਦ ਅਤੇ ਇੱਕ ਕਰੋੜ ਰੁਪਏ ਤੋਂ ਵੱਧ ਜੁਰਮਾਨਾ ਕੀਤਾ ਗਿਆ ਸੀ। ਅੱਜ-ਕੱਲ੍ਹ ਉਹ ਉਸ ਕੇਸ ਵਿੱਚ ਜ਼ਮਾਨਤ ਉੱਤੇ ਹੈ।
ਇਹੋ ਜਿਹੇ ਵਿਅਕਤੀ ਖਿਲਾਫ ਜਦੋਂ ਇੱਕ ਔਰਤ ਨੇ ਕਈ ਤਰ੍ਹਾਂ ਦੇ ਦੋਸ਼ ਲਾਏ ਅਤੇ ਉਨ੍ਹਾਂ ਦੋਸ਼ਾਂ ਬਾਰੇ ਸਬੂਤ ਵਜੋਂ ਉਸ ਨੇ ਇੱਕ ਪੈਨ ਡਰਾਈਵ ਪੁਲਸ ਨੂੰ ਦਿੱਤੀ ਤਾਂ ਪੁਲਸ ਨੂੰ ਕੇਸ ਦਰਜ ਕਰਨਾ ਹੀ ਪੈਣਾ ਸੀ। ਡਾਕਟਰੀ ਜਾਂਚ ਕਰਾਏ ਜਾਣ ਦੇ ਬਾਅਦ ਇਹ ਕੇਸ ਦਰਜ ਕੀਤਾ ਗਿਆ ਹੈ। ਇਸ ਲਈ ਅਕਾਲੀ ਦਲ ਬਹੁਤਾ ਬੋਲ ਨਹੀਂ ਸਕਦਾ। ਫਿਰ ਵੀ ਆਪਣੇ ਬੰਦੇ ਦੀ ਹਮਾਇਤ ਵਿੱਚ ਇਸ ਪਾਰਟੀ ਨੇ ਇਹ ਬਿਆਨ ਦੇਣ ਵਿੱਚ ਢਿੱਲ ਨਹੀਂ ਕੀਤੀ ਕਿ ਇਹ ਕੇਸ ਉੱਪ ਚੋਣ ਚੱਲਦੀ ਦੇ ਦੌਰਾਨ ਬਣਿਆ ਹੋਣ ਕਾਰਨ ਕਈ ਸਵਾਲ ਪੈਦਾ ਕਰਦਾ ਹੈ। ਸਵਾਲ ਤਾਂ ਸੁੱਚਾ ਸਿੰਘ ਦੇ ਅਕਾਲੀ ਦਲ ਨਾਲ ਸੰਬੰਧਾਂ ਬਾਰੇ ਵੀ ਕਈ ਲੋਕ ਪੁੱਛ ਰਹੇ ਹਨ। ਇਹੋ ਜਿਹੇ ਵਿਅਕਤੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਾਉਣਾ ਅਤੇ ਫਿਰ ਤੀਹ ਸਾਲ ਲਗਾਤਾਰ ਬਣਾਈ ਜਾਣਾ ਵੀ ਕਿਸੇ ਦੇ ਸੰਘੋਂ ਨਹੀਂ ਉੱਤਰਦਾ। ਗੁਰੂ ਘਰ ਦੇ ਪ੍ਰਬੰਧ ਲਈ ਅਕਾਲੀ ਦਲ ਨੇ ਇਹੋ ਜਿਹਾ ਆਗੂ ਅੱਗੇ ਕਿਉਂ ਕੀਤਾ, ਇਸ ਦਾ ਕੋਈ ਕਾਰਨ ਤਾਂ ਲੋਕਾਂ ਨੂੰ ਦੱਸਿਆ ਜਾਣਾ ਚਾਹੀਦਾ ਹੈ।
ਜੋ ਵੀ ਹੋਇਆ ਹੋਵੇ, ਉਹ ਸਭ ਪਿੱਛੇ ਰਹਿ ਗਿਆ ਹੈ। ਇਸ ਵਕਤ ਵੱਡਾ ਮਾਮਲਾ ਇਹ ਹੈ ਕਿ ਪੰਜਾਬ ਦੇ ਇੱਕ ਸਾਬਕਾ ਮੰਤਰੀ ਉੱਤੇ ਓਦਾਂ ਦਾ ਕੇਸ ਬਣਿਆ ਹੈ, ਜਿਹੋ ਜਿਹੇ ਕੇਸ ਵਿੱਚ ਸਿਰਸਾ ਡੇਰੇ ਵਾਲਾ ਬਾਬਾ ਇਸ ਵਕਤ ਰੋਹਤਕ ਦੀ ਜੇਲ੍ਹ ਵਿੱਚ ਕੈਦ ਕੱਟ ਰਿਹਾ ਹੈ। ਇਹੋ ਜਿਹੇ ਸਵਾਲਾਂ ਬਾਰੇ ਇਸ ਵਕਤ ਲੋਕ ਬਹੁਤ ਸੰਵੇਦਨਸ਼ੀਲ ਹਨ। ਇਸ ਲਈ ਲੋੜ ਇਸ ਗੱਲ ਦੀ ਹੈ ਕਿ ਲਿਹਾਜ ਨਾ ਵਰਤਿਆ ਜਾਵੇ। ਕੇਸ ਦੀ ਜਾਂਚ ਵਿੱਚ ਕਿਸੇ ਆਗੂ ਨੂੰ ਅੜਿੱਕਾ ਨਹੀਂ ਡਾਹੁਣਾ ਚਾਹੀਦਾ।

968 Views

e-Paper