Latest News

ਅੰਨਾ ਹਜ਼ਾਰੇ ਨੇ ਫਿਰ ਉਹੋ ਤਾਨ ਛੇੜੀ

Published on 03 Oct, 2017 10:45 AM.


ਸੋਮਵਾਰ ਦੇ ਦਿਨ ਇੱਕ ਵਾਰ ਫਿਰ ਸਮਾਜ ਸੇਵੀ ਬਜ਼ੁਰਗ ਅੰਨਾ ਹਜ਼ਾਰੇ ਦੀ ਚਰਚਾ ਛਿੜੀ ਹੈ। ਉਸ ਨੇ ਉਹ ਹੀ ਜਨ ਲੋਕਪਾਲ ਦਾ ਮੁੱਦਾ ਫਿਰ ਚੁੱਕ ਲਿਆ ਅਤੇ ਇਸ ਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਬਿਆਨ ਦੇਣ ਨਾਲ ਆਪਣੀ ਨਵੀਂ ਸਰਗਰਮੀ ਦੀ ਸ਼ੁਰੂਆਤ ਕੀਤੀ ਹੈ। ਕਿਸੇ ਸਮੇਂ ਬਹੁਤ ਵੱਡੀ ਚੜ੍ਹਤ ਦੀ ਅਗਵਾਈ ਕਰਨ ਦੇ ਬਾਅਦ ਮਰਨ ਵਰਤ ਰੱਖਣ ਅਤੇ ਸਰਕਾਰ ਨੂੰ ਝੁਕਾ ਕੇ ਪਾਰਲੀਮੈਂਟ ਤੋਂ ਆਪਣੀ ਮੰਗ ਦੀ ਹਮਾਇਤ ਦਾ ਮਤਾ ਪਾਸ ਕਰਵਾਉਣ ਦੇ ਬਾਅਦ ਅੰਨਾ ਹਜ਼ਾਰੇ ਨੇ ਨਰਿੰਦਰ ਮੋਦੀ ਦੀਆਂ ਸਿਫਤਾਂ ਕੀਤੀਆਂ ਸਨ। ਉਸ ਨੇ ਓਦੋਂ ਕਿਹਾ ਸੀ ਕਿ ਸਭ ਗੱਲਾਂ ਕਰਦੇ ਹਨ, ਸਿਰਫ ਨਰਿੰਦਰ ਮੋਦੀ ਨੇ ਗੁਜਰਾਤ ਵਿੱਚ ਲੋਕਪਾਲ ਕਾਇਮ ਕੀਤਾ ਹੈ। ਜਦੋਂ ਉਸ ਨੂੰ ਦੱਸਿਆ ਗਿਆ ਕਿ ਨਰਿੰਦਰ ਮੋਦੀ ਨੇ ਇਹ ਅਹੁਦਾ ਸਭ ਤੋਂ ਪਹਿਲਾਂ ਕਾਇਮ ਕੀਤਾ ਸੀ, ਪਰ ਉਸ ਉੱਤੇ ਅੱਠ ਸਾਲ ਕੋਈ ਜੱਜ ਨਿਯੁਕਤ ਨਹੀਂ ਕੀਤਾ, ਖਾਲੀ ਕੁਰਸੀ ਪਈ ਹੈ ਤਾਂ ਅੰਨਾ ਨੇ ਗੁਜਰਾਤ ਦਾ ਚੱਕਰ ਲਾ ਕੇ ਕਿਹਾ ਸੀ ਕਿ ਉਹ ਭੁਲੇਖੇ ਵਿੱਚ ਸੀ। ਫਿਰ ਅੰਨਾ ਕੁਝ ਸਾਲ ਚੁੱਪ ਰਿਹਾ ਸੀ ਤੇ ਹੁਣ ਫਿਰ ਜਦੋਂ ਉਹ ਮੈਦਾਨ ਵਿੱਚ ਓਸੇ ਪੁਰਾਣੀ ਮੰਗ ਲਈ ਆਉਣ ਲੱਗਾ ਹੈ ਤਾਂ ਦੇਸ਼ ਦਾ ਸਾਰਾ ਨਕਸ਼ਾ ਅਸਲੋਂ ਹੀ ਬਦਲਿਆ ਪਿਆ ਹੈ। ਰਾਜ ਕਰਨ ਵਾਲੇ ਵੀ ਬਦਲ ਗਏ ਤੇ ਅੰਨਾ ਦਾ ਸਾਥ ਦੇਣ ਵਾਲੇ ਲੋਕ ਵੀ ਪਹਿਲੇ ਨਹੀਂ।
ਉਸ ਪਹਿਲੇ ਅੰਦੋਲਨ ਦੇ ਸਮੇਂ ਦੇਸ਼ ਦੀ ਸਰਕਾਰ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਹੇਠ, ਪਰ ਕਿਸੇ ਹੋਰ ਵੱਲੋਂ ਚਲਾਈ ਜਾ ਰਹੀ ਸੀ। ਅੰਨਾ ਆਖਦੇ ਸਨ ਕਿ ਇਹ ਸਰਕਾਰ ਆਪਣੇ ਸਿਰ ਚੱਲਦੀ ਸਰਕਾਰ ਹੀ ਨਹੀਂ ਤਾਂ ਫੈਸਲਾ ਲੈਣ ਵਿੱਚ ਵੀ ਕਾਮਯਾਬ ਨਹੀਂ ਹੋ ਸਕਦੀ ਤੇ ਫੈਸਲੇ ਕਰ ਕੇ ਅਮਲ ਵੀ ਨਹੀਂ ਕਰ ਸਕਦੀ। ਹੁਣ ਸਰਕਾਰ ਉਸ ਪਾਰਟੀ ਤੇ ਉਸ ਆਗੂ ਦੇ ਕੋਲ ਹੈ, ਜਿਸ ਉੱਤੇ ਕਿਸੇ ਹੋਰ ਤੋਂ ਪੁੱਛ ਕੇ ਚੱਲਣ ਦਾ ਦੋਸ਼ ਨਹੀਂ ਲਾਇਆ ਜਾ ਸਕਦਾ ਤੇ ਪਾਰਲੀਮੈਂਟ ਵਿੱਚ ਉਸ ਕੋਲ ਏਡੀ ਵੱਡੀ ਬਹੁ-ਗਿਣਤੀ ਹੈ ਕਿ ਉਸ ਨੂੰ ਕਿਸੇ ਦੇ ਆਸਰੇ ਦੀ ਵੀ ਲੋੜ ਨਹੀਂ। ਜਿਹੜੇ ਲੋਕ ਉਸ ਵੇਲੇ ਅੰਨਾ ਹਜ਼ਾਰੇ ਦੇ ਨਾਲ ਖੜੇ ਦਿਖਾਈ ਦੇਂਦੇ ਸਨ, ਉਨ੍ਹਾਂ ਵਿੱਚੋਂ ਕੁਝ ਇਸ ਵੇਲੇ ਸਰਕਾਰ ਦੇ ਨਾਲ ਹਨ ਤੇ ਕੁਝ ਸਰਕਾਰ ਦੇ ਵਿਰੋਧ ਵਿੱਚ ਸਿਆਸੀ ਸਰਗਰਮੀਆਂ ਕਰਦੇ ਦਿਖਾਈ ਦੇਂਦੇ ਹਨ। ਕਿਰਨ ਬੇਦੀ ਇਸ ਵਕਤ ਪੁੱਡੂਚੇਰੀ ਦੀ ਲੈਫਟੀਨੈਂਟ ਗਵਰਨਰ ਬਣੀ ਹੋਈ ਰਾਜ ਸੁੱਖ ਮਾਣ ਰਹੀ ਹੈ। ਅਰਵਿੰਦ ਕੇਜਰੀਵਾਲ ਦਿੱਲੀ ਦਾ ਮੁੱਖ ਮੰਤਰੀ ਬਣਿਆ ਬੈਠਾ ਹੈ। ਸ਼ਾਜ਼ੀਆ ਇਲਮੀ ਇਸ ਵਕਤ ਭਾਜਪਾ ਦੇ ਕੇਂਦਰੀ ਬੁਲਾਰੇ ਵਜੋਂ ਕੰਮ ਕਰ ਰਹੀ ਹੈ। ਜਨਰਲ ਵੀ ਕੇ ਸਿੰਘ ਫੌਜ ਦੀ ਸੇਵਾ ਤੋਂ ਰਿਟਾਇਰ ਹੋਣ ਪਿੱਛੋਂ ਅੰਨਾ ਨਾਲ ਜੁੜਿਆ ਸੀ, ਪਰ ਹੁਣ ਉਹ ਮੋਦੀ ਸਰਕਾਰ ਦਾ ਰਾਜ ਮੰਤਰੀ ਬਣ ਚੁੱਕਾ ਹੈ। ਅਰਵਿੰਦ ਕੇਜਰੀਵਾਲ ਨਾਲ ਹੋਰ ਜਿਹੜੇ ਸਾਥੀ ਸਨ, ਉਨ੍ਹਾਂ ਵਿੱਚੋਂ ਪ੍ਰਸ਼ਾਂਤ ਭੂਸ਼ਣ ਅਤੇ ਯੋਗੇਂਦਰ ਯਾਦਵ ਇਸ ਵਕਤ ਉਸ ਦੇ ਨਾਲ ਵੀ ਨਹੀਂ ਤੇ ਕਿਸੇ ਹੋਰ ਦੇ ਨਾਲ ਵੀ ਨਹੀਂ ਦਿਖਾਏ ਦੇਂਦੇ। ਸਾਰਾ ਟੱਬਰ ਹੀ ਨਿੱਖੜ ਚੁੱਕਾ ਹੈ ਤੇ ਬਾਪੂ ਇਕੱਲਾ ਘੁੰਮ ਰਿਹਾ ਹੈ।
ਮਸਲਾ ਫਿਰ ਵੀ ਕਾਇਮ ਹੈ। ਜਿਹੜੀ ਲੋਕਪਾਲ ਦੀ ਮੰਗ ਅੱਜ ਤੋਂ ਪੰਜਾਹ ਸਾਲ ਪਹਿਲਾਂ ਇੰਦਰਾ ਗਾਂਧੀ ਦੇ ਰਾਜ ਦੀ ਸ਼ੁਰੂਆਤ ਹੋਣ ਵੇਲੇ ਉੱਭਰੀ ਸੀ, ਉਹ ਅੱਜ ਤੱਕ ਸਿਰੇ ਨਹੀਂ ਲੱਗ ਸਕੀ। ਪਾਰਲੀਮੈਂਟ ਵਿੱਚ ਕਈ ਵਾਰੀ ਇਸ ਮੰਗ ਦੇ ਬਾਰੇ ਵਿਚਾਰ ਹੋ ਚੁੱਕੀ ਹੈ। ਅੰਨਾ ਦੇ ਵਰਤ ਵੇਲੇ ਪਾਰਲੀਮੈਂਟ ਵਿੱਚ ਮਤਾ ਵੀ ਪਾਸ ਕੀਤਾ ਜਾ ਚੁੱਕਾ ਹੈ। ਉਹ ਮਤਾ ਕੇਂਦਰ ਦਾ ਇੱਕ ਮੰਤਰੀ ਆਪ ਲੈ ਕੇ ਵਰਤ ਰੱਖੀ ਬੈਠੇ ਬਾਪੂ ਅੰਨਾ ਦੇ ਮੰਚ ਉੱਤੇ ਪਹੁੰਚਿਆ ਤੇ ਉਸ ਦੇ ਪੈਰੀਂ ਹੱਥ ਲਾ ਕੇ ਉਸ ਨੂੰ ਮਤਾ ਦਿੱਤਾ ਸੀ। ਓਦੋਂ ਮਤਾ ਪੁਚਾਉਣ ਵਾਲਾ ਕੇਂਦਰੀ ਮੰਤਰੀ ਆਪ ਜਹਾਨ ਤੋਂ ਤੁਰ ਗਿਆ ਤੇ ਉਸ ਦੀ ਸਰਕਾਰ ਲੋਕਾਂ ਨੇ ਦੇਸ਼ ਦੀ ਸੱਤਾ ਦੇ ਗਲਿਆਰਿਆਂ ਤੋਂ ਬਾਹਰ ਕਰ ਦਿੱਤੀ। ਸਿਰਫ ਮੁੱਦਾ ਖੜਾ ਹੈ ਤੇ ਮੁੱਦੇ ਵਾਲਾ ਬਾਪੂ ਅੰਨਾ ਖੜਾ ਹੈ।
ਅਸੀਂ ਉਸ ਦੀ ਨੀਤ ਬਾਰੇ ਕੋਈ ਸ਼ੱਕ ਨਹੀਂ ਕਰਦੇ, ਉਹ ਸਾਫ ਸੋਚ ਵਾਲਾ ਸਮਾਜ ਸੇਵੀ ਬਜ਼ੁਰਗ ਉਮਰ ਭਰ ਜਿਵੇਂ ਆਪਣੇ ਪਿੰਡ ਤੋਂ ਲੈ ਕੇ ਸੰਸਾਰ ਦੇ ਪਿੜ ਤੱਕ ਲੋਕ ਸੇਵਾ ਲਈ ਸਮੱਰਪਤ ਸ਼ਖਸੀਅਤ ਵਜੋਂ ਜਾਣਿਆ ਗਿਆ ਹੈ, ਉਸ ਦੀ ਕਦਰ ਹਰ ਕਿਸੇ ਦੇ ਮਨ ਵਿੱਚ ਹੈ, ਪਰ ਉਹ ਮੁੱਦਾ ਹੁਣ ਓਡਾ ਮੁੱਦਾ ਨਹੀਂ ਬਣ ਸਕਣਾ। ਨਾ ਓਦੋਂ ਵਾਲੀ ਟੀਮ ਰਹੀ ਤੇ ਨਾ ਓਦੋਂ ਵਾਲਾ ਸਮਾਜੀ ਹੁੰਗਾਰਾ ਹੁਣ ਮਿਲ ਸਕਣਾ ਹੈ। ਹੁਣ ਅੰਨਾ ਦਾ ਨਹੀਂ, ਰਾਮਦੇਵ ਦਾ ਯੁੱਗ ਹੈ। ਇਸ ਵਿੱਚ ਚਮਕਾਂ ਦੇ ਸਹਾਰੇ ਮਾਲ ਵੀ ਵੇਚਿਆ ਜਾਂਦਾ ਹੈ ਤੇ ਰਾਜਨੀਤੀ ਵੀ। ਅੰਨਾ ਇਸ ਤਰ੍ਹਾਂ ਕਰ ਸਕਣ ਦੇ ਸਮਰੱਥ ਨਹੀਂ। ਇਸ ਲਈ ਇਸ ਵਾਰੀ ਉਸ ਦੀ ਮੁਹਿੰਮ ਵਿੱਚ ਉਹੋ ਜਿਹੀ ਵੱਡੀ ਚੜ੍ਹਤ ਦੀ ਆਸ ਨਹੀਂ ਰੱਖਣੀ ਚਾਹੀਦੀ।

847 Views

e-Paper