Latest News

ਸ਼੍ਰੋਮਣੀ ਕਮੇਟੀ ਆਪਣੇ ਪੈਂਤੜੇ ਉੱਤੇ ਮੁੜ ਵਿਚਾਰ ਕਰੇ

Published on 04 Oct, 2017 11:17 AM.


ਪੰਜਾਬ ਵਿੱਚ ਦੋ ਸਾਲ ਪਹਿਲਾਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਬਣਾਏ ਗਏ ਜਾਂਚ ਕਮਿਸ਼ਨ ਦੇ ਸੰਮਨ ਦਾ ਬਹਾਨਾ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸਲ ਮੁੱਦੇ ਤੋਂ ਧਿਆਨ ਭਟਕਾਉਣ ਦਾ ਉਹ ਯਤਨ ਕਰ ਰਹੀ ਹੈ, ਜਿਹੜਾ ਗਲਤ ਹੀ ਨਹੀਂ, ਹਾਸੋਹੀਣਾ ਜਿਹਾ ਵੀ ਲੱਗਦਾ ਹੈ। ਉਸ ਦੇ ਪ੍ਰਧਾਨ ਤੋਂ ਜਿਸ ਸੂਝ ਦੀ ਉਮੀਦ ਕੀਤੀ ਜਾ ਰਹੀ ਸੀ, ਇਸ ਪੈਂਤੜੇ ਨਾਲ ਉਨ੍ਹਾਂ ਨੇ ਉਸ ਆਸ ਨੂੰ ਵੀ ਸੱਟ ਮਾਰਨ ਵਾਲੀ ਭੁੱਲ ਕਰ ਦਿੱਤੀ ਹੈ।
ਸਾਰੇ ਲੋਕ ਜਾਣਦੇ ਹਨ ਕਿ ਦੋ ਸਾਲ ਪਹਿਲਾਂ ਜਦੋਂ ਪੰਜਾਬ ਸਰਕਾਰ ਬਹੁਤ ਬੁਰੀ ਤਰ੍ਹਾਂ ਸਮੱਸਿਆਵਾਂ ਵਿੱਚ ਉਲਝ ਜਾਣ ਕਾਰਨ ਕੋਈ ਰਾਹ ਲੱਭਣ ਵਿੱਚ ਔਖ ਮਹਿਸੂਸ ਕਰਦੀ ਸੀ, ਅਚਾਨਕ ਪੰਜਾਬ ਵਿੱਚ ਧਾਰਮਿਕ ਪੱਖੋਂ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਲੱਗ ਪਈਆਂ ਸਨ। ਕਿਸੇ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਸੀ, ਕਿਸੇ ਥਾਂ ਕੁਰਾਨ ਦੀ ਤੇ ਕਿਸੇ ਹੋਰ ਥਾਂ ਗੀਤਾ ਜਾਂ ਕਿਸ ਹੋਰ ਧਾਰਮਿਕ ਗ੍ਰੰਥ ਦੀ। ਬਹੁਤੀਆਂ ਘਟਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੀਆਂ ਸਨ। ਲੋਕਾਂ ਵਿੱਚ ਇਸ ਨਾਲ ਗੁੱਸਾ ਭਰਦਾ ਗਿਆ ਸੀ। ਫਿਰ ਉਨ੍ਹਾਂ ਨੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਭਰ ਵਿੱਚ ਲੰਮੇ ਰੋਸ ਪ੍ਰਗਟਾਵੇ ਤੋਂ ਬਾਅਦ ਇੱਕ ਸਰਬੱਤ ਖਾਲਸਾ ਇਕੱਠ ਵੀ ਕਰ ਲਿਆ, ਜਿਸ ਵਿੱਚ ਬਾਦਲ ਅਕਾਲੀ ਦਲ ਦੇ ਨਾਲ ਹੇਜ ਰੱਖਣ ਵਾਲੇ ਲੋਕ ਸ਼ਾਮਲ ਨਹੀਂ ਸੀ ਹੋਏ, ਵੱਖ-ਵੱਖ ਸੋਚ ਵਾਲੇ ਹੋਰ ਕਈ ਸਿੱਖ ਸੰਗਠਨ ਓਥੇ ਜੁੜੇ ਸਨ ਅਤੇ ਉਨ੍ਹਾਂ ਨੇ ਉਸ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਨਕਾਰ ਦਿੱਤਾ ਸੀ। ਇਸ ਦਾ ਮੁੱਖ ਕਾਰਨ ਇਹ ਸੀ ਕਿ ਉਨ੍ਹਾਂ ਹੀ ਦਿਨਾਂ ਵਿੱਚ ਅਕਾਲ ਤਖਤ ਦੇ ਜਥੇਦਾਰ ਨੇ ਪੰਜ ਸਿੰਘ ਸਾਹਿਬਾਨ ਵਾਲੀ ਮੀਟਿੰਗ ਕਰ ਕੇ ਡੇਰਾ ਸਿਰਸਾ ਦੇ ਮੁਖੀ ਨੂੰ ਪਹਿਲਾਂ ਬਿਨਾਂ ਮੰਗੀ ਮੁਆਫੀ ਦੇ ਦਿੱਤੀ ਸੀ ਤੇ ਫਿਰ ਲੋਕਾਂ ਦਾ ਗੁੱਸਾ ਵੇਖ ਕੇ ਮੁਆਫੀ ਵਾਪਸ ਲੈਣੀ ਪਈ ਸੀ।
ਇਨ੍ਹਾਂ ਹਾਲਾਤ ਵਿੱਚ ਅਕਾਲੀ-ਭਾਜਪਾ ਸਰਕਾਰ ਨੇ ਇੱਕ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਣਾਇਆ ਸੀ, ਜਿਸ ਨੇ ਆਪਣੀ ਅੱਧੀ-ਅਧੂਰੀ ਰਿਪੋਰਟ ਦੇ ਦਿੱਤੀ, ਪਰ ਬਾਦਲ ਸਰਕਾਰ ਤੋਂ ਓਨੀ ਕੁ ਰਿਪੋਰਟ ਵੀ ਹਜ਼ਮ ਨਹੀਂ ਸੀ ਹੋ ਸਕੀ ਤੇ ਖੂੰਜੇ ਸੁੱਟ ਕੇ ਵਕਤ ਟਪਾ ਛੱਡਿਆ ਸੀ। ਫਿਰ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਤਾਂ ਨਵਾਂ ਜਾਂਚ ਕਮਿਸ਼ਨ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਦੇ ਨਾਂਅ ਨਾਲ ਬਣਾਇਆ ਗਿਆ। ਇਸ ਕਮਿਸ਼ਨ ਨੇ ਜਾਂਚ ਦਾ ਕੰਮ ਸ਼ੁਰੂ ਹੀ ਕੀਤਾ ਸੀ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਮੌਜਾਂ ਮਾਣਦੇ ਰਹੇ ਆਗੂਆਂ ਨੂੰ ਭਾਜੜ ਪੈਣੀ ਸ਼ੁਰੂ ਹੋ ਗਈ ਤੇ ਇਸ ਕਮਿਸ਼ਨ ਦੇ ਖਿਲਾਫ ਉਹ ਚਾਂਦਮਾਰੀ ਕਰਨ ਲੱਗ ਪਏ। ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਇੱਕ ਮਤਾ ਪਾਸ ਕਰ ਕੇ ਇਹ ਦੋਸ਼ ਥੱਪ ਦਿੱਤਾ ਗਿਆ ਕਿ ਇਸ ਕਮਿਸ਼ਨ ਨੇ ਅਕਾਲ ਤਖਤ ਦਾ ਰਿਕਾਰਡ ਮੰਗ ਕੇ ਸਰਬ ਉੱਚ ਧਾਰਮਿਕ ਅਸਥਾਨ ਦੇ ਮਾਣ-ਸਤਿਕਾਰ ਨੂੰ ਢਾਹ ਲਾਉਣ ਦਾ ਕੰਮ ਕੀਤਾ ਹੈ। ਅਕਾਲ ਤਖਤ ਨੂੰ ਉਨ੍ਹਾ ਨੇ ਕਦੇ ਸੰਮਨ ਨਹੀਂ ਸੀ ਭੇਜਿਆ, ਇਹ ਗੱਲ ਜਾਣਦੇ ਹੋਏ ਵੀ ਇਹ ਮੁੱਦਾ ਬਦੋਬਦੀ ਇਸ ਲਈ ਬਣਾਇਆ ਗਿਆ ਕਿ ਰਿਕਾਰਡ ਪੇਸ਼ ਕਰਨ ਤੋਂ ਬਚਣ ਦਾ ਰਾਹ ਨਿਕਲ ਆਵੇ। ਜਾਂਚ ਕਮਿਸ਼ਨ ਨੂੰ ਰਿਕਾਰਡ ਪੇਸ਼ ਕਰਨ ਤੋਂ ਨਾਂਹ ਕਰ ਰਹੀ ਕਮੇਟੀ ਇਹ ਨਹੀਂ ਸਮਝ ਰਹੀ ਕਿ ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਬਾਰੇ ਲੋਕਾਂ ਵਿੱਚ ਮਾੜਾ ਪ੍ਰਭਾਵ ਬਣਾਈ ਜਾਂਦੀ ਹੈ। ਲੋਕ ਇਹ ਸਮਝਣ ਲੱਗੇ ਹਨ ਕਿ ਇਸ ਤਰ੍ਹਾਂ ਕਰਨ ਦੇ ਨਾਲ ਸ਼੍ਰੋਮਣੀ ਕਮੇਟੀ ਕਿਸੇ ਦਾਗੀ ਧਿਰ ਲਈ ਢਾਲ ਬਣਦੀ ਜਾ ਰਹੀ ਹੈ।
ਸਚਾਈ ਸਾਹਮਣੇ ਆਉਣ ਦੇਣੀ ਚਾਹੀਦੀ ਹੈ। ਸਾਰਿਆਂ ਨੂੰ ਪਤਾ ਹੈ ਕਿ ਓਦੋਂ ਅਕਾਲ ਤਖਤ ਦੇ ਜਥੇਦਾਰ ਨੇ ਜਿਹੋ ਜਿਹੀ ਭੂਮਿਕਾ ਨਿਭਾਈ ਸੀ, ਉਸ ਨਾਲ ਪੰਜਾਬ ਵਿੱਚ ਹੀ ਨਹੀਂ, ਸੰਸਾਰ ਭਰ ਵਿੱਚ ਬੁਰਾ ਅਸਰ ਪਿਆ ਸੀ ਤੇ ਉਹ ਅਸਰ ਹਾਲੇ ਤੱਕ ਵੀ ਖਤਮ ਨਹੀਂ ਹੋ ਸਕਿਆ। ਗੁਰਦੁਅਰਾ ਪ੍ਰਬੰਧ ਦੀ ਇਸ ਸਾਰਿਆਂ ਤੋਂ ਵੱਡੀ ਕਮੇਟੀ ਦੇ ਉਸ ਵਕਤ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਬਾਰੇ ਲੋਕਾਂ ਵਿੱਚ ਚੰਗੀ ਰਾਏ ਉਸ ਦੇ ਮੁੱਢ ਤੋਂ ਹੀ ਨਹੀਂ ਸੀ ਬਣੀ, ਪਰ ਕਮੇਟੀ ਦੇ ਨਵੇਂ ਪ੍ਰਧਾਨ ਨੂੰ ਲੋਕ ਵਿਦਵਾਨ ਵੀ ਮੰਨਦੇ ਹਨ ਤੇ ਸੰਤੁਲਤ ਸੋਚ ਪੱਖੋਂ ਵੀ ਉਸ ਦਾ ਬੁਰਾ ਪ੍ਰਭਾਵ ਨਹੀਂ ਹੈ। ਕਿਸੇ ਦਾ ਕੋਈ ਪ੍ਰਭਾਵ ਸਥਾਈ ਨਹੀਂ ਹੁੰਦਾ। ਕਮੇਟੀ ਦੇ ਨਵੇਂ ਪ੍ਰਧਾਨ ਦਾ ਪ੍ਰਭਾਵ ਵੀ ਘਟਨਾਵਾਂ ਨੇ ਪ੍ਰਭਾਵਤ ਕਰਨਾ ਹੈ। ਉਨ੍ਹਾਂ ਵੱਲੋਂ ਕਿਸੇ ਮੁੱਦੇ ਬਾਰੇ ਕਿੱਦਾਂ ਦਾ ਕਦਮ ਚੁੱਕਿਆ ਜਾਂਦਾ ਹੈ, ਇਹ ਪੰਜਾਬ ਵਿਚਲੇ ਹੀ ਨਹੀਂ, ਸੰਸਾਰ ਭਰ ਦੇ ਲੋਕ ਵੇਖ ਰਹੇ ਹਨ ਤੇ ਉਹ ਲੋਕ ਇਸ ਵੇਲੇ ਇਹ ਚਾਹੁੰਦੇ ਹਨ ਕਿ ਬੇਅਦਬੀ ਕਾਂਡਾਂ ਦੀ ਜਾਂਚ ਲਈ ਪੈਂਤੜੇ ਉੱਤੇ ਮੁੜ ਵਿਚਾਰ ਕੀਤੀ ਜਾਵੇ।

916 Views

e-Paper