ਡੇਰਾ ਮੁਖੀ ਦਾ ਡਰਾਈਵਰ ਇਕਬਾਲ ਦਿੰਦਾ ਰਿਹਾ ਹਨੀਪ੍ਰੀਤ ਨੂੰ ਪਨਾਹ


ਬਠਿੰਡਾ, (ਬਖਤੌਰ ਢਿੱਲੋਂ)
ਛੇ ਦਿਨਾਂ ਲਈ ਪੁਲਸ ਰਿਮਾਂਡ 'ਤੇ ਜਾ ਚੁੱਕੀ ਹਨੀਪ੍ਰੀਤ ਸਧਾਰਨ ਔਰਤ ਨਾ ਹੋ ਕੇ ਇੱਕ ਅਜਿਹੇ ਤੇਜ਼-ਤਰਾਰ ਮਨੁੱਖੀ ਨੈੱਟਵਰਕ ਦਾ ਅਹਿਮ ਪੁਰਜ਼ਾ ਹੈ, ਜੋ ਦੇਸ਼ ਦੇ ਮੰਨੇ-ਪ੍ਰਮੰਨੇ ਸੂਹੀਆ ਤੇ ਤਫ਼ਤੀਸ਼ੀ ਤੰਤਰ ਨੂੰ ਭੰਬਲਭੂਸੇ ਵਿੱਚ ਪਾਉਣ ਦੀ ਮੁਹਾਰਤ ਨਾਲ ਲੈਸ ਹੈ। 38 ਦਿਨਾਂ ਦੀ ਫਰਾਰੀ ਉਪਰੰਤ ਕੱਲ੍ਹ ਗ੍ਰਿਫਤਾਰ ਹੋਣ ਤੋਂ ਅੱਜ ਅਦਾਲਤ ਵਿਖੇ ਪੇਸ਼ ਕਰਨ ਦੇ ਅਰਸੇ ਦੌਰਾਨ ਹੋਈ ਪੁੱਛ-ਪੜਤਾਲ ਤੋਂ ਇਹ ਹਕੀਕਤ ਪੂਰੀ ਤਰ੍ਹਾਂ ਨਿਖਰ ਕੇ ਸਾਫ ਤੇ ਸਪੱਸ਼ਟ ਹੋ ਚੁੱਕੀ ਹੈ।
25 ਅਗਸਤ ਨੂੰ ਆਪਣੀਆਂ ਹੀ ਦੋ ਭਗਤ ਪ੍ਰੇਮਣਾਂ ਨੂੰ ਬਲਾਤਕਾਰ ਦਾ ਸ਼ਿਕਾਰ ਬਣਾਉਣ ਦੇ ਦੋਸ਼ ਹੇਠ ਪੰਚਕੂਲਾ ਦੀ ਸੀ ਬੀ ਆਈ ਅਦਾਲਤ ਨੇ ਜਦ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦੇ ਦਿੱਤਾ ਤਾਂ ਉਸ ਮੌਕੇ ਹੋਈ ਵਿਆਪਕ ਹਿੰਸਾ ਦੌਰਾਨ 38 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਦ ਕਿ ਪੰਜਾਬ ਤੇ ਹਰਿਆਣਾ ਵਿੱਚ ਕਈ ਅਰਬ ਰੁਪਏ ਦਾ ਮਾਲੀ ਨੁਕਸਾਨ ਹੋਇਆ ਸੀ। ਡੇਰਾ ਮੁਖੀ ਨੂੰ ਅਰਧ ਫੌਜੀ ਬਲਾਂ ਦੀ ਮਦਦ ਨਾਲ ਅਦਾਲਤੀ ਕੰਪਲੈਕਸ 'ਚੋਂ ਚੰਡੀ ਮੰਦਰ ਵਿਖੇ ਤਬਦੀਲ ਕਰਨ ਉਪਰੰਤ ਰੋਹਤਕ ਦੀ ਸੁਨਾਰੀਆ ਜੇਲ੍ਹ ਲਈ ਜਿਸ ਹੈਲੀਕਾਪਟਰ ਰਾਹੀਂ ਲਿਜਾਇਆ ਗਿਆ, ਉਸ ਵਿੱਚ ਉਸ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਵੀ ਸਵਾਰ ਸੀ, ਜਿਸ ਨੂੰ ਉਸ ਦਾ ਸਾਬਕਾ ਪਤੀ ਰਾਮ ਰਹੀਮ ਨਾਲ ਨਜਾਇਜ਼ ਸੰਬੰਧਾਂ ਦੀ ਦੋਸ਼ਣ ਗਰਦਾਨਦਾ ਆ ਰਿਹਾ ਹੈ।
ਡੇਰਾ ਮੁਖੀ ਦੇ ਜੇਲ੍ਹ ਦਾਖਲ ਹੋਣ ਉਪਰੰਤ ਹਨੀਪ੍ਰੀਤ, ਜਿਸ ਦਾ ਪਹਿਲਾ ਨਾਂਅ ਪ੍ਰਿਅੰਕਾ ਤਨੇਜਾ ਹੁੰਦਾ ਸੀ, ਆਖਰ ਗਈ ਕਿੱਥੇ? ਇਸ ਸੁਆਲ ਦਾ ਜੁਆਬ ਤਲਾਸ਼ਣ ਵਾਸਤੇ ਜਿੱਥੇ ਹਰਿਆਣਾ ਦਾ ਸਮੁੱਚਾ ਖੁਫ਼ੀਆ ਤੰਤਰ ਕੱਲ੍ਹ ਸਵੇਰ ਤੱਕ ਅੱਕੀਂ-ਪਲਾਹੀਂ ਹੱਥ ਮਾਰਦਾ ਰਿਹਾ, ਉੱਥੇ ਇਸ ਬੀਬੀ ਨੂੰ ਲੱਭਣ ਵਾਸਤੇ ਲੁੱਕਆਊਟ ਨੋਟਿਸ ਵੀ ਜਾਰੀ ਕਰਕੇ ਆਂਢ-ਗੁਆਂਢ ਦੇ ਸੂਬਿਆਂ ਅਤੇ ਕੇਂਦਰ ਸਰਕਾਰ ਤੋਂ ਮਦਦ ਵੀ ਮੰਗੀ ਗਈ ਸੀ। ਦੇਸ਼ ਦਾ ਸਮੁੱਚਾ ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ ਜਦੋਂ ਹਿੱਕ ਠੋਕ ਕੇ ਇਹ ਦਾਅਵੇ ਕਰਨ ਵਿੱਚ ਲੱਗਾ ਹੋਇਆ ਸੀ ਕਿ ਹਨੀਪ੍ਰੀਤ ਨੇਪਾਲ ਪੁੱਜ ਚੁੱਕੀ ਹੈ ਤੇ ਕਿਸੇ ਵੀ ਵੇਲੇ ਉੱਥੋਂ ਕਿਸੇ ਹੋਰ ਦੇਸ਼ ਨੂੰ ਖਿਸਕਣ ਵਾਸਤੇ ਮੌਕੇ ਦੀ ਤਲਾਸ਼ ਵਿੱਚ ਹੈ, ਉਦੋਂ 'ਨਵਾਂ ਜ਼ਮਾਨਾ' ਦੇ ਇਹਨਾਂ ਹੀ ਕਾਲਮਾਂ ਵਿੱਚ ਇਹ ਤਫ਼ਤੀਸ਼ੀ ਵਿਸ਼ਲੇਸ਼ਣ ਪ੍ਰਕਾਸ਼ਤ ਹੋ ਗਿਆ ਸੀ, ਜਿਸ ਨੇ ਸਪੱਸ਼ਟ ਰੂਪ ਵਿੱਚ ਇਹ ਨਤੀਜਾ ਕੱਢ ਦਿੱਤਾ ਸੀ ਕਿ ਉਸ ਦੀਆਂ ਪੈੜਾਂ ਰਾਜਸਥਾਨ ਅਤੇ ਪੰਜਾਬ ਤੱਕ ਹੀ ਸੀਮਤ ਹਨ।
ਹਨੀਪ੍ਰੀਤ ਗ੍ਰਿਫਤਾਰ ਹੋਈ ਹੈ ਜਾਂ ਉਸ ਨੇ ਆਤਮ-ਸਮਰਪਣ ਕੀਤਾ ਹੈ, ਇਸ ਗੋਰਖਧੰਦੇ ਵਿੱਚ ਨਾ ਪੈਂਦਿਆਂ ਜੇ ਮੁੱਢਲੇ ਕੁਝ ਹੀ ਘੰਟਿਆਂ ਵਿੱਚ ਉਸ ਤੋਂ ਹੋਈ ਪੁੱਛ-ਪੜਤਾਲ 'ਤੇ ਨਜ਼ਰ ਮਾਰੀ ਜਾਵੇ ਤਾਂ ਸਧਾਰਨ ਔਰਤ ਨਾ ਹੋ ਕੇ ਉਹ ਇੱਕ ਅਜਿਹੇ ਤੇਜ਼-ਤਰਾਰ ਮਨੁੱਖੀ ਨੈੱਟਵਰਕ ਦਾ ਅਹਿਮ ਪੁਰਜ਼ਾ ਸਾਬਤ ਹੋ ਚੁੱਕੀ ਹੈ, ਜੋ ਦੇਸ਼ ਦੇ ਖੁਫ਼ੀਆ ਤੇ ਤਫ਼ਤੀਸ਼ੀ ਪ੍ਰਣਾਲੀ ਨੂੰ ਭੰਬਲਭੂਸੇ ਵਿੱਚ ਪਾਉਣ ਦੇ ਸਮਰੱਥ ਹੈ। ਪੁੱਛਗਿੱਛ ਦੌਰਾਨ ਇਹ ਵੀ ਸਪੱਸ਼ਟ ਹੋ ਚੁੱਕਾ ਹੈ ਕਿ ਭਾਵੇਂ ਪੁਲਸ ਨੇ ਉਸ ਦਾ ਥਹੁ-ਪਤਾ ਲਾਉਣ ਲਈ ਐੱਚ ਡੀ ਐੱਫ ਸੀ ਬੈਂਕ ਵਿਚਲੇ ਉਸ ਦੇ ਖਾਤੇ ਨੂੰ ਸੀਲ ਨਾ ਕਰਨ ਤੋਂ ਇਲਾਵਾ ਟੈਲੀਫੋਨ ਪ੍ਰਣਾਲੀ 'ਤੇ ਵੀ ਡਾਢੀ ਨਜ਼ਰ ਰੱਖੀ ਹੋਈ ਸੀ, ਤਾਂ ਕਿ ਪੈਸਾ ਕਢਵਾਉਣ ਜਾਂ ਕਿਸੇ ਨਾਲ ਗੱਲ ਕਰਨ ਦੀ ਸੂਰਤ ਵਿੱਚ ਉਸ ਦੀ ਲੁਕੇਸ਼ਨ ਦਾ ਥਹੁ-ਪਤਾ ਲਾ ਕੇ ਦਬੋਚਿਆ ਜਾ ਸਕੇ, ਨੂੰ ਅਸਫਲ ਬਣਾਉਣ ਲਈ ਹਨੀ ਨੇ ਨਾ ਤਾਂ ਕੋਈ ਪੈਸਾ ਕਢਵਾਇਆ ਅਤੇ ਸਧਾਰਨ ਫੋਨ ਦੀ ਬਜਾਏ ਇੰਟਰਨੈਸ਼ਨਲ ਟੈਲੀਫੋਨ ਦੇ ਮਾਧਿਅਮ ਰਾਹੀਂ ਆਪਣੀ ਜਾਣ-ਪਛਾਣ ਵਾਲੇ ਰਾਜ਼ਦਾਨਾਂ ਨਾਲ ਵਟਸਅੱਪ ਕਾਲਾਂ ਰਾਹੀਂ ਗੱਲਬਾਤ ਕਰਦੀ ਰਹੀ।
ਗੰਗਾਨਗਰ ਤੋਂ ਲੈ ਕੇ ਨੇਪਾਲ ਤੱਕ ਦੇ ਰਾਹ ਛਾਣਨ ਵਾਲੇ ਹਰਿਆਣਾ ਦੇ ਪੁਲਸ ਅਧਿਕਾਰੀਆਂ ਦੇ ਉਦੋਂ ਹੋਸ਼ ਉੱਡ ਗਏ, ਜਦੋਂ ਹਨੀਪ੍ਰੀਤ ਨੇ ਇਹ ਦੱਸਿਆ ਕਿ ਹੋਰਨਾਂ ਸਮੇਤ ਜਦ ਡੇਰਾ ਮੁਖੀ ਦਾ ਇੱਕ ਅਹਿਮ ਰਿਸ਼ਤੇਦਾਰ ਆਪਣੀ ਟੀਮ ਦੀ ਮਦਦ ਨਾਲ ਉਸ ਨੂੰ 27 ਅਗਸਤ ਨੂੰ ਸਿਰਸਾ ਤੋਂ ਗੁਰੂਸਰ ਮੋੜੀਆ ਲੈ ਗਿਆ ਤਾਂ ਖਤਰੇ ਦੇ ਨਿਸ਼ਾਨਾਂ ਨੂੰ ਭਾਂਪਦਿਆਂ ਉਹ ਉੱਥੋਂ ਆਪਣੇ ਵਿਸ਼ਵਾਸਪਾਤਰ ਡਰਾਈਵਰ ਦੀ ਮਦਦ ਨਾਲ ਪਹਿਲਾਂ ਆਪਣੇ ਭਰਾ ਦੇ ਸਹੁਰੇ ਘਰ, ਫਿਰ ਰਾਜਸਥਾਨ ਦੇ ਵੱਖ-ਵੱਖ ਟਿਕਾਣਿਆਂ ਤੋਂ ਹੁੰਦੀ ਹੋਈ ਬਠਿੰਡਾ ਸ਼ਹਿਰ ਦੇ ਇੱਕ ਘਰ ਤੋਂ ਇਲਾਵਾ ਕਿਸੇ ਪਿੰਡ ਦੇ ਖੇਤਾਂ ਵਿਚਲੀ ਰਿਹਾਇਸ਼ ਵਿਖੇ ਵੀ ਰਹਿੰਦੀ ਰਹੀ।
ਇਸ ਪੱਤਰਕਾਰ ਵੱਲੋਂ ਕੀਤੀ ਖੋਜ-ਪੜਤਾਲ ਅਨੁਸਾਰ ਉਸ ਦਾ ਪਨਾਹਦਾਤਾ ਡੇਰਾ ਮੁਖੀ ਦਾ ਇੱਕ ਅਹਿਮ ਡਰਾਈਵਰ ਉਹ ਇਕਬਾਲ ਸਿੰਘ ਹੈ, ਗ੍ਰਿਫਤਾਰੀ ਸਮੇਂ ਜਿਸ ਦੀ ਪਤਨੀ ਸੁਖਦੀਪ ਕੌਰ ਹਨੀਪ੍ਰੀਤ ਦੇ ਨਾਲ ਸੀ। ਪੰਚਕੂਲਾ ਦੀ ਅਦਾਲਤ ਨੇ ਸੁਖਦੀਪ ਦਾ ਵੀ ਅੱਜ ਪੁਲਸ ਰਿਮਾਂਡ ਦੇ ਦਿੱਤਾ।
ਕੌਣ ਹੈ ਇਕਬਾਲ
ਇਹ ਪਿੰਡ ਬੱਲੂਆਣਾ ਜ਼ਿਲ੍ਹਾ ਬਠਿੰਡਾ ਦਾ ਪੱਕਾ ਵਸਨੀਕ ਹੈ ਅਤੇ ਚੰਗੀ ਜਾਇਦਾਦ ਵਾਲੇ ਖਾਂਦੇ-ਪੀਂਦੇ ਪਰਵਾਰ ਨਾਲ ਸੰਬੰਧਤ ਹੈ। ਇਸ ਨੇ ਸਥਾਨਕ ਨਵੀਂ ਬਸਤੀ ਤੋਂ ਇਲਾਵਾ ਇੱਕ ਹੋਰ ਕੋਠੀ ਸ਼ਾਹ ਸਤਨਾਮ ਨਗਰ ਸਿਰਸਾ ਵਿਖੇ ਲੈ ਕੇ ਪਰਵਾਰ ਸਮੇਤ ਉੱਥੇ ਹੀ ਰਿਹਾਇਸ਼ ਕਰ ਲਈ ਸੀ। ਪਿਛਲੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇਹਨਾਂ ਦਾ ਪਰਵਾਰ ਦਾਦਾ ਨਾਜਰ ਸਿੰਘ ਤੇ ਬਾਪ ਰੇਸ਼ਮ ਸਿੰਘ ਤੋਂ ਲੈ ਕੇ ਡੇਰੇ ਨਾਲ ਜੁੜਿਆ ਹੋਇਆ ਹੈ।
ਹਨੀਪ੍ਰੀਤ ਨੇ ਆਪਣੀ ਨਵੀਂ ਬਸਤੀ ਵਾਲੀ ਕੋਠੀ ਤੋਂ ਇਲਾਵਾ ਪਿੰਡ ਬੱਲੂਆਣਾ ਵਿਖੇ ਲਿਆਉਣ ਤੇ ਲੋੜ ਅਨੁਸਾਰ ਕਿਤੇ ਹੋਰ ਲਿਜਾਣ ਦੀ ਜ਼ਿੰਮੇਵਾਰੀ ਇਕਬਾਲ ਹੀ ਨਿਭਾਉਂਦਾ ਰਿਹਾ ਹੈ। ਉਸ ਦੀ ਪਤਨੀ ਸੁਖਦੀਪ ਇਸ ਕੰਮ ਵਿੱਚ ਹੱਥ ਵਟਾਉਂਦੀ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਡੇਰੇ ਤੋਂ ਖਿਸਕਾਈਆਂ ਮੋਟੀਆਂ ਰਕਮਾਂ ਤੇ ਹੋਰ ਕੀਮਤੀ ਸਾਮਾਨ ਸੰਬੰਧੀ ਵੀ ਪੁਲਸ ਨੂੰ ਹਨੀਪ੍ਰੀਤ ਤੋਂ ਪੁਖਤਾ ਜਾਣਕਾਰੀ ਮਿਲੀ ਹੈ, ਜਿਸ ਦੀ ਪੁੱਛ-ਪੜਤਾਲ ਦਾ ਘੇਰਾ ਕਈ ਚਰਚਿਤ ਭਦਰਪੁਰਸ਼ਾਂ ਨੂੰ ਵੀ ਆਪਣੇ ਕਲਾਵੇ ਵਿੱਚ ਲੈ ਸਕਦਾ ਹੈ।