Latest News

ਹਨੀਪ੍ਰੀਤ ਦਾ 6 ਦਿਨਾ ਪੁਲਸ ਰਿਮਾਂਡ

Published on 04 Oct, 2017 11:28 AM.


ਪੰਚਕੂਲਾ, (ਨਵਾਂ ਜ਼ਮਾਨਾ ਸਰਵਿਸ)
ਡੇਰਾ ਸੱਚਾ ਸੌਦਾ ਦੇ ਵਿਵਾਦਗ੍ਰਸਤ ਮੁਖੀ ਗੁਰਮੀਤ ਰਾਮ ਰਹੀਮ ਦੀ ਨਾਮ ਨਿਹਾਦ ਧੀ ਹਨੀਪ੍ਰੀਤ ਦਾ ਅਦਾਲਤ ਨੇ ਛੇ ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ। ਹਰਿਆਣਾ ਪੁਲਸ ਦੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਨੇ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਕਰੀਬੀ ਤੇ ਦੁਨੀਆ ਅੱਗੇ ਧੀ ਬਣਾ ਕੇ ਪੇਸ਼ ਕੀਤੀ ਜਾਂਦੀ ਰਹੀ ਹਨੀਪ੍ਰੀਤ ਨੂੰ ਪੁੱਛਗਿੱਛ ਕਰਨ ਉਪਰੰਤ ਬੁੱਧਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਅਤੇ 14 ਦਿਨ ਦਾ ਰਿਮਾਂਡ ਮੰਗਿਆ ਸੀ। ਹਨੀਪ੍ਰੀਤ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਨੀਪ੍ਰੀਤ, ਜਿਸ ਦਾ ਅਸਲੀ ਨਾਂਅ ਪ੍ਰਿਯੰਕਾ ਤਨੇਜਾ ਹੈ ਤੇ 38 ਦਿਨਾਂ ਤੋਂ ਫਰਾਰ ਸੀ। ਮੰਗਲਵਾਰ ਨੂੰ ਉਹ ਅਚਾਨਕ ਲੋਕਾਂ ਸਾਹਮਣੇ ਆਈ ਸੀ। ਇਕ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਉਸ ਨੇ ਖੁਦ ਨੂੰ ਬੇਕਸੂਰ ਦੱਸਿਆ ਸੀ।
ਹਰਿਆਣਾ ਪੁਲਸ ਨੇ ਹਨੀਪ੍ਰੀਤ ਖਿਲਾਫ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਹੋਇਆ ਹੈ। ਉਸ ਨੂੰ ਚੰਡੀਗੜ੍ਹ ਤੋਂ ਕਰੀਬ 15 ਕਿਲੋਮੀਟਰ ਦੂਰੋਂ ਗ੍ਰਿਫਤਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਗੁਰਮੀਤ ਨੂੰ ਦੋ ਸਾਧਣੀਆਂ ਨਾਲ ਬਲਾਤਕਾਰ ਦੇ ਮੁਕੱਦਮੇ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 20 ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਗਈ ਸੀ। ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸਿਰਸਾ ਅਤੇ ਪੰਚਕੂਲਾ ਸਮੇਤ ਕਈ ਜ਼ਿਲ੍ਹਿਆਂ 'ਚ ਵਿਆਪਕ ਹਿੰਸਾ ਹੋਈ ਸੀ, ਜਿਸ ਦੌਰਾਨ 38 ਲੋਕ ਮਾਰੇ ਗਏ ਸਨ ਤੇ 200 ਤੋਂ ਵੱਧ ਜ਼ਖਮੀ ਹੋਏ ਸਨ।
ਹਨੀਪ੍ਰੀਤ ਨੇ ਹਵਾਲਾਤ 'ਚ ਪੂਰੀ ਰਾਤ ਬੇਚੈਨੀ 'ਚ ਕੱਟੀ। ਉਸ ਨੂੰ ਨੀਂਦ ਨਹੀਂ ਆਈ। ਐਸ ਆਈ ਟੀ ਦੀ ਪੁੱਛਗਿੱਛ ਦੌਰਾਨ ਹਨੀਪ੍ਰੀਤ ਨੇ ਛਾਤੀ 'ਚ ਦਰਦ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਉਸ ਨੂੰ ਰਾਤ ਨੂੰ ਹਸਪਾਤਲ ਲਿਜਾਇਆ ਗਿਆ। ਹਸਪਤਾਲ 'ਚ ਜਾਂਚ ਦੌਰਾਨ ਡਾਕਟਰਾਂ ਨੇ ਉਸ ਨੂੰ ਪੂਰੀ ਤਰ੍ਹਾਂ ਸਿਹਤਮੰਦ ਦੱਸਿਆ।
ਐਸ ਆਈ ਟੀ ਨੇ ਮਹਿਲਾ ਪੁਲਸ ਕਰਮਚਾਰੀਆਂ ਦੀ ਮੌਜੂਦਗੀ 'ਚ ਮੰਗਲਵਾਰ ਰਾਤ ਨੂੰ ਕਈ ਘੰਟੇ ਪੁੱਛਗਿੱਛ ਕੀਤੀ, ਜਿਸ ਦੌਰਾਨ ਉਹ ਰੋ ਪਈ।
ਜ਼ਿਕਰਯੋਗ ਹੈ ਕਿ ਗੁਰਮੀਤ ਨੂੰ ਅਦਾਲਤ ਵੱਲੋਂ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਵਾਪਰੀ ਵਿਆਪਕ ਹਿੰਸਾ ਪਿੱਛੇ ਡੇਰੇ ਦੀ ਸਿੱਧੀ ਸ਼ਮੂਲੀਅਤ ਦੇ ਸਪੱਸ਼ਟ ਸੰਕੇਤ ਮਿਲੇ ਸਨ। ਗੁਰਮੀਤ ਦੀ ਪੇਸ਼ੀ ਸਮੇਂ ਉਸ ਦੇ ਕਾਫਲੇ ਨਾਲ ਆਈ ਫਾਇਰ ਬ੍ਰਿਗੇਡ ਦੀ ਇੱਕ ਗੱਡੀ 'ਚੋਂ ਸੈਂਕੜੇ ਲਿਟਰ ਖਤਰਨਾਕ ਕੈਮੀਕਲ ਬਰਾਮਦ ਹੋਇਆ ਸੀ, ਜਿਸ ਨੂੰ ਵੇਲੇ ਸਿਰ ਜ਼ਬਤ ਨਾ ਕੀਤਾ ਜਾਂਦਾ ਤਾਂ ਕੋਈ ਭਿਆਨਕ ਦੁਖਾਂਤ ਵਾਪਰ ਸਕਦਾ ਸੀ। ਇਸੇ ਤਰ੍ਹਾਂ ਇੱਕ ਏ ਕੇ 47 ਰਾਈਫਲ ਵੀ ਬਰਾਮਦ ਕੀਤੀ ਗਈ ਸੀ।
ਹਨੀਪ੍ਰੀਤ ਨੂੰ ਸਖਤ ਸੁਰੱਖਿਆ ਅਧੀਨ ਅਦਾਲਤ 'ਚ ਪੇਸ਼ ਕੀਤਾ ਗਿਆ। ਪੇਸ਼ੀ ਦੌਰਾਨ ਅਦਾਲਤ ਅੰਦਰ ਹਨੀਪ੍ਰੀਤ ਰੋਣ ਲੱਗ ਪਈ ਤੇ ਉਸ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ।
ਜਾਣਕਾਰ ਸੂਤਰਾਂ ਅਨੁਸਾਰ ਹਨੀਪ੍ਰੀਤ ਦੇ ਮੋਬਾਇਲ ਫੋਨ ਦੀ ਪੁਲਸ ਨੂੰ ਭਾਲ ਹੈ ਕਿ ਜਿਸ ਤੋਂ ਕਈ ਅਹਿਮ ਖੁਲਾਸੇ ਹੋ ਸਕਦੇ ਹਨ। ਇਸ ਭੇਦ ਤੋਂ ਪਰਦਾ ਉਠ ਸਕਦਾ ਹੈ ਕਿ ਰੂਪੋਸ਼ੀ ਦੌਰਾਨ ਉਹ ਕਿਸ-ਕਿਸ ਦੇ ਸੰਪਰਕ ਵਿੱਚ ਰਹੀ।

352 Views

e-Paper