ਹਨੀਪ੍ਰੀਤ ਦੇ ਨਾਰਕੋ ਟੈਸਟ ਦੀ ਤਿਆਰੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜ਼ਦਾਰ ਹਨੀਪ੍ਰੀਤ ਕੋਲੋਂ ਪੁਲਸ ਜਲਦੀ ਤੋਂ ਜਲਦੀ ਸਾਰੇ ਰਾਜ਼ ਉਗਲਵਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ।ਹਰਿਆਣਾ ਪੁਲਸ ਸੱਚ ਜਾਣਨ ਲਈ ਹਨੀਪ੍ਰੀਤ ਦਾ ਨਾਰਕੋ ਟੈਸਟ ਕਰਵਾ ਸਕਦੀ ਹੈ। ਇਸ ਲਈ ਪੁਲਸ ਕੋਰਟ ਵਿੱਚ ਅਰਜ਼ੀ ਦਾਇਰ ਕਾਰਨ 'ਤੇ ਵਿਚਾਰ ਕਰ ਰਹੀ ਹੈ। ਪੁਲਸ ਦਾ ਮੰਨਣਾ ਹੈ ਕਿ ਹਨੀਪ੍ਰੀਤ ਕੋਲੋਂ ਕਈ ਅਹਿਮ ਸੁਰਾਗ ਮਿਲ ਸਕਦੇ ਹਨ ਤੇ ਹਾਲੇ ਉਹ ਕਈ ਗੱਲਾਂ ਲੁਕਾ ਰਹੀ ਹੈ।ਪੁਲਸ ਹਨੀਪ੍ਰੀਤ ਤੇ ਉਸ ਦੀ ਸਾਥਣ ਸੁਖਦੀਪ ਨੂੰ ਪੰਚਕੂਲਾ ਤੋਂ ਬਠਿੰਡਾ ਲੈ ਕੇ ਗਈ ਹੈ। ਪੁਲਸ ਉਨ੍ਹਾਂ ਸਾਰੇ ਲੋਕਾਂ 'ਤੇ ਵੀ ਸ਼ਿਕੰਜਾ ਕੱਸਣ ਦੀ ਤਿਆਰੀ ਵਿੱਚ ਹੈ, ਜਿਨ੍ਹਾਂ ਨੇ ਹਨੀਪ੍ਰੀਤ ਨੂੰ ਪਨਾਹ ਦਿੱਤੀ ਸੀ।ਬਠਿੰਡਾ ਵਿੱਚ ਪੁਲਸ ਹਨੀਪ੍ਰੀਤ ਕੋਲੋਂ ਉਸ ਦੇ ਟਿਕਾਣਿਆਂ ਦੀ ਨਿਸ਼ਾਨਦੇਹੀ ਕਰਾਏਗੀ। ਪੁਲਸ ਪਤਾ ਲਾਵੇਗੀ ਕਿ ਜਿਸ ਦੌਰਾਨ ਹਨੀਪ੍ਰੀਤ ਫਰਾਰ ਸੀ, ਉਹ ਕਿੱਥੇ-ਕਿੱਥੇ ਰੁਕੀ ਸੀ।ਕਿਹਾ ਜਾ ਰਿਹਾ ਹੈ ਕਿ ਹਨੀਪ੍ਰੀਤ ਬਠਿੰਡਾ ਵਿੱਚ ਸੁਖਦੀਪ ਦੇ ਘਰ ਰੁਕੀ ਸੀ।
ਅੱਜ ਸਵੇਰੇ ਪੁਲਸ ਹਨੀਪ੍ਰੀਤ ਤੇ ਉਸ ਦੀ ਸਾਥਣ ਸੁਖਦੀਪ ਨੂੰ ਪਹਿਲਾਂ ਪੰਚਕੂਲਾ ਦੇ ਸੈਕਟਰ 23 ਥਾਣੇ ਤੋਂ ਕੱਢ ਕੇ ਸੈਕਟਰ 20 ਲੈ ਗਈ। ਇਸ ਤੋਂ ਬਾਅਦ ਸੈਕਟਰ 20 ਤੋਂ ਵੀ ਪੁਲਸ ਹਨੀਪ੍ਰੀਤ ਤੇ ਸੁਖਦੀਪ ਨੂੰ ਬੱਸ ਵਿੱਚ ਬਿਠਾ ਕੇ ਬਠਿੰਡਾ ਵੱਲ ਨਿਕਲੀ। ਰਸਤੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਇੱਕ ਥਾਣੇ ਵਿੱਚ ਵੀ ਪੁਲਸ ਰੁਕੀ। ਮਾਮਲੇ ਵਿਚ ਜਾਂਚ ਅਧਿਕਾਰੀ ਮਮਤਾ ਸਿੰਘ ਨੇ ਕਿਹਾ ਕਿ ਪੁੱਛਗਿੱਛ ਵਿੱਚ ਹਨੀਪ੍ਰੀਤ ਕੋਲੋਂ ਮਹੱਤਵਪੂਰਨ ਸੁਰਾਗ ਮਿਲੇ ਹਨ। ਜਾਂਚ ਜਾਰੀ ਹੈ ਤੇ ਜਲਦ ਹੀ ਹਨੀਪ੍ਰੀਤ ਦੀ ਸ਼ਮੂਲੀਅਤ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਹਨੀਪ੍ਰੀਤ ਨੂੰ ਕੱਲ੍ਹ ਪੁਲਸ ਨੇ ਪੰਚਕੂਲਾ ਕੋਰਟ ਵਿੱਚ ਪੇਸ਼ ਕੀਤਾ ਸੀ। ਕੋਰਟ ਤੋਂ ਪੁਲਸ ਨੂੰ 6 ਦਿਨ ਦਾ ਰਿਮਾਂਡ ਮਿਲਿਆ ਹੈ। 39 ਦਿਨ ਤੋਂ ਫਰਾਰ ਹਨੀਪ੍ਰੀਤ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਮੀਡੀਆ ਵਿੱਚ ਉਸ ਦਾ ਇੰਟਰਵਿਊ ਆਇਆ ਸੀ। ਹਨੀਪ੍ਰੀਤ ਦੇ ਵਕੀਲ ਪ੍ਰਦੀਪ ਆਰੀਆ ਨੇ ਕਿਹਾ ਕਿ ਪੁਲਸ ਨੇ 14 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ, ਅਸੀਂ ਇਸ ਦਾ ਵਿਰੋਧ ਕੀਤਾ। ਕੋਰਟ ਨੇ ਸਿਰਫ 6 ਦਿਨ ਦਾ ਹੀ ਰਿਮਾਂਡ ਦਿੱਤਾ ਹੈ। ਪੁਲਸ ਨੇ ਰਿਮਾਂਡ ਲਈ ਕੋਈ ਖਾਸ ਕਾਰਨ ਨਹੀਂ ਦੱਸਿਆ। ਬਲਾਤਕਾਰੀ ਬਾਬਾ ਗੁਰਮੀਤ ਰਾਮ ਰਹੀਮ ਦੇ ਸਮੱਰਥਕਾਂ ਨੇ ਸਮੂਹਿਕ ਰੂਪ 'ਚ ਇਸਲਾਮ ਕਬੂਲ ਕਰ ਲੈਣ ਦੀ ਧਮਕੀ ਦਿੱਤੀ ਹੈ। ਡੇਰਾ ਸਮਰਥਕਾਂ 'ਚ ਰਾਮ ਰਹੀਮ ਨੂੰ ਸਜ਼ਾ ਤੋਂ ਬਾਅਦ ਕਾਫੀ ਗੁੱਸਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਰਾਮ ਰਹੀਮ ਨੂੰ ਜੇਲ੍ਹ ਇਸ ਲਈ ਜਾਣਾ ਪਿਆ, ਕਿਉਂਕਿ ਉਹ ਹਿੰਦੂ ਸਨ। ਡੇਰੇ ਦੇ ਬੁਲਾਰੇ ਸੰਦੀਪ ਮਿਸ਼ਰਾ ਨੇ ਕਿਹਾ, “ਜਦ ਸਾਡੇ ਵਿਸ਼ਵਾਸ 'ਤੇ ਹੀ ਹਮਲਾ ਕੀਤਾ ਗਿਆ ਤਾਂ ਅਸੀਂ ਕਿਉਂ ਨਾ ਧਰਮ ਹੀ ਬਦਲ ਲਈਏ।”
ਸੰਦੀਪ ਨੇ ਕਿਹਾ ਕਿ ਉਨ੍ਹਾਂ ਨਾਲ ਦੇ ਜ਼ਿਆਦਾਤਰ ਲੋਕਾਂ ਦਾ ਇਹੋ ਮੰਨਣਾ ਹੈ। ਹਾਲ ਹੀ 'ਚ ਰਾਮ ਰਹੀਮ ਦੀ ਕਥਿਤ ਕੁੜੀ ਹਨੀਪ੍ਰੀਤ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਜ਼ਿਕਰਯੋਗ ਹੈ ਕਿ ਬਲਾਤਕਾਰੀ ਬਾਬਾ ਰਾਮ ਰਹੀਮ ਨੂੰ 28 ਅਗਸਤ ਨੂੰ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ 'ਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ।
ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਵਾਲੇ ਦਿਨ ਵੀ ਹਰਿਆਣਾ 'ਚ ਰਾਮ ਰਹੀਮ ਦੇ ਭਗਤ ਭੜਕ ਗਏ ਸਨ। ਉਨ੍ਹਾਂ ਨੇ ਜ਼ਬਰਦਸਤ ਹਿੰਸਾ ਕੀਤੀ ਸੀ। ਰਾਮ ਰਹੀਮ 'ਤੇ ਇੱਕ ਪੱਤਰਕਾਰ ਦੇ ਕਤਲ ਤੇ ਹੋਰ ਕੇਸ ਵੀ ਦਰਜ ਹਨ, ਜਿਨ੍ਹਾਂ 'ਤੇ ਫੈਸਲਾ ਆਉਣਾ ਫਿਲਹਾਲ ਬਾਕੀ ਹੈ। ਅਜਿਹੇ 'ਚ ਡੇਰਾ ਸਮੱਰਥਕਾਂ 'ਚ ਲਗਾਤਾਰ ਚਿੰਤਾ ਬਣੀ ਹੋਈ ਹੈ ਕਿ ਬਾਕੀ ਸਜ਼ਾਵਾਂ ਤੋਂ ਕਿਸੇ ਤਰ੍ਹਾਂ ਬਾਬਾ ਨੂੰ ਬਚਾਇਆ ਜਾ ਸਕੇ।