ਗਵਾਂਢੀ ਦੇਸ਼ ਨਾਲ ਬੇਲੋੜੇ ਵਿਵਾਦ ਤੋਂ ਬਚਣ ਦੀ ਲੋੜ


ਭਾਰਤੀ ਹਵਾਈ ਫੌਜ ਦੇ ਮੁਖੀ ਦੀ ਇੱਕ ਸਧਾਰਨ ਜਿਹੀ ਗੱਲ ਨੂੰ ਲੈ ਕੇ ਅਮਰੀਕਾ ਬੈਠੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਨੇ ਬਹੁਤ ਤਿੱਖਾ ਪ੍ਰਤੀਕਰਮ ਦਿੱਤਾ ਤੇ ਜਵਾਬੀ ਧਮਕੀਆਂ ਦੀ ਭਾਸ਼ਾ ਵਰਤੀ ਹੈ।
ਗੱਲ ਅਸਲ ਵਿੱਚ ਏਨੀ ਸੀ ਕਿ ਅੱਠ ਅਕਤੂਬਰ ਨੂੰ ਹਵਾਈ ਸੈਨਾ ਦਿਵਸ ਹੈ ਤੇ ਰਿਵਾਇਤ ਬਣੀ ਹੋਈ ਹੈ ਕਿ ਇਹੋ ਜਿਹੇ ਕਿਸੇ ਮੌਕੇ ਤੋਂ ਪਹਿਲਾਂ ਫੋਰਸ ਦਾ ਮੁਖੀ ਇੱਕ ਪ੍ਰੈੱਸ ਕਾਨਫਰੰਸ ਕਰਿਆ ਕਰਦਾ ਹੈ। ਇਸ ਵਾਰੀ ਵੀ ਏਨਾ ਕੰਮ ਕਰਨ ਲਈ ਪੱਤਰਕਾਰਾਂ ਨੂੰ ਸੱਦਿਆ ਗਿਆ ਸੀ। ਓਥੇ ਚੀਨ ਤੇ ਪਾਕਿਸਤਾਨ ਨਾਲ ਕੌੜ ਦਾ ਸਵਾਲ ਉੱਠ ਪਿਆ। ਪੱਤਰਕਾਰ ਪੁੱਛ ਬੈਠੇ ਕਿ ਭਾਰਤੀ ਫੌਜ ਕੋਲ ਸਕੁਆਡਰਨ ਪੂਰੇ ਨਹੀਂ, ਜੇ ਕੱਲ੍ਹ ਨੂੰ ਦੋਵੇਂ ਪਾਸੇ ਹਾਲਾਤ ਵਿਗੜ ਗਏ ਤਾਂ ਏਅਰ ਫੋਰਸ ਮੁਕਾਬਲਾ ਕਿੱਦਾਂ ਕਰੇਗੀ ਤੇ ਏਅਰ ਫੋਰਸ ਦੇ ਮੁਖੀ ਨੇ ਇਸ ਬਾਰੇ ਜਵਾਬ ਦੇ ਦਿੱਤਾ। ਆਮ ਮੁਹਾਵਰਾ ਹੈ ਕਿ ਜਦੋਂ ਸਿਪਾਹੀ ਨੂੰ ਕਿਸੇ ਪੁੱਛਿਆ ਕਿ ਲੜਾਈ ਲੜੇਂਗਾ ਤਾਂ ਉਸ ਨੇ ਕਿਹਾ : 'ਹਮਾਰਾ ਕਾਮ ਕਿਆ ਹੈ!'’ ਇਹੀ ਗੱਲ ਏਅਰ ਫੋਰਸ ਦੇ ਚੀਫ ਬੀ ਐੱਸ ਧਨੋਆ ਨੇ ਕਹਿ ਦਿੱਤੀ ਕਿ ਜੇ ਦੋਵੇਂ ਦੇਸ਼ਾਂ ਵਾਲੇ ਪਾਸੇ ਵੀ ਇਹੋ ਜਿਹੇ ਹਾਲਾਤ ਬਣ ਗਏ ਤਾਂ ਸਾਡੀ ਏਅਰ ਫੋਰਸ ਕੋਲ ਇਸ ਦੇ ਲਈ ਹੰਗਾਮੀ ਯੋਜਨਾ ਹੈ, ਜਿਸ ਦੀ ਓਦੋਂ ਵਰਤੋਂ ਕੀਤੀ ਜਾ ਸਕਦੀ ਹੈ। ਨਵਾਂ ਸਵਾਲ ਪੱਤਰਕਾਰਾਂ ਨੇ ਗਵਾਂਢੀ ਦੇਸ਼ ਦੀਆਂ ਜੰਗ ਬਾਰੇ ਤਿਆਰੀਆਂ ਅਤੇ ਐਟਮੀ ਟਿਕਾਣਿਆਂ ਬਾਰੇ ਜਦੋਂ ਪੁੱਛ ਲਿਆ ਤਾਂ ਉਸ ਨੇ ਕਹਿ ਦਿੱਤਾ ਕਿ ਉਨ੍ਹਾਂ ਦੀ ਸੂਹ ਲਾਉਣ ਦੀ ਸਾਡੀ ਸਮਰੱਥਾ ਵੀ ਹੈ, ਲੋੜ ਪਈ ਤਾਂ ਓਥੇ ਹਮਲਾ ਕਰਨ ਦੀ ਸਮਰੱਥਾ ਵੀ ਹੈ।
ਮੀਡੀਏ ਨੇ ਇਸ ਨੂੰ ਇਸ ਤਰ੍ਹਾਂ ਘੁਮਾ ਦਿੱਤਾ ਕਿ ਭਾਰਤੀ ਹਵਾਈ ਫੌਜ ਦਾ ਮੁਖੀ ਕਹਿੰਦਾ ਹੈ ਕਿ ਪਾਕਿਸਤਾਨ ਦੇ ਐਟਮੀ ਟਿਕਾਣਿਆਂ ਨੂੰ ਅਸੀਂ ਤਬਾਹ ਕਰ ਸਕਦੇ ਹਾਂ। ਅਗਲੇ ਪਾਸੇ ਪਾਕਿਸਤਾਨ ਦਾ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਇਸ ਤੋਂ ਵੀ ਵੱਧ ਸਿਆਣਾ ਨਿਕਲਿਆ ਕਿ ਏਨੀ ਇੱਕੋ ਗੱਲ ਫੜ ਕੇ ਭਾਰਤ ਨੂੰ ਜਵਾਬੀ ਧਮਕੀਆਂ ਦੇਣ ਦੇ ਰਾਹ ਪੈ ਗਿਆ। ਉਸ ਦੇ ਆਪਣੇ ਮੁਲਕ ਦੀ ਫੌਜ ਅਤੇ ਏਅਰ ਫੋਰਸ ਦੇ ਮੁਖੀ ਅਤੇ ਕਈ ਵਾਰੀ ਮੰਤਰੀ ਤੱਕ ਵੀ ਭਾਰਤ ਨੂੰ ਧਮਕੀਆਂ ਦੇਣ ਲੱਗ ਜਾਂਦੇ ਹਨ, ਭਾਰਤ ਕਦੇ ਏਦਾਂ ਜਵਾਬੀ ਧਮਕੀਆਂ ਨਹੀਂ ਦੇਂਦਾ। ਹਰ ਗੱਲ ਦਾ ਇੱਕ ਪੱਧਰ ਹੁੰਦਾ ਹੈ। ਪ੍ਰਧਾਨ ਮਤਰੀ ਨੇ ਕੁਝ ਕਹਿ ਦਿੱਤਾ ਹੋਵੇ ਤਾਂ ਦੂਸਰੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਫਿਰ ਵਿਦੇਸ਼ ਮੰਤਰੀ ਉਸ ਦਾ ਪ੍ਰਤੀਕਰਮ ਦੇਂਦਾ ਹੈ, ਹਾਰੀ-ਸਾਰੀ ਨੂੰ ਬੋਲਣ ਦਾ ਹੱਕ ਨਹੀਂ ਮਿਲ ਜਾਂਦਾ। ਫੌਜ ਦੇ ਮੁਖੀ ਨੇ ਕੁਝ ਕਿਹਾ ਹੈ ਤਾਂ ਉਨ੍ਹਾਂ ਦੀ ਫੌਜ ਦਾ ਮੁਖੀ ਬੋਲ ਸਕਦਾ ਸੀ। ਐਵੇਂ ਬਾਤ ਦਾ ਬਤੰਗੜ ਬਣਾਉਣ ਦੇ ਲਈ ਵਿਦੇਸ਼ ਵਿੱਚ ਬੈਠੇ ਉਸ ਦੇਸ਼ ਦੇ ਵਿਦੇਸ਼ ਮੰਤਰੀ ਨੂੰ ਬੋਲਣ ਦੀ ਲੋੜ ਨਹੀਂ ਸੀ।
ਉਂਜ ਇਸ ਤੋਂ ਇੱਕ ਸਬਕ ਵੀ ਨਿਕਲਦਾ ਹੈ ਕਿ ਜਦੋਂ ਮੀਡੀਏ ਨਾਲ ਬੋਲਣਾ ਹੋਵੇ ਤਾਂ ਕੁਝ ਸੰਭਲ ਕੇ ਬੋਲਣ ਦੀ ਲੋੜ ਹੁੰਦੀ ਹੈ, ਕਿਉਂਕਿ ਮੀਡੀਆ ਵੀ ਆਪਣੀ ਖਬਰ ਬਣਾਉਣ ਲਈ ਸਿਰਫ ਉਹ ਲਫਜ਼ ਚੁਣ ਸਕਦਾ ਹੈ, ਜਿਨ੍ਹਾਂ ਦੇ ਨਾਲ ਦੂਸਰੇ ਪਾਸੇ ਤੋਂ ਪ੍ਰਤੀਕਰਮ ਆ ਸਕਦਾ ਹੋਵੇ। ਭਾਰਤ ਦੇ ਕੁਝ ਚੈਨਲ ਤਾਂ ਅੱਜ-ਕੱਲ੍ਹ ਇਹ ਕੰਮ ਵੀ ਕਰਦੇ ਹਨ ਕਿ ਸ਼ਾਮ ਨੂੰ ਚਾਰ ਮਾਹਰ ਭਾਰਤ ਵਿੱਚ ਬਿਠਾ ਕੇ ਨਾਲ ਇੱਕ ਪਾਕਿਸਤਾਨੀ ਨੂੰ ਓਧਰ ਕੈਮਰੇ ਅੱਗੇ ਖੜੋਣ ਦਾ ਮੌਕਾ ਦੇ ਕੇ ਭਖਵੀਂ ਬਹਿਸ ਇਸ ਹੱਦ ਤੱਕ ਪੁਚਾ ਦੇਂਦੇ ਹਨ ਕਿ ਦੋਵੇਂ ਧਿਰਾਂ ਗੱਲਾਂ ਛੱਡ ਕੇ ਗਾਲ੍ਹਾਂ ਵਰਗੀ ਗਰਮ ਭਾਸ਼ਾ ਵਰਤਣ ਲੱਗ ਜਾਣ। ਇਸ ਪਿੱਛੋਂ ਇਹੋ ਜਿਹੀ ਬਦਤਮੀਜ਼ੀ ਵਿਖਾਈ ਜਾਂਦੀ ਹੈ ਕਿ ਇੱਕ ਜੰਗ ਵਰਗਾ ਨਜ਼ਾਰਾ ਬਣ ਜਾਂਦਾ ਹੈ ਅਤੇ ਇਹ ਕੰਮ ਸਾਡੇ ਵੱਲ ਹੀ ਨਹੀਂ ਹੁੰਦਾ, ਪਾਕਿਸਤਾਨੀ ਮੀਡੀਆ ਚੈਨਲਾਂ ਵਾਲੇ ਵੀ ਇਹੋ ਨੌਟੰਕੀ ਕਰਦੇ ਅਤੇ ਕਰਵਾਉਂਦੇ ਹਨ। ਇਸ ਤਰ੍ਹਾਂ ਕੀਤਾ ਜਾਣਾ ਉਨ੍ਹਾਂ ਨੂੰ ਟੀ ਆਰ ਪੀ ਦੇ ਪੱਖ ਤੋਂ ਬਹੁਤ ਜ਼ਿਆਦਾ ਰਾਸ ਆਉਂਦਾ ਹੈ।
ਦੇਸ਼ਾਂ ਦੇ ਆਪਸੀ ਸੰਬੰਧ ਆਮ ਹਾਲਾਤ ਵਿੱਚ ਵੀ ਨਾਜ਼ਕ ਮੁੱਦਾ ਹੁੰਦੇ ਹਨ ਅਤੇ ਇਨ੍ਹਾਂ ਬਾਰੇ ਬੋਲਦੇ ਵਕਤ ਬਹੁਤ ਜ਼ਿਆਦਾ ਸੰਭਲ ਕੇ ਸ਼ਬਦਾਂ ਦੀ ਚੋਣ ਕਰਨੀ ਚਾਹੀਦੀ ਹੈ, ਪਰ ਜਦੋਂ ਆਪਸੀ ਹਾਲਾਤ ਬਹੁਤੇ ਸੁਖਾਵੇਂ ਨਾ ਹੋਣ ਤਾਂ ਹੋਰ ਵੀ ਸੰਵੇਦਨਸ਼ੀਲ ਹੋਣ ਦੀ ਲੋੜ ਹੁੰਦੀ ਹੈ। ਪਾਕਿਸਤਾਨ ਇਸ ਵਕਤ ਸੰਸਾਰ ਦੀ ਸੱਥ ਵਿੱਚ ਘਿਰਿਆ ਪਿਆ ਹੈ। ਕੋਈ ਦੇਸ਼ ਵੀ ਉਸ ਦੇ ਹੱਕ ਵਿੱਚ ਬੋਲਣ ਵਾਲਾ ਨਹੀਂ ਅਤੇ ਉਸ ਦੇ ਭੇਜੇ ਹੋਏ ਦਹਿਸ਼ਤਗਰਦਾਂ ਨੇ ਉਸ ਨੂੰ ਕਿਸੇ ਦੇਸ਼ ਦੇ ਨਾਲ ਸਾਂਝਾਂ ਪਾ ਸਕਣ ਜੋਗਾ ਨਹੀਂ ਛੱਡਿਆ। ਉਹ ਇਸ ਵਕਤ ਇਨ੍ਹਾਂ ਗੱਲਾਂ ਤੋਂ ਧਿਆਨ ਹਟਾਉਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਤੇ ਉਹ ਹੱਦ ਗਵਾਂਢ ਨਾਲ ਆਢਾ ਲਾਉਣ ਵਾਲੀ ਵੀ ਹੋ ਸਕਦੀ ਹੈ। ਭਾਰਤ ਨੂੰ ਸਾਵਧਾਨ ਰਹਿਣ ਦੀ ਲੋੜ ਹੈ।