ਪ੍ਰਦੁਮਨ ਕਤਲ ਕੇਸ; ਪਿੰਟੋ ਪਰਵਾਰ ਨੂੰ 5 ਦਸੰਬਰ ਤੱਕ ਪੇਸ਼ਗੀ ਜ਼ਮਾਨਤ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਗੁੜਗਾਉਂ ਦੇ ਰਿਆਨ ਇੰਟਰਨੇਸ਼ਨਲ ਸਕੂਲ 'ਚ 7 ਸਾਲਾ ਪ੍ਰਦੁਮਨ ਦੇ ਕਤਲ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਿਆਨ ਪਰਵਾਰ ਨੂੰ 5 ਦਸੰਬਰ ਤੱਕ ਪੇਸ਼ਗੀ ਜ਼ਮਾਨਤ ਦੇ ਦਿੱਤੀ ਹੈ। ਸੀ ਬੀ ਆਈ ਨੇ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਕੇਸ 'ਚ ਰਿਆਨ ਪਿੰਟੋ ਤੋਂ ਪੁੱਛਗਿੱਛ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ ਰਿਆਨ ਦੇ ਮਾਲਕ ਰਿਆਨ ਪਿੰਟੋ, ਉਸ ਦੇ ਪਿਤਾ ਫਰਾਂਸਿਸ ਪਿੰਟੋ ਅਤੇ ਮਾਂ ਗਰੇਸ ਪਿੰਟੋ ਦੀ ਗ੍ਰਿਫ਼ਤਾਰੀ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਤੱਕ ਰੋਕ ਲਾਈ ਹੋਈ ਸੀ।
ਅਦਾਲਤ ਦੀ ਕਾਰਵਾਈ ਮਗਰੋਂ ਪਿੰਟੋ ਦੇ ਵਕੀਲ ਐੱਸ ਟੇਕਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਟੋ ਪਰਵਾਰ ਨੂੰ ਸ਼ਰਤਾਂ ਸਮੇਤ ਜ਼ਮਾਨਤ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਦੇਸ਼ ਛੱਡ ਕੇ ਜਾਣ ਦੀ ਇਜਾਜ਼ਤ ਨਹੀਂ। ਉਨ੍ਹਾਂ ਨੂੰ ਜਾਂਚ 'ਚ ਸਹਿਯੋਗ ਕਰਨ ਲਈ ਵੀ ਕਿਹਾ ਗਿਆ ਹੈ।ਇਸ ਤੋਂ ਪਹਿਲਾਂ ਹਾਈ ਕੋਰਟ 'ਚ ਸੀ ਬੀ ਆਈ ਨੇ ਪਿੰਟੋ ਪਰਵਾਰ ਵਿਰੁੱਧ ਸਬੂਤ ਦੇਣ ਲਈ ਸਮਾਂ ਮੰਗਿਆ ਸੀ। ਮਾਮਲਾ ਸੀ ਬੀ ਆਈ ਕੋਲ ਆਉਣ ਮਗਰੋਂ ਸੀ ਬੀ ਆਈ ਨੇ ਅਜੇ ਤੱਕ ਪਿੰਟੋ ਪਰਵਾਰ ਤੋਂ ਪੁੱਛਗਿੱਛ ਨਹੀਂ ਕੀਤੀ, ਹਾਲਾਂਕਿ ਹਾਈ ਕੋਰਟ ਨੇ ਪਿੰਟੋ ਪਰਵਾਰ ਨੂੰ ਜਾਂਚ 'ਚ ਸ਼ਾਮਲ ਹੋਣ ਦਾ ਹੁਕਮ ਦਿੱਤਾ ਸੀ।
ਇਸ ਤੋਂ ਪਹਿਲਾਂ ਪਿੰਟੋ ਪਰਵਾਰ ਨੂੰ ਜਦੋਂ ਮੁੰਬਈ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਸੀ ਤਾਂ ਉਨ੍ਹਾਂ ਪੇਸ਼ਗੀ ਜ਼ਮਾਨਤ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ।
ਜ਼ਿਕਰਯੋਗ ਹੈ ਕਿ 8 ਸਤੰਬਰ ਨੂੰ 7 ਸਾਲ ਦੇ ਪ੍ਰਦੁਮਨ ਦੀ ਗੁੜਗਾਉਂ ਦੇ ਰਿਆਨ ਇੰਟਰਨੈਸ਼ਨਲ ਸਕੂਲ ਦੇ ਟਾਇਲਟ 'ਚੋਂ ਲਾਸ਼ ਮਿਲੀ ਸੀ। ਇਸ ਮਗਰੋਂ ਮਾਮਲੇ ਦੀ ਜਾਂਚ ਦੌਰਾਨ ਹਰਿਆਣਾ ਪੁਲਸ ਨੇ ਬੱਸ ਦੇ ਕੰਡਕਟਰ ਅਸ਼ੋਕ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਪਰ ਮਗਰੋਂ ਜਾਂਚ ਸੀ ਬੀ ਆਈ ਹਵਾਲੇ ਕਰ ਦਿੱਤੀ ਗਈ।