ਬੇਰੁਜ਼ਗਾਰੀ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ : ਰਾਹੁਲ


ਮੰਡੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਵੱਲੋਂ ਕਾਹਲੀ 'ਚ ਜੀ ਐੱਸ ਟੀ ਲਾਗੂ ਕਰਨ ਦੇ ਫ਼ੈਸਲੇ ਨਾਲ ਲੋਕਾਂ ਦੀਆਂ ਸਮੱਸਿਆਵਾਂ ਵਧੀਆਂ ਹਨ ਅਤੇ ਲੋਕਾਂ ਨੂੰ ਆਪਣੀਆਂ ਨੌਕਰੀਆਂ ਗੁਆਉਣੀਆਂ ਪਈਆਂ।
ਰਾਹੁਲ ਗਾਂਧੀ ਨੇ ਕਿਹਾ ਕਿ ਜੀ ਐੱਸ ਟੀ ਕਾਰਨ ਗੁਜਰਾਤ 'ਚ ਹੀ 30 ਲੱਖ ਮੁੰਡੇ-ਕੁੜੀਆਂ ਦੀਆਂ ਨੌਕਰੀਆਂ ਚਲੀਆਂ ਗਈਆਂ। ਉਨ੍ਹਾ ਦੋਸ਼ ਲਾਇਆ ਕਿ ਐੱਨ ਡੀ ਏ ਦੀਆਂ ਗਲਤ ਆਰਥਕ ਨੀਤੀਆਂ ਕਾਰਨ ਹੀ ਬੇਰੁਜ਼ਗਾਰੀ ਵਧ ਗਈ। ਉਨ੍ਹਾ ਕਿਹਾ ਕਿ ਇਕੱਲੇ ਗੁਜਰਾਤ 'ਚ ਹੀ 50 ਲੱਖ ਲੋਕ ਬੇਰੁਜ਼ਗਾਰ ਹਨ। ਉਨ੍ਹਾ ਕਿਹਾ ਕਿ ਕਾਂਗਰਸ ਪਾਰਟੀ ਨੇ ਜੀ ਐੱਸ ਟੀ ਦੀ ਵੱਧ ਤੋਂ ਵੱਧ ਹੱਦ 18 ਫ਼ੀਸਦੀ ਰੱਖਣ ਦੀ ਤਜਵੀਜ਼ ਰੱਖੀ ਸੀ ਅਤੇ ਪਾਰਟੀ ਦਾ ਮੰਨਣਾ ਹੈ ਕਿ ਕਿਸੇ ਵੀ ਚੀਜ਼ 'ਤੇ 18 ਫ਼ੀਸਦੀ ਤੋਂ ਵੱਧ ਟੈਕਸ ਨਹੀਂ ਹੋਣਾ ਚਾਹੀਦਾ, ਪਰ ਮੋਦੀ ਸਰਕਾਰ ਨੇ ਟੈਕਸ ਹੱਦ ਵਧਾ ਕੇ 28 ਫ਼ੀਸਦੀ ਕਰ ਦਿੱਤੀ। ਉਨ੍ਹਾ ਕਿਹਾ ਕਿ ਦੇਸ਼ ਦੇ ਛੋਟੇ ਅਤੇ ਦਰਮਿਆਨੇ ਉਦਯੋਗ ਟੈਕਸ ਦਾ ਏਨਾ ਜ਼ਿਆਦਾ ਭਾਰ ਚੁੱਕਣ 'ਚ ਅਸਮਰਥ ਹਨ।
ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸੱਚ ਅਤੇ ਝੂਠ ਦੇ ਫਰਕ ਦਾ ਹੀ ਪਤਾ ਨਹੀਂ। ਰੁਜ਼ਗਾਰ ਦੇਣ ਦੇ ਮਾਮਲੇ 'ਚ ਮੋਦੀ ਅਤੇ ਉਨ੍ਹਾ ਦੇ ਮੰਤਰੀ ਆਮ ਲੋਕਾਂ ਨਾਲ ਝੂਠ ਬੋਲ ਰਹੇ ਹਨ। ਮੋਦੀ ਦੇ ਮੰਤਰੀ ਪੀਯੂਸ਼ ਗੋਇਲ ਦਾ ਕਹਿਣਾ ਹੈ ਕਿ ਘੱਟ ਨੌਕਰੀਆਂ ਚੰਗੀ ਗੱਲ ਹੈ। ਉਨ੍ਹਾ ਕਿਹਾ ਮੰਤਰੀ ਦਾ ਇਸ ਤਰ੍ਹਾਂ ਦਾ ਬਿਆਨ ਸ਼ਰਮਨਾਕ ਹੈ।
ਰੁਜ਼ਗਾਰ ਦੇ ਮੁੱਦੇ 'ਤੇ ਮੋਦੀ ਸਰਕਾਰ 'ਤੇ ਹਮਲਾ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਚੀਨ 'ਚ ਰੋਜ਼ਾਨਾ 50 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ, ਜਦਕਿ ਭਾਰਤ 'ਚ ਸਿਰਫ਼ 450 ਵਿਅਕਤੀਆਂ ਨੂੰ ਹੀ ਰੁਜ਼ਗਾਰ ਮਿਲਦਾ ਹੈ ਅਤੇ ਇਥੋਂ ਹੀ ਭਾਰਤ ਅਤੇ ਚੀਨ ਵਿਚਕਾਰ ਫ਼ਰਕ ਸਾਫ਼ ਨਜ਼ਰ ਆ ਜਾਂਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੇ ਨੌਜੁਆਨਾਂ ਨੂੰ ਕੋਈ ਭਵਿੱਖ ਨਹੀਂ ਦਿਸ ਰਿਹਾ ਅਤੇ ਸੱਚਾਈ ਤਾਂ ਇਹ ਹੈ ਕਿ ਬੇਰੁਜ਼ਗਾਰੀ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਹੈ ਅਤੇ ਇਸ ਤੋਂ ਛੁਟਕਾਰਾ ਪਾਉਣਾ ਬੇਹੱਦ ਜ਼ਰੂਰੀ ਹੈ।
ਉਨ੍ਹਾ ਕਿਹਾ ਕਿ ਅੱਜ ਦੇਸ਼ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਰੁਜ਼ਗਾਰ ਦੀ ਹੈ, ਪਰ ਸਰਕਾਰ ਇਸ ਮੁੱਦੇ 'ਤੇ ਬਿਲਕੁਲ ਧਿਆਨ ਨਹੀਂ ਦੇ ਰਹੀ, ਜਿਸ ਕਰਕੇ ਕਿਸਾਨ ਅਤੇ ਮਜ਼ਦੂਰ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਖੇਤੀ ਘਾਟੇ ਦਾ ਸੌਦਾ ਬਣ ਗਿਆ ਹੈ। ਉਨ੍ਹਾ ਕਿਹਾ ਕਿ ਮੋਦੀ ਸਰਕਾਰ ਰੁਜ਼ਗਾਰ ਦੇ ਮੁੱਦੇ 'ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।