ਇਹ ਹੈ ਮੋਦੀ ਜੀ ਦਾ ਵਿਕਾਸ ਮਾਡਲ!

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀਆਂ ਲੱਛੇਦਾਰ ਗੱਲਾਂ ਨਾਲ ਦੇਸ਼ ਦੀ ਜਨਤਾ ਨੂੰ ਭਰਮਾ ਨਹੀਂ ਸਕਦੇ। ਇਹ ਗੱਲ ਹੁਣ ਦੂਰ ਦੀ ਕੌਡੀ ਬਣਦੀ ਨਜ਼ਰ ਆ ਰਹੀ ਹੈ। ਉਹ ਸਮਾਂ ਬੀਤ ਗਿਆ ਹੈ, ਜਦੋਂ ਨਰਿੰਦਰ ਮੋਦੀ ਦੇ ਮਗਰ ਨੌਜਵਾਨ ਪੀੜ੍ਹੀ ਲੱਗੀ ਸੀ ਤੇ ਉਸ ਨੇ ਇੱਕੋ ਝਟਕੇ ਨਾਲ ਉਨ੍ਹਾ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਸੀ। ਅੱਜ ਉਨ੍ਹਾ ਦੀ ਪਾਰਟੀ ਭਾਜਪਾ ਦਾ ਚਿਹਰਾ ਸਭ ਦੇ ਸਾਹਮਣੇ ਹੈ। ਉਹ ਹਰ ਹਰਬਾ ਵਰਤ ਕੇ ਪੂਰੇ ਭਾਰਤ ਦਾ ਭਗਵਾਂਕਰਨ ਕਰ ਰਹੀ ਹੈ। ਜਿਨ੍ਹਾਂ ਰਾਜਾਂ 'ਚ ਭਾਜਪਾ ਦੀ ਆਪਣੀ ਸਰਕਾਰ ਨਹੀਂ ਬਣਦੀ, ਉਥੇ ਜ਼ੋਰ ਨਾਲ ਕੁਰਸੀ 'ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਇਹ ਤੱਥ ਵੀ ਕਿਸੇ ਤੋਂ ਛੁਪਿਆ ਨਹੀਂ ਰਿਹਾ ਕਿ ਕਿਸ ਤਰ੍ਹਾਂ ਗੋਆ ਅਤੇ ਮਨੀਪੁਰ 'ਚ ਘੱਟ-ਗਿਣਤੀ ਹੋਣ ਦੇ ਬਾਵਜੂਦ ਭਾਜਪਾ ਨੇ ਆਪਣੀ ਸਰਕਾਰ ਬਣਾਈ। ਇਸ ਤੋਂ ਬਾਅਦ ਬਿਹਾਰ 'ਚ ਨਿਤੀਸ਼ ਅਤੇ ਲਾਲੂ ਦੀ ਦੋਸਤੀ ਨੂੰ ਕਿਸ ਤਰ੍ਹਾਂ ਤੋੜਿਆ। ਫਿਰ ਨਿਤੀਸ਼ ਨੂੰ ਸਮੱਰਥਨ ਦੇ ਕੇ ਉਥੇ ਵੀ ਸੱਤਾ 'ਚ ਆਪਣੀ ਭਾਗੀਦਾਰੀ ਕਾਇਮ ਕਰ ਲਈ।
ਜਦੋਂ ਗਊ ਰੱਖਿਆ ਦਾ ਮੁੱਦਾ ਉੱਭਰਿਆ ਤਾਂ ਪੂਰੇ ਭਾਰਤ 'ਚ ਗਊ ਰਾਖਿਆਂ ਦੀ ਇੱਕ ਬ੍ਰਿਗੇਡ ਬਣ ਗਈ। ਉਨ੍ਹਾਂ ਵੱਲੋਂ ਗਊ ਰੱਖਿਆ ਦੇ ਨਾਂਅ 'ਤੇ ਵਹਿਸ਼ੀ ਢੰਗ ਨਾਲ ਹੱਤਿਆਵਾਂ ਵੀ ਹੋਣ ਲੱਗੀਆਂ। ਜਿਨ੍ਹਾਂ ਰਾਜਾਂ 'ਚ ਭਾਜਪਾ ਦਾ ਰਾਜ ਹੈ, ਉਥੇ ਉਸ ਦੇ ਅਖੌਤੀ ਗਊ ਰਾਖੇ ਖੁੱਲ੍ਹੇਆਮ ਲੋਕਾਂ ਨੂੰ ਧਮਕਾਉਂਦੇ ਹਨ। ਹੋਰ ਤਾਂ ਹੋਰ, ਗਾਂਵਾਂ ਦੇ ਆਧਾਰ ਕਾਰਡ ਤੱਕ ਬਣਾ ਦਿੱਤੇ ਗਏ। ਮੋਦੀ ਦੇ ਗੁਜਰਾਤ ਮਾਡਲ ਵਾਲੇ ਰਾਜ ਵਿੱਚ ਗਊ ਰੱਖਿਆ ਦੇ ਨਾਂਅ 'ਤੇ ਮਾਰ-ਕੁਟਾਈ ਦੇ ਅਣਗਿਣਤ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਮਾਮਲਿਆਂ ਵਿੱਚ ਆਏ ਦਿਨ ਹੋਰ ਵਾਧਾ ਹੋ ਰਿਹਾ ਹੈ। ਇਸ ਦੀ ਸਭ ਤੋਂ ਦਿਲ ਦਹਿਲਾ ਦੇਣ ਵਾਲੀ ਉਦਾਹਰਣ ਇਹ ਹੈ ਕਿ ਇੱਕ ਦਲਿਤ ਮਾਂ-ਪੁੱਤ ਇੱਕ ਮਰੀ ਹੋਈ ਗਾਂ ਦੀ ਖੱਲ ਉਤਾਰ ਰਹੇ ਸਨ। ਪਤਾ ਨਹੀਂ ਕਿੱਧਰੋਂ ਗਊ ਰੱਖਿਅਕਾਂ ਦੀ ਬ੍ਰਿਗੇਡ ਆ ਗਈ ਤੇ ਦੋਵਾਂ ਮਾਂ-ਪੁੱਤ ਦੀ ਉਹ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਸ਼ਾਇਦ ਹੀ ਉਹ ਕਦੇ ਆਪਣਾ ਜੱਦੀ-ਪੁਸ਼ਤੀ ਕੰਮ ਕਰਨ ਬਾਰੇ ਸੋਚਣ। ਇਹ ਵਾਰਦਾਤਾਂ ਇਕੱਲੇ ਗੁਜਰਾਤ 'ਚ ਹੀ ਨਹੀਂ ਵਾਪਰੀਆਂ, ਸਗੋਂ ਪੂਰੇ ਭਾਰਤ ਅੰਦਰ ਇਹੋ ਵਰਤਾਰਾ ਚੱਲ ਰਿਹਾ ਹੈ।
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜੇ ਦੱਸਦੇ ਹਨ ਕਿ ਯੂ ਪੀ, ਰਾਜਸਥਾਨ ਅਤੇ ਬਿਹਾਰ 'ਚ ਦਲਿਤਾਂ 'ਤੇ ਸਭ ਤੋਂ ਜ਼ਿਆਦਾ ਅੱਤਿਆਚਾਰ ਹੁੰਦੇ ਹਨ। ਊਨਾ ਦੀ ਘਟਨਾ ਦੇ ਬਾਅਦ ਬਿਹਾਰ 'ਚ ਕਈ ਦਲਿਤਾਂ 'ਤੇ ਅੱਤਿਆਚਾਰ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਊਨਾ ਅਤੇ ਯੂ ਪੀ ਦੀ ਤਰ੍ਹਾਂ ਉਨ੍ਹਾਂ ਦੀ ਆਵਾਜ਼ ਸਰਕਾਰ ਤੱਕ ਨਹੀਂ ਪਹੁੰਚਦੀ।
ਸਾਲ 2016 ਦੌਰਾਨ ਗੁਜਰਾਤ 'ਚ ਦਲਿਤਾਂ 'ਤੇ ਜ਼ੁਲਮ, ਬਲਾਤਕਾਰ ਅਤੇ ਹੱਤਿਆਵਾਂ ਦੀਆਂ ਵਾਰਦਾਤਾਂ ਨੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਲੰਘੀ ਜੁਲਾਈ ਨੂੰ ਹੋਏ ਗੁਜਰਾਤ ਦੇ ਊਨਾ ਕਾਂਡ ਦਾ ਕਿਸ ਨੂੰ ਨਹੀਂ ਪਤਾ, ਜਿਸ ਨੂੰ ਯਾਦ ਕਰ ਕੇ ਅੱਜ ਵੀ ਰੌਂਗਟੇ ਖੜੇ ਹੋ ਜਾਂਦੇ ਹਨ? ਇਹ ਸਭ ਕੁਝ ਪੁਲਸ ਦੀ ਹਾਜ਼ਰੀ ਵਿੱਚ ਹੋਇਆ, ਪਰ ਪ੍ਰਸ਼ਾਸਨ ਉਸ ਸਮੇਂ ਹਰਕਤ 'ਚ ਆਇਆ, ਜਦੋਂ ਉਸ ਦਾ ਵੀਡੀਓ ਵਾਇਰਲ ਹੋ ਗਿਆ। ਗੁਜਰਾਤ ਸਰਕਾਰ ਨੇ ਇਨ੍ਹਾਂ 'ਤੇ ਲਗਾਮ ਲਾਉਣਾ ਵੀ ਕੋਈ ਜ਼ਰੂਰੀ ਨਹੀਂ ਸਮਝਿਆ।
ਗੁਜਰਾਤ ਮਾਡਲ 'ਚ ਜੇ ਕਿਸੇ ਚੀਜ਼ ਦੀ ਤਰੱਕੀ ਹੋਈ ਹੈ ਤਾਂ ਉਹ ਇਹ ਹੈ ਕਿ 1980 ਵਾਲਾ ਕਿੱਸਾ ਮੁੜ ਦੁਹਰਾਇਆ ਜਾ ਰਿਹਾ ਹੈ। ਉਸ ਸਮੇਂ ਧਰਮ ਦੇ ਨਾਂਅ 'ਤੇ ਦੰਗਾ ਭੜਕਾ ਦਿੱਤਾ ਗਿਆ ਸੀ। ਹੁਣ ਫਿਰ ਉਹੀ ਕੁਝ ਦੁਹਰਾਇਆ ਜਾ ਰਿਹਾ ਹੈ।
ਕੀ ਕਿਸੇ ਦਲਿਤ ਨੂੰ ਮੁੱਛਾਂ ਰੱਖਣ ਦਾ ਅਧਿਕਾਰ ਨਹੀਂ? ਕੀ ਕੋਈ ਦਲਿਤ ਪੜ੍ਹ-ਲਿਖ ਨਹੀਂ ਸਕਦਾ? ਹਾਂ, ਇਹੋ ਹੈ ਭਾਜਪਾ ਦਾ ਗੁਜਰਾਤ ਮਾਡਲ! ਹੁਣੇ ਜਿਹੇ ਗੁਜਰਾਤ 'ਚ ਵੀ ਇੱਕ ਇਸ ਤਰ੍ਹਾਂ ਦਾ ਮਾਮਲਾ ਦੇਖਣ ਨੂੰ ਮਿਲਿਆ। ਲਿੰਬੋਦਰਾ ਪਿੰਡ ਦੇ ਇੱਕ ਪੱਟੀਦਰਜ ਜਾਤੀ ਦੇ 17 ਸਾਲ ਦੇ ਦਲਿਤ ਨੌਜਵਾਨ ਨੇ ਕੁੰਡੀਦਾਰ ਮੁੱਛਾਂ ਰੱਖੀਆਂ ਹੋਈਆਂ ਸਨ। ਮਾਮਲਾ ਉਸ ਸਮੇਂ ਵਿਗੜ ਗਿਆ, ਜਦੋਂ ਉਸ ਨੇ ਆਪਣੀਆਂ ਤਸਵੀਰਾਂ ਇੱਕ ਸੋਸ਼ਲ ਸਾਈਟ 'ਤੇ ਮੁੱਛਾਂ ਨੂੰ ਮਰੋੜਦੇ ਹੋਏ ਉਸ 'ਤੇ ਲਿਖ ਦਿੱਤਾ, 'ਮਿਸਟਰ ਦਲਿਤ'। ਇਸ ਤੋਂ ਬਾਅਦ ਤਾਂ ਉਥੋਂ ਦੀ ਉੱਚ ਜਾਤੀ ਦੇ ਮੁੰਡਿਆਂ ਨੇ ਉਸ ਦੀ ਬੇਤਹਾਸ਼ਾ ਕੁੱਟਮਾਰ ਕੀਤੀ।
ਇਹ ਤਾਂ ਸਿਰਫ਼ ਮੁੱਛਾਂ ਰੱਖਣ ਦਾ ਮਾਮਲਾ ਸੀ। ਇਸ ਤੋਂ ਬਾਅਦ ਹੱਦ ਹੀ ਹੋ ਗਈ, ਜਦੋਂ ਇੱਕ ਦਲਿਤ ਲੜਕਾ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਤੇ ਆਪਣੇ ਦੋਸਤਾਂ ਨਾਲ ਰਸਤੇ 'ਚ ਲੱਗਾ ਗਰਬਾ ਦੇਖਣ ਚਲਾ ਗਿਆ ਤਾਂ ਉਥੇ ਵੀ ਪਟੇਲ ਭਾਈਚਾਰੇ ਦੇ ਕੁਝ ਨੌਜਵਾਨਾਂ ਨੇ ਉਸ ਦੀ ਜਾਤ ਪੁੱਛਣ ਤੋਂ ਬਾਅਦ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਨਾਲ ਉਸ ਦੀ ਮੌਤ ਹੋ ਗਈ।
ਨਰਿੰਦਰ ਮੋਦੀ ਮਹੀਨੇ ਦੇ ਆਖਰੀ ਦਿਨਾਂ 'ਚ ਰੇਡੀਓ 'ਤੇ 'ਮਨ ਕੀ ਬਾਤ' ਕਰਦੇ ਹਨ। ਅਸੀਂ ਉਨ੍ਹਾ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਕੀ ਉਨ੍ਹਾ ਨੂੰ ਇਸ ਤਰ੍ਹਾਂ ਦੇ ਮੁੱਦੇ ਆਪਣੇ ਇਸ ਪ੍ਰੋਗਰਾਮ ਵਿੱਚ ਨਹੀਂ ਲਿਆਉਣੇ ਚਾਹੀਦੇ? ਹੁਣ ਇਹ ਸੋਚਣ ਤੇ ਵਿਚਾਰਨ ਵਾਲਾ ਮੁੱਦਾ ਹੈ ਕਿ ਮੋਦੀ ਸਰਕਾਰ ਕਿਸ ਟਰੇਨ 'ਤੇ ਵਿਕਾਸ ਨੂੰ ਸਵਾਰ ਕਰ ਕੇ ਭਾਰਤ ਦੀ ਜਨਤਾ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾ ਰਹੀ ਹੈ?