ਲੰਗਾਹ ਦੇ ਪੁਲਸ ਰਿਮਾਂਡ 'ਚ ਇਕ ਦਿਨ ਦਾ ਵਾਧਾ


ਗੁਰਦਾਸਪੁਰ (ਜਨਕ ਮਹਾਜਨ)
ਪੁਲਸ ਵਲੋਂ ਸੁੱਚਾ ਸਿੰਘ ਲੰਗਾਹ ਨੂੰ ਗੁਰਦਾਸਪੁਰ ਦੇ ਜੱਜ ਅਮਨਦੀਪ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਲੰਗਾਹ ਨੂੰ ਇਕ ਦਿਨ ਦੇ ਹੋਰ ਪੁਲਸ ਰਿਮਾਂਡ 'ਤੇ ਭੇਜ ਦਿੱਤਾ।ਪੁਲਸ ਨੇ ਅਦਾਲਤ ਕੋਲੋਂ ਲੰਗਾਹ ਦੇ ਪੰਜ ਦਿਨ ਦੇ ਹੋਰ ਰਿਮਾਂਡ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਸਿਰਫ ਇਕ ਦਿਨ ਦੇ ਹੀ ਰਿਮਾਂਡ 'ਚ ਵਾਧਾ ਕੀਤਾ।ਇਸ ਤੋਂ ਪਹਿਲਾਂ ਸੁੱਚਾ ਸਿੰਘ ਲੰਗਾਹ 5 ਦਿਨਾਂ ਰਿਮਾਂਡ 'ਤੇ ਚੱਲ ਰਿਹਾ ਸੀ, ਜਿਸ ਦਾ ਰਿਮਾਂਡ 9 ਅਕਤੂਬਰ ਨੂੰ ਖਤਮ ਹੋ ਗਿਆ, ਜਿਸ ਕਰਕੇ ਲੰਗਾਹ ਨੂੰ ਸੋਮਵਾਰ ਅਦਾਲਤ ਵਿਚ ਪੇਸ਼ ਕੀਤਾ ਗਿਆ।
ਅਦਾਲਤ ਵਿਚ ਪੇਸ਼ ਕਰਨ ਤੋਂ ਪਹਿਲਾਂ ਪੁਲਸ ਨੇ ਐਤਵਾਰ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਲੰਗਾਹ ਦਾ ਮੈਡੀਕਲ ਕਰਵਾਇਆ ਸੀ, ਜਿਸ ਵਿਚ ਉਹ ਪੂਰੀ ਤਰ੍ਹਾਂ ਫਿੱਟ ਪਾਏ ਗਏ ਸਨ। ਵਰਨਣਯੋਗ ਹੈ ਕਿ ਪਿਛਲੇ ਦਿਨੀਂ ਵਿਜੀਲੈਂਸ ਵਿਭਾਗ ਪੰਜਾਬ 'ਚ ਨੌਕਰੀ ਕਰਦੀ ਇੱਕ ਮਹਿਲਾ ਪੁਲਸ ਕਰਮਚਾਰੀ ਨੇ ਸਿਟੀ ਥਾਣਾ ਗੁਰਦਾਸਪੁਰ 'ਚ ਸੁੱਚਾ ਸਿੰਘ ਲੰਗਾਹ ਖਿਲਾਫ਼ ਬਲਾਤਕਾਰ ਅਤੇ ਪੈਸਿਆਂ ਦੇ ਲੈਣ-ਦੇਣ 'ਚ ਹੇਰਾਫੇਰੀ ਕਰਨ ਦਾ ਦੋਸ਼ ਲਗਾਇਆ ਸੀ। ਜਿਸ 'ਤੇ ਪੁਲਸ ਨੇ ਲੰਗਾਹ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲਸ ਰਿਮਾਂਡ ਖਤਮ ਹੋਣ 'ਤੇ ਸੋਮਵਾਰ ਨੂੰ ਫਿਰ ਪੁਲਸ ਨੇ ਲੰਗਾਹ ਨੂੰ ਜੱਜ ਅਮਨਦੀਪ ਸਿੰਘ ਦੀ ਅਦਾਲਤ 'ਚ ਪੇਸ਼ ਕਰਕੇ ਹੋਰ ਪੁਲਸ ਰਿਮਾਂਡ ਮੰਗਿਆ। ਜੱਜ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਲੰਗਾਹ ਦਾ ਇੱਕ ਦਿਨ ਦਾ ਹੋਰ ਰਿਮਾਂਡ ਦੇ ਦਿੱਤਾ।