ਆਰਥਿਕ ਨੀਤੀਆਂ ਦਾ ਆਪਣਿਆਂ ਵੱਲੋਂ ਵੀ ਵਿਰੋਧ ਸ਼ੁਰੂ


ਚੋਣਾਂ ਸਮੇਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰ ਕੇ ਸੱਤਾ 'ਤੇ ਕਾਬਜ਼ ਹੋ ਜਾਣਾ ਹੋਰ ਗੱਲ ਹੁੰਦੀ ਹੈ ਤੇ ਇਸ ਸਮੇਂ ਕੀਤੇ ਵਾਅਦਿਆਂ ਨੂੰ ਪੁਗਾਉਣਾ ਹੋਰ ਗੱਲ, ਕਿਉਂਕਿ ਇਹਨਾਂ ਨੂੰ ਪੂਰੇ ਕਰਨ ਲਈ ਰਾਜਸੀ ਇੱਛਾ ਸ਼ਕਤੀ ਦੀ ਲੋੜ ਹੁੰਦੀ ਹੈ, ਜੋ ਸਾਡੇ ਅੱਜ ਦੇ ਲੀਡਰਾਂ ਵਿੱਚ ਘੱਟ-ਵੱਧ ਹੀ ਨਜ਼ਰ ਆਉਂਦੀ ਹੈ। ਕੁਝ ਅਜਿਹਾ ਹੀ ਕੀਤਾ ਸੀ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਗੱਠਜੋੜ ਨੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਹੁਣ ਤੱਕ ਲੋਕ ਭਲਾਈ ਦੀਆਂ ਅਨੇਕ ਸਕੀਮਾਂ ਮੈਦਾਨ ਵਿੱਚ ਲਿਆ ਚੁੱਕੀ ਹੈ ਤੇ ਹੋਰ ਵੀ ਕਈ ਕਦਮ ਉਸ ਨੇ ਲਏ ਹਨ। ਇਹਨਾਂ ਕਦਮਾਂ ਵਿੱਚੋਂ ਦੋ ਪ੍ਰਮੁੱਖ ਹਨ : ਪਹਿਲਾ ਹੈ ਨੋਟ-ਬੰਦੀ ਦਾ ਤੇ ਦੂਜਾ ਜੀ ਐੱਸ ਟੀ ਵਾਲਾ। ਸਰਕਾਰ ਦੇ ਇਹਨਾਂ ਦੋਹਾਂ ਕਦਮਾਂ ਕਾਰਨ ਆਮ ਲੋਕਾਂ, ਛੋਟੇ ਦੁਕਾਨਦਾਰਾਂ ਤੇ ਵਪਾਰੀਆਂ ਆਦਿ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਕਾਰ ਨੂੰ ਬਿਨਾਂ ਸੋਚੇ-ਸਮਝੇ ਪੁੱਟੇ ਇਹਨਾਂ ਕਦਮਾਂ ਕਾਰਨ ਲੋਕਾਂ ਦੇ ਨਾਲ-ਨਾਲ ਵਿਰੋਧੀ ਸਿਆਸੀ ਪਾਰਟੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਹਾਲੇ ਤੱਕ ਕਰਨਾ ਪੈ ਰਿਹਾ ਹੈ। ਗੱਲ ਏਥੋਂ ਤੱਕ ਸੀਮਤ ਨਹੀਂ ਰਹੀ, ਹੁਣ ਤਾਂ ਖ਼ੁਦ ਭਾਜਪਾ ਦੇ ਅੰਦਰੋਂ ਵੀ ਇਹਨਾਂ ਲਏ ਕਦਮਾਂ ਦੇ ਵਿਰੋਧ ਵਿੱਚ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਤੇ ਇਹ ਆਵਾਜ਼ਾਂ ਸਧਾਰਨ ਕਾਰਕੁਨਾਂ ਵੱਲੋਂ ਨਹੀਂ, ਸਗੋਂ ਉੱਚ ਪਦਵੀਆਂ 'ਤੇ ਰਹਿ ਚੁੱਕੇ ਲੋਕਾਂ ਵੱਲੋਂ ਉਠਾਈਆਂ ਜਾ ਰਹੀਆਂ ਹਨ।
ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਵਿੱਤ ਮੰਤਰੀ ਦੀਆਂ ਜ਼ਿੰਮੇਵਾਰੀਆਂ ਨਿਭਾ ਚੁੱਕੇ ਯਸ਼ਵੰਤ ਸਿਨਹਾ ਨੇ ਮੋਦੀ ਸਰਕਾਰ ਦੀਆਂ ਆਰਥਕ ਨੀਤੀਆਂ ਦੀ ਕਰੜੇ ਲਹਿਜੇ ਵਿੱਚ ਆਲੋਚਨਾ ਕਰਦੇ ਹੋਏ ਕਿਹਾ ਕਿ ਮਾੜੇ ਆਰਥਕ ਪ੍ਰਬੰਧਾਂ, ਨੋਟ-ਬੰਦੀ ਅਤੇ ਜੀ ਐੱਸ ਟੀ ਨੂੰ ਬਗ਼ੈਰ ਸੋਚੇ-ਸਮਝੇ ਲਾਗੂ ਕਰਨ ਨਾਲ ਭਾਰਤ ਦੀ ਅਰਥ-ਵਿਵਸਥਾ ਦਾ ਬੇੜਾ ਗਰਕ ਹੋ ਗਿਆ ਹੈ। ਇਸ ਕਾਰਨ ਆਰਥਕ ਵਿਕਾਸ ਦਰ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਉਨ੍ਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦਾਅਵੇ, ਕਿ ਉਨ੍ਹਾ ਨੇ ਗ਼ਰੀਬੀ ਨੂੰ ਬਹੁਤ ਨੇੜਿਓਂ ਦੇਖਿਆ ਹੈ, 'ਤੇ ਕਟਾਖਸ਼ ਕਰਦਿਆਂ ਕਿਹਾ ਕਿ ਉਨ੍ਹਾ ਨੂੰ ਇੰਜ ਲੱਗਦਾ ਹੈ, ਜਿਵੇਂ ਮੋਦੀ ਜੀ ਦੇ ਵਿੱਤ ਮੰਤਰੀ ਅਰੁਣ ਜੇਤਲੀ ਵਾਧੂ ਟਾਈਮ ਲਾ ਰਹੇ ਹੋਣ, ਤਾਂ ਜੁ ਉਹ ਸਭ ਭਾਰਤੀ ਲੋਕਾਂ ਨੂੰ ਗ਼ਰੀਬੀ ਨੂੰ ਨੇੜਿਓਂ ਦਿਖਾ ਸਕਣ। ਸ੍ਰੀ ਸਿਨਹਾ ਨੇ ਇਹ ਵੀ ਕਿਹਾ ਕਿ ਸਨਅਤੀ ਉਤਪਾਦਨ ਢਹਿ-ਢੇਰੀ ਹੋ ਚੁੱਕਾ ਹੈ। ਖੇਤੀਬਾੜੀ ਸੰਕਟ 'ਚ ਫਸੀ ਹੋਈ ਹੈ। ਉਸਾਰੀ ਸਨਅਤ, ਜੋ ਵਧੇਰੇ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ, ਇਸ ਸਮੇਂ ਸੰਕਟ ਦੇ ਦੌਰ ਵਿੱਚੋਂ ਲੰਘ ਰਹੀ ਹੈ। ਨੋਟ-ਬੰਦੀ ਇੱਕ ਵੱਡੀ ਆਫ਼ਤ ਸਾਬਤ ਹੋਈ ਹੈ। ਜੀ ਐੱਸ ਟੀ ਕਾਰਨ ਕਾਰੋਬਾਰ ਜਗਤ 'ਚ ਉਥੱਲ-ਪੁਥੱਲ ਮਚੀ ਹੋਈ ਹੈ। ਹੁਣ ਨਵੀਂਆਂ ਨੌਕਰੀਆਂ ਲਈ ਮੌਕੇ ਪੈਦਾ ਨਹੀਂ ਹੋ ਰਹੇ।
ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੋਰੀ ਨੇ ਵੀ ਮੋਦੀ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਦੇ ਸੰਚਾਲਕ ਬੇਸ਼ੱਕ ਨੋਟ-ਬੰਦੀ ਨੂੰ ਦਲੇਰੀ ਭਰਿਆ ਕਦਮ ਦੱਸਣ, ਪਰ ਇਹ ਖ਼ੁਦਕੁਸ਼ੀ ਕਰਨ ਦੇ ਤੁਲ ਹੈ। ਕੇਂਦਰ ਸਰਕਾਰ ਨੂੰ ਹਾਲ ਦੀ ਘੜੀ ਢਾਈ ਵਿਅਕਤੀ ਚਲਾ ਰਹੇ ਹਨ। ਸਰਕਾਰ ਦਾ ਸਾਰਾ ਜ਼ੋਰ ਕੇਵਲ ਨਵੇਂ-ਨਵੇਂ ਖੁਲਾਸਿਆਂ 'ਤੇ ਹੈ। ਉਨ੍ਹਾ ਨੇ ਨੋਟ-ਬੰਦੀ ਨੂੰ ਕਾਲੇ ਧਨ ਨੂੰ ਚਿੱਟਾ ਕਰਨ ਦਾ ਸਭ ਤੋਂ ਵੱਡਾ ਸਾਧਨ ਦੱਸਿਆ। ਸ੍ਰੀ ਸ਼ੋਰੀ ਨੇ ਪੁੱਛਿਆ ਕਿ ਸਰਕਾਰ ਨੇ ਨੋਟ-ਬੰਦੀ ਦੇ ਹੱਕ 'ਚ ਜੋ ਤਰਕ ਦਿੱਤੇ ਸਨ, ਕੀ ਉਹ ਅੱਜ ਵੀ ਜੀਵਤ ਹਨ? ਕੀ ਕਾਲਾ ਧਨ ਪੂਰੀ ਤਰ੍ਹਾਂ ਚਿੱਟਾ ਹੋ ਗਿਆ ਹੈ? ਅੱਤਵਾਦੀ ਤਾਂ ਹੁਣ ਵੀ ਭਾਰਤ 'ਚ ਦਾਖ਼ਲ ਹੋ ਰਹੇ ਹਨ। ਇਹੋ ਨਹੀਂ, ਪ੍ਰਸਿੱਧ ਫ਼ਿਲਮ ਕਲਾਕਾਰ ਤੇ ਭਾਜਪਾ ਦੇ ਸੀਨੀਅਰ ਆਗੂ ਸ਼ੱਤਰੂਘਨ ਸਿਨਹਾ ਨੇ ਕਿਹਾ ਕਿ ਹੁਣ ਢੁੱਕਵਾਂ ਵਕਤ ਆ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਦੇ ਨੂੰ ਲੈ ਕੇ ਉਠਾਏ ਜਾ ਰਹੇ ਸੁਆਲਾਂ ਦੇ ਜਵਾਬ ਦੇਣ।
ਐੱਨ ਡੀ ਏ ਸਰਕਾਰ ਦੇ ਉਕਤ ਕਦਮਾਂ ਬਾਰੇ ਲੋਕਾਂ ਤੇ ਖ਼ਾਸ ਕਰ ਕੇ ਵਿਰੋਧੀ ਪਾਰਟੀਆਂ ਤੇ ਖ਼ੁਦ ਭਾਜਪਾ ਆਗੂਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਤੇ ਆਲੋਚਨਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੇ ਅਣਡਿੱਠ ਕਰੀ ਰੱਖਿਆ, ਪਰ ਉਨ੍ਹਾ ਨੂੰ ਉਸ ਸਮੇਂ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਆਰ ਐੱਸ ਐੱਸ ਦੇ ਮੁਖੀ ਮੋਹਣ ਭਾਗਵਤ ਨੇ ਤੀਹ ਸਤੰਬਰ ਨੂੰ ਦੁਸਹਿਰੇ ਵਾਲੇ ਦਿਨ ਆਪਣੇ ਲੰਮੇ-ਚੌੜੇ ਭਾਸ਼ਣ ਵਿੱਚ ਆਰਥਕ ਮੁਹਾਜ਼, ਖ਼ਾਸ ਕਰ ਕੇ ਜੀ ਐੱਸ ਟੀ ਉੱਤੇ ਸਭ ਪਾਸਿਓਂ ਤਾਬੜ-ਤੋੜ ਹਮਲੇ ਕੀਤੇ। ਮੋਹਣ ਭਾਗਵਤ ਨੇ ਜੋ ਕੁਝ ਕਿਹਾ, ਉਹ ਸਰਕਾਰ ਦੀ ਖਿੱਲੀ ਉਡਾਉਣ ਲਈ ਕਾਫ਼ੀ ਸੀ। ਇਸ ਤੋਂ ਅਗਲੇ ਹੀ ਦਿਨ ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਸੀ ਕਿ ਜੀ ਐੱਸ ਟੀ ਪ੍ਰਣਾਲੀ ਵਿੱਚ ਤਬਦੀਲੀ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾ ਦੇ ਜੋਟੀਦਾਰਾਂ ਨੂੰ ਹੁਣ ਜਾ ਕੇ ਇਹ ਅਹਿਸਾਸ ਹੋਇਆ ਹੈ ਕਿ ਪਾਣੀ ਸਿਰ ਤੋਂ ਲੰਘ ਗਿਆ ਹੈ। ਜੇ ਸਥਿਤੀ ਨੂੰ ਮੌਕੇ ਸਿਰ ਨਾ ਸੰਭਾਲਿਆ ਗਿਆ ਤਾਂ ਉਨ੍ਹਾਂ ਦੀ ਜੁਮਲੇਬਾਜ਼ੀ ਵਾਲੀ ਮੁਹਿੰਮ ਦਾ ਹਸ਼ਰ ਵੀ 'ਚਮਕਦੇ ਭਾਰਤ' ਦਾ ਨਾਹਰਾ ਲਾਉਣ ਵਾਲਿਆਂ ਵਰਗਾ ਹੋ ਜਾਣਾ ਹੈ।