ਭਾਜਪਾ ਨੇ ਅੱਖਾਂ ਖੋਲ੍ਹ ਦਿੱਤੀਆਂ : ਰਾਹੁਲ


ਵਡੋਦਰਾ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੂਰੀ ਤਾਕਤ ਲਾ ਦਿੱਤੀ ਹੈ। ਰਾਹੁਲ ਗਾਂਧੀ ਦੇ ਗੁਜਰਾਤ ਦੌਰੇ ਨੂੰ ਲੈ ਕੇ ਕਾਂਗਰਸ ਵਰਕਰ ਬੇਹੱਦ ਉਤਸ਼ਾਹ 'ਚ ਹਨ ਅਤੇ ਸੂਬੇ 'ਚ ਹਰ ਪਾਸੇ ਰਾਹੁਲ ਗਾਂਧੀ ਦਾ ਇਹ ਬਿਆਨ ਚਰਚਾ 'ਚ ਹੈ ਕਿ ਵਿਕਾਸ ਪਾਗ਼ਲ ਹੋ ਗਿਆ ਹੈ।
ਅੱਜ ਵਡੋਦਰਾ 'ਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਦੀ ਕੰਪਨੀ ਦੇ ਟਰਨ ਓਵਰ 'ਚ 16 ਹਜ਼ਾਰ ਗੁਣਾ ਵਾਧੇ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਮਾਮਲੇ 'ਚ ਭਾਜਪਾ ਪ੍ਰਧਾਨ ਦੇ ਪੁੱਤਰ ਦੇ ਫਸ ਜਾਣ ਮਗਰੋਂ ਭਾਰਤੀ ਜਨਤਾ ਪਾਰਟੀ 'ਬੇਟੀ ਬਚਾਓ ਮੁੰਹਿਮ' ਨੂੰ ਵਿਚਾਲੇ ਛੱਡ ਕੇ 'ਬੇਟਾ ਬਚਾਓ' ਲਈ ਸਰਗਰਮ ਹੋ ਗਈ ਹੈ।
ਉਨ੍ਹਾ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਕੁੱਟ-ਕੁੱਟ ਕੇ ਬਹੁਤ ਕੁਝ ਸਿਖਾ ਦਿੱਤਾ ਹੈ। ਰਾਹੁਲ ਨੇ ਕਿਹਾ ਕਿ 2014 ਦੀਆਂ ਚੋਣਾਂ 'ਚ ਸਾਡੀ ਹਾਰ ਮਗਰੋਂ ਭਾਜਪਾ ਨੇ ਕਾਫ਼ੀ ਕੁਝ ਸਿਖਾ ਦਿੱਤਾ ਹੈ। ਉਨ੍ਹਾ ਕਿਹਾ ਕਿ ਭਾਜਪਾ ਭਾਵੇਂ ਕਾਂਗਰਸ ਮੁਕਤ ਭਾਰਤ ਦੀਆਂ ਗੱਲਾਂ ਕਰਦੀ ਹੈ, ਪਰ ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਦੇਸ਼ 'ਚੋਂ ਭਾਜਪਾ ਦਾ ਸਫ਼ਾਇਆ ਹੋ ਜਾਵੇ। ਜ਼ਿਕਰਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੇ ਕਾਂਗਰਸ ਮੁਕਤ ਭਾਰਤ ਦਾ ਨਾਅਰਾ ਦਿੱਤਾ ਸੀ ਅਤੇ ਉਸ ਮਗਰੋਂ ਹਰੇਕ ਚੋਣ 'ਚ ਪਾਰਟੀ ਇਹੋ ਨਾਅਰਾ ਬੁਲੰਦ ਕਰਦੀ ਆ ਰਹੀ ਹੈ। ਅੱਜ ਰਾਹੁਲ ਗਾਂਧੀ ਨੇ ਪੱਤਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਿਨਾਂ ਡਰ ਪ੍ਰਧਾਨ ਮੰਤਰੀ ਅਤੇ ਭਾਜਪਾ ਪ੍ਰਧਾਨ ਨੂੰ ਦੇਸ਼ ਦੀ ਸਥਿਤੀ ਬਾਰੇ ਸੁਆਲ ਪੁੱਛਣ।