ਅਮਿਤ ਸ਼ਾਹ ਦੇ ਬੇਟੇ ਦੀ ਕੰਪਨੀ ਦੀ ਕਮਾਈ ਨੇ ਮੋਦੀ ਦੀ ਭ੍ਰਿਸ਼ਟਾਚਾਰ ਰਹਿਤ ਸਰਕਾਰ ਦਾ ਚਿਹਰਾ ਨੰਗਾ ਕੀਤਾ : ਅਰਸ਼ੀ


ਫਿਰੋਜ਼ਪੁਰ (ਅਸ਼ੋਕ ਸ਼ਰਮਾ)
ਭਾਰਤੀ ਕਮਿਊਨਿਸਟ ਪਾਰਟੀ ਵਲੋਂ 27 ਨਵੰਬਰ ਦੀ ਪ੍ਰਸਤਾਵਤ ਵਿਸ਼ਾਲ ਰਾਜਸੀ ਲੁਧਿਆਣਾ ਰੈਲੀ ਦੀ ਜਿਵੇਂ-ਜਿਵੇਂ ਉਲਟੀ ਗਿਣਤੀ ਸ਼ੁਰੂ ਹੋ ਰਹੀ ਹੈ, ਉਸੇ ਤਰ੍ਹਾਂ ਇਸ ਦੀਆਂ ਤਿਆਰੀਆਂ ਵੀ ਜ਼ੋਰ ਫੜ ਰਹੀਆਂ ਹਨ। ਸੂਬੇ ਵਿਚ ਲਗਾਤਾਰ ਬਰਾਂਚ, ਬਲਾਕ ਤੇ ਜ਼ਿਲ੍ਹਾ ਕੌਂਸਲ ਮੀਟਿੰਗਾਂ ਕਰਕੇ ਤਿਆਰੀਆਂ ਦੀ ਰੂਪ-ਰੇਖਾ ਉਲੀਕੀ ਜਾ ਰਹੀ ਹੈ। ਕੁਝ ਥਾਵਾਂ 'ਤੇ ਰੈਲੀ ਲਈ ਜਨਤਕ ਫੰਡ ਉਗਰਾਹੀ ਵੀ ਸ਼ੁਰੂ ਕਰ ਦਿਤੀ ਹੈ, ਆਮ ਲੋਕਾਂ ਤੇ ਵਿਸ਼ੇਸ਼ ਕਰਕੇ ਛੋਟੇ ਵਪਾਰੀਆਂ ਵਲੋਂ ਭਰਪੂਰ ਸਹਿਯੋਗ ਦਿਤਾ ਜਾ ਰਿਹਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਸੂਬਾ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ ਨੇ ਸਾਥੀ ਭਗਵਾਨ ਦਾਸ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਫਿਰੋਜ਼ਪੁਰ ਦੀ ਕੌਂਸਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ। ਕਮਿਊਨਿਸਟ ਆਗੂ ਨੇ ਆਪਣੇ ਸੰਬੋਧਨ ਦੇ ਆਰੰਭ ਵਿਚ ਕਿਹਾ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੈਯ ਅਮਿਤ ਸ਼ਾਹ ਦੇ ਪੁੱਤਰ ਅਮਿਤ ਭਾਈ ਸ਼ਾਹ ਦੀ ਨਿੱਜੀ ਕੰਪਨੀ ਦਾ ਟਰਨ ਓਵਰ ਕੇਵਲ ਇਕ ਸਾਲ ਵਿਚ ਹੀ 16 ਹਜ਼ਾਰ ਗੁਣਾਂ ਵਧਣ 'ਤੇ ਸਭ ਨੂੰ ਹੈਰਾਨ ਕਰ ਦਿਤਾ ਹੈ, ਇਸ ਨੇ ਮੋਦੀ ਦੀ ਭ੍ਰਿਸ਼ਟਾਚਾਰ ਰਹਿਤ ਸਰਕਾਰ ਦਾ ਚਿਹਰਾ ਨੰਗਾ ਕਰਕੇ ਰੱਖ ਦਿਤਾ ਹੈ, ਕੀ ਮੋਦੀ ਸਰਕਾਰ ਇਸ ਦੀ ਈ.ਡੀ. ਜਾਂ ਸੀ.ਬੀ.ਆਈ. ਤੋਂ ਜਾਂਚ ਕਰਵਾਏਗੀ। ਕਾਮਰੇਡ ਅਰਸ਼ੀ ਨੇ ਅੱਗੇ ਕਿਹਾ ਕਿ ਲੁਧਿਆਣਾ ਰੈਲੀ ਕਿਸਾਨ ਤੇ ਮਜ਼ਦੂਰ ਦੇ ਕਰਜ਼ਿਆਂ ਦੀ ਮੁਕੰਮਲ ਮੁਆਫੀ, ਨੌਜਵਾਨਾਂ ਲਈ ਰੁਜ਼ਗਾਰ ਗਰੰਟੀ ਕਾਨੂੰਨ ਬਣਾਏ ਜਾਣ, ਵਡੇਰੀ ਉਮਰ ਦੇ ਲੋਕਾਂ ਲਈ ਭਰੋਸੇਯੋਗ ਸਮਾਜਕ ਸੁਰੱਖਿਆ ਦੀ ਗਰੰਟੀ, ਸੰਘ-ਪਰਵਾਰ ਦੀਆਂ ਫਾਸ਼ੀ ਸਾਜ਼ਸ਼ਾਂ ਨੂੰ ਹਰਾਉਣ ਲਈ, ਸੈਕੂਲਰ ਧਿਰਾਂ ਨੂੰ ਲਾਮਬੰਦ ਕਰਨਾ, ਪਨਾਮਾ ਪੇਪਰ ਵਿਚ ਸ਼ਾਮਲ 500 ਭਾਰਤੀਆਂ ਦੇ ਨਾਂਅ ਜੱਗ-ਜ਼ਾਹਰ ਕਰਨਾ ਤੇ ਪੰਜਾਬ ਦੀ ਕੈਪਟਨ ਸਰਕਾਰ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ ਆਦਿ ਅਹਿਮ ਮੁੱਦਿਆਂ ਤੇ ਜਨਤਾ ਦਾ ਧਿਆਨ ਕੇਂਦਰਤ ਕਰੇਗੀ। ਉਹਨਾਂ ਇਹ ਵੀ ਦੱਸਿਆ ਕਿ ਜਿਸ ਤਰ੍ਹਾਂ ਵੱਖ-ਵੱਖ ਜ਼ਿਲ੍ਹਿਆਂ ਵਿਚ ਰੈਲੀ ਪ੍ਰਤੀ ਪਾਰਟੀ ਵਰਕਰਾਂ ਵਿਚ ਉਤਸ਼ਾਹ ਤੇ ਜੋਸ਼ ਪਾਇਆ ਜਾ ਰਿਹਾ ਹੈ, ਉਸ ਨੂੰ ਵੇਖਦੇ ਹੋਏ ਸਪੱਸ਼ਟ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਉਕਤ ਰੈਲੀ ਪਿਛਲੇ ਸਾਰੇ ਰਿਕਾਰਡ ਤੋੜੇਗੀ। ਕਮਿਊਨਿਸਟ ਵਿਰੋਧੀ ਪ੍ਰਚਾਰ ਕਿ ਕਮਿਊਨਿਸਟ ਹਾਸ਼ੀਏ 'ਤੇ ਪੁੱਜ ਗਏ ਹਨ, ਵਰਗੇ ਕੂੜ ਪ੍ਰਚਾਰ ਦਾ ਮੂੰਹ-ਤੋੜ ਜਵਾਬ ਦੇਵੇਗੀ। ਅੰਤ ਵਿਚ ਉਹਨਾਂ ਸਾਥੀਆਂ ਨੂੰ ਅਪੀਲ ਕੀਤੀ ਕਿ ਰੈਲੀ ਦੀ ਸਫਲਤਾ ਲਈ ਅੱਜ ਤੋਂ ਹੀ ਦਿਨ-ਰਾਤ ਇਕ ਕਰ ਦੇਣ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਤੋਂ ਘੱਟੋ-ਘੱਟ ਇਕ ਹਜ਼ਾਰ ਦੇ ਲਗਭਗ ਸਾਥੀ ਰੈਲੀ ਵਿਚ ਸ਼ਾਮਲ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ। ਰੈਲੀ ਲਈ 21 ਅਕਤੂਬਰ ਤੋਂ ਜਨਤਕ ਫੰਡ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਜ਼ਿਲ੍ਹਾ ਕਿਸਾਨ ਸਭਾ ਦੇ ਪ੍ਰਧਾਨ ਸਾਥੀ ਹਰੀ ਰਾਮ ਤੇ ਟਰੇਡ ਯੂਨੀਅਨ ਆਗੂ ਸਾਥੀ ਰਛਪਾਲ ਸਿੰਘ ਨੇ ਜਾਣਕਾਰੀ ਦਿਤੀ ਕਿ 4 ਨਵੰਬਰ ਦੇ ਦਿੱਲੀ ਕਿਸਾਨ ਤੇ 9 ਨਵੰਬਰ ਨੂੰ ਟਰੇਡ ਯੂਨੀਅਨਾਂ ਵਲੋਂ ਦਿੱਲੀ ਵਿਖੇ ਦਿਤੇ ਜਾ ਰਹੇ ਧਰਨਿਆਂ ਵਿੱਚ ਫਿਰੋਜ਼ਪੁਰ ਤੋਂ ਸੈਂਕੜੇ ਸਾਥੀ ਸ਼ਾਮਲ ਹੋਣਗੇ। ਮੀਟਿੰਗ ਨੂੰ ਸਾਥੀ ਅਜਮੇਰ ਸਿੰਘ, ਮਲਕੀਤ ਸਿੰਘ, ਜਸਪਾਲ ਮੱਖੂ, ਬਲਬੀਰ ਸਿੰਘ, ਮੇਹਰ ਸਿੰਘ, ਸਤਨਾਮ ਚੰਦ ਤੇ ਬੀਬੀ ਜੋਗਿੰਦਰ ਕੌਰ ਵਲੋਂ ਵੀ ਸੰਬੋਧਨ ਕੀਤਾ ਗਿਆ। ਮੀਟਿੰਗ ਦੇ ਆਰੰਭ ਵਿੱਚ ਦੋ-ਮਿੰਟ ਦਾ ਮੌਨ ਰੱਖ ਕੇ ਵਿਛੜੇ ਜੁਝਾਰੂ ਆਗੂ ਵਾਸਦੇਵ ਸਿੰਘ ਗਿੱਲ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ।