ਜਾਲ੍ਹੀ ਨੋਟਾਂ ਨਾਲ ਮਿਲਦੀ ਹੈ ਅੱਤਵਾਦ ਨੂੰ ਆਕਸੀਜਨ : ਰਾਜਨਾਥ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨੇ ਕਿਹਾ ਹੈ ਕਿ ਜਾਲ੍ਹੀ ਨੋਟ ਅੱਤਵਾਦ ਲਈ ਆਕਸੀਜਨ ਦੇ ਰੂਪ 'ਚ ਕੰਮ ਕਰਦੇ ਹਨ। ਅੱਜ ਇਥੇ ਕੌਮੀ ਜਾਂਚ ਏਜੰਸੀ (ਐਨ ਆਈ ਏ) ਦੇ ਨਵੇਂ ਹੈਡਕੁਆਰਟਰ ਦਾ ਉਦਘਾਟਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਕੋਈ ਵੀ ਸੱਭਿਅਕ ਦੇਸ਼ ਆਪਣੀ ਸਰਜ਼ਮੀਂ ਤੋਂ ਅੱਤਵਾਦ ਨੂੰ ਵਧਣ-ਫੁੱਲਣ ਦੇਣਾ ਸਵੀਕਾਰ ਨਹੀਂ ਕਰ ਸਕਦਾ।
ਉਨ੍ਹਾ ਕਿਹਾ ਕਿ ਅੱਤਵਾਦ ਇੱਕ ਸਰਾਪ ਹੈ ਅਤੇ ਕੋਈ ਵੀ ਸੱਭਿਅਕ ਦੇਸ਼ ਇਸ ਨੂੰ ਸਵੀਕਾਰ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਜਾਲ੍ਹੀ ਕਰੰਸੀ ਅੱਤਵਾਦ ਵਧਾਉਣ 'ਚ ਸਹਿਯੋਗ ਦਿੰਦੀ ਹੈ ਅਤੇ ਉੱਚ ਕੁਆਲਟੀ ਵਾਲੇ ਜਾਲ੍ਹੀ ਨੋਟ ਅੱਤਵਾਦ ਲਈ ਆਕਸੀਜਨ ਦੇ ਰੂਪ 'ਚ ਕੰਮ ਕਰਦੇ ਹਨ।
ਇਸ ਤੋਂ ਪਹਿਲਾਂ ਬਿਮਸਟੇਕ ਦੇਸ਼ਾਂ ਦੀ ਪਹਿਲੀ ਚਾਰ ਰੋਜ਼ਾ ਆਫ਼ਤ ਪ੍ਰਬੰਧ ਮੁਹਿੰਮ 2017 ਦਾ ਉਦਘਾਟਨ ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੀਤਾ। ਇਸ ਮੌਕੇ ਬੋਲਦਿਆਂ ਉਨ੍ਹਾ ਨੇ ਮੁਹਿੰਮ 'ਚ ਸ਼ਾਮਲ ਹੋਣ ਆਏ ਬਿਮਸਟੇਕ ਪ੍ਰਤੀਨਿਧਾਂ ਦਾ ਸੁਆਗਤ ਵੀ ਕੀਤਾ।
ਰਾਜਨਾਥ ਸਿੰਘ ਨੇ ਕਿਹਾ ਕਿ ਇਸ ਸਾਲ ਮਾਨਸੂਨ ਦੌਰਾਨ ਹੜ੍ਹਾਂ, ਢਿੱਗਾਂ ਡਿੱਗਣ ਕਾਰਨ ਭਾਰੀ ਤਬਾਹੀ ਹੋਈ ਹੈ, ਜਿਸ ਨਾਲ ਬਿਮਸਟੇਕ ਦੇਸ਼ਾਂ 'ਚ ਤਕਰੀਬਨ 317000 ਵਿਅਕਤੀਆਂ ਦੀ ਮੌਤ ਹੋ ਗਈ ਅਤੇ 16 ਮਿਲੀਅਨ ਲੋਕ ਬੇਘਰ ਹੋ ਗਏ। ਉਨ੍ਹਾਂ ਨੇ ਇਸ ਲਈ ਜਲਵਾਯੂ ਪ੍ਰੀਵਰਤਨ ਨੂੰ ਵੱਡਾ ਕਾਰਨ ਦਸਿਆ, ਜਿਸ ਨਾਲ ਹੜ੍ਹ, ਸੋਕਾ, ਲੂ ਅਤੇ ਸਮੁੰਦਰੀ ਤੂਫ਼ਾਨ ਆਉਂਦੇ ਹਨ। ਉਨ੍ਹਾ ਬਿਮਸਟੇਕ ਦੇਸ਼ਾਂ ਨੂੰ ਜਲਵਾਯੂ ਪ੍ਰੀਵਰਤਨ ਦੇ ਨਾਲ-ਨਾਲ ਆਫ਼ਤ ਪ੍ਰਬੰਧ 'ਤੇ ਵੀ ਕੰਮ ਕਰਨ ਲਈ ਕਿਹਾ।
ਉਨ੍ਹਾ ਕਿਹਾ ਕਿ ਕੁਝ ਦੇਸ਼ਾਂ ਨੇ ਇਸ ਖੇਤਰ 'ਚ ਬੇਹਤਰੀਨ ਕੰਮ ਕੀਤਾ ਹੈ। ਉਨ੍ਹਾ ਨੇ ਸਮੁੰਦਰੀ ਤੂਫ਼ਾਨ ਨਾਲ ਨਿਪਟਣ ਲਈ ਬੰਗਲਾਦੇਸ਼ ਦੇ ਕਾਰਗਰ ਕਦਮਾਂ ਦੀ ਸ਼ਲਾਘਾ ਕੀਤੀ।
ਜ਼ਿਕਰਯੋਗ ਹੈ ਕਿ ਬਿਮਸਟੇਕ ਦੇ 7 ਮੈਂਬਰ ਦੇਸ਼ਾਂ 'ਚ ਬੰਗਲਾਦੇਸ਼, ਭੂਟਾਨ, ਭਾਰਤ, ਮਿਆਂਮਾਰ, ਨੇਪਾਲ, ਸ੍ਰੀਲੰਕਾ ਅਤੇ ਥਾਈਲੈਂਡ ਸ਼ਾਮਲ ਹਨ।