ਯੋਗੀ ਜੀ, ਲੋਕਾਂ ਦੀ ਸਾਰ ਲਵੋ


ਇਸ ਸਾਲ ਦੇ ਪੂਰੇ ਹੋਣ ਵਿੱਚ ਕੋਈ ਦਸ ਹਫ਼ਤੇ ਬਾਕੀ ਰਹਿ ਗਏ ਹਨ। ਇਸ ਪਿੱਛੋਂ ਇਸ ਵਰ੍ਹੇ ਦੇ ਨਾਲ ਸ਼ਬਦ 'ਬੀਤਿਆ' ਲੱਗ ਜਾਣਾ ਹੈ ਤੇ ਵੀਹ ਸੌ ਅਠਾਰਾਂ ਨੇ ਸ਼ਬਦ 'ਨਵੇਂ' ਨਾਲ ਆ ਦਸਤਕ ਦੇਣੀ ਹੈ। ਵੈਸੇ ਤਾਂ ਇਸ ਵਰ੍ਹੇ, ਅਰਥਾਤ ਵੀਹ ਸੌ ਸਤਾਰਾਂ ਦਾ ਲੰਘਿਆ ਸਮਾਂ, ਅਮੀਰਾਂ-ਵਜ਼ੀਰਾਂ ਤੇ 'ਫ਼ਕੀਰਾਂ' ਨੂੰ ਛੱਡ ਕੇ, ਸਮੁੱਚੇ ਦੇਸ ਵਾਸੀਆਂ ਲਈ ਸੁਖਾਵਾਂ ਨਹੀਂ ਰਿਹਾ, ਪਰ ਉੱਤਰ ਪ੍ਰਦੇਸ਼ ਦੇ ਬੱਚਿਆਂ ਲਈ ਇਹ ਬਹੁਤ ਭਾਰੀ ਰਿਹਾ ਹੈ।
ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਸਥਿਤ ਬਾਬਾ ਰਾਘਵ ਦਾਸ ਮੈਡੀਕਲ ਕਾਲਜ-ਹਸਪਤਾਲ ਵਿੱਚ ਵੱਖ-ਵੱਖ ਰੋਗਾਂ ਨਾਲ ਪੀੜਤ ਇਲਾਜ ਲਈ ਆਉਣ ਵਾਲੇ ਬੱਚਿਆਂ ਦੇ ਮਰਨ ਦਾ ਜਨਵਰੀ ਤੋਂ ਸ਼ੁਰੂ ਹੋਇਆ ਸਿਲਸਿਲਾ ਬਦਸਤੂਰ ਜਾਰੀ ਹੈ। ਲੰਘੇ ਸੋਮਵਾਰ ਨੂੰ ਇਸ ਹਸਪਤਾਲ ਵਿੱਚ ਫਿਰ ਸੋਲਾਂ ਬੱਚਿਆਂ ਦੀ ਮੌਤ ਹੋ ਗਈ ਹੈ। ਰਾਜ ਦੇ ਸ਼ਾਸਕਾਂ ਤੇ ਖ਼ਾਸ ਕਰ ਕੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਭਰੋਸਿਆਂ ਦੇ ਬਾਵਜੂਦ ਮੌਤਾਂ ਦਾ ਇਹ ਵਰਤਾਰਾ ਨਿਰੰਤਰ ਜਾਰੀ ਹੈ।
ਇਸੇ ਦਿਨ ਦੀ ਇੱਕ ਹੋਰ ਖ਼ਬਰ ਵੀ ਸਕੂਲੀ ਬੱਚੇ ਨਾਲ ਸੰਬੰਧਤ ਹੈ। ਰਾਜ ਦੇ ਮੁਜ਼ੱਫ਼ਰ ਨਗਰ ਦੇ ਇੱਕ ਸਕੂਲ ਵਿੱਚ ਅਧਿਆਪਕ ਦੀ ਕੁੱਟਮਾਰ ਨਾਲ ਇੱਕ ਵਿਦਿਆਰਥੀ ਦੀ ਅੱਖ ਦੀ ਰੌਸ਼ਨੀ ਚਲੀ ਗਈ ਹੈ। ਸ਼ਾਹਦੇਨ ਪਬਲਿਕ ਸਕੂਲ ਦੇ ਇਸ ਵਿਦਿਆਰਥੀ ਦਾ ਕਸੂਰ ਸਿਰਫ਼ ਏਨਾ ਸੀ ਕਿ ਉਹ ਆਪਣੇ ਸਾਥੀ ਦੀ ਸੀਟ 'ਤੇ ਕਾਪੀ ਲੈਣ ਚਲਾ ਗਿਆ ਸੀ। ਇਸ 'ਤੇ ਗੁੱਸੇ ਵਿੱਚ ਆਏ ਅਧਿਆਪਕ ਨੇ ਉਸ ਵਿਦਿਆਰਥੀ ਦੇ ਏਨੇ ਜ਼ੋਰ ਦੀ ਥੱਪੜ ਮਾਰਿਆ ਕਿ ਉਸ ਦੀ ਅੱਖ ਦੀ ਝਿੱਲੀ ਫਟ ਗਈ ਤੇ ਉਸ ਦੀ ਅੱਖ ਦੀ ਰੋਸ਼ਨੀ ਜਾਂਦੀ ਰਹੀ। ਉਸ ਸਮੇਂ ਤਾਂ ਹੱਦ ਹੀ ਹੋ ਗਈ, ਜਦੋਂ ਪੀੜਤ ਵਿਦਿਆਰਥੀ ਦੇ ਪਿਤਾ ਨੂੰ ਸਕੂਲ ਪ੍ਰਸ਼ਾਸਨ ਕੋਲ ਇਸ ਦੀ ਸ਼ਿਕਾਇਤ ਕਰਨ ਗਿਆਂ ਉਸ ਨਾਲ ਘਟੀਆ ਸਲੂਕ ਕਰ ਕੇ ਸਕੂਲ 'ਚੋਂ ਬਾਹਰ ਕੱਢਵਾ ਦਿੱਤਾ ਗਿਆ। ਹੁਣ ਬੱਚੇ ਦਾ ਪਿਤਾ ਇਨਸਾਫ਼ ਲਈ ਉੱਚ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਹੈ।
ਏਥੇ ਹੀ ਬੱਸ ਨਹੀਂ, ਯੋਗੀ ਆਦਿੱਤਿਆਨਾਥ ਦੀ ਸਰਕਾਰ ਦੇ ਇੱਕ ਕੈਬਨਿਟ ਮੰਤਰੀ ਓਮ ਪ੍ਰਕਾਸ਼ ਰਾਜਭਰ ਨੇ ਇੱਕ ਵਿਵਾਦ ਪੂਰਨ ਬਿਆਨ ਦੇ ਮਾਰਿਆ ਹੈ। ਸੂਬੇ ਦੇ ਦਿਵਿਆਂਗ ਅਤੇ ਪੱਛੜੇ ਵਰਗਾਂ ਦੀ ਭਲਾਈ ਬਾਰੇ ਇਸ ਮੰਤਰੀ ਨੇ ਰਸੜਾ ਕਸਬੇ ਦੇ ਗਾਂਧੀ ਮੈਦਾਨ 'ਚ ਪਾਰਟੀ ਵੱਲੋਂ ਆਯੋਜਤ ਇੱਕ ਪ੍ਰੋਗਰਾਮ 'ਚ ਭਾਸ਼ਣ ਕਰਦਿਆਂ ਕਿਹਾ : ''ਮੈਂ ਆਪਣੇ ਮਰਨ ਦਾ ਕਨੂੰਨ ਬਣਾਉਣ ਵਾਲਾ ਹਾਂ। ਜਿਸ ਗ਼ਰੀਬ ਦਾ ਬੱਚਾ ਸਕੂਲ ਨਹੀਂ ਜਾਵੇਗਾ, ਉਸ ਦੇ ਮਾਂ-ਬਾਪ ਨੂੰ ਥਾਣੇ 'ਚ ਬਿਠਾਵਾਂਗਾ। ਨਾ ਪਾਣੀ ਪੀਣ ਦਿਆਂਗਾ, ਨਾ ਖਾਣਾ ਖਾਣ ਦਿਆਂਗਾ।''
ਹੁਣ ਰਾਜ ਦੇ ਸ਼ਾਮਲੀ ਸ਼ਹਿਰ ਵਿੱਚ ਜ਼ਹਿਰੀਲੀ ਗੈਸ ਦੇ ਰਿਸਣ ਨਾਲ ਤਿੰਨ ਸੌ ਤੋਂ ਵੱਧ ਬੱਚਿਆਂ ਦੇ ਬੀਮਾਰ ਹੋਣ ਦੀ ਖ਼ਬਰ ਆ ਗਈ ਹੈ। ਦੱਸਿਆ ਜਾਂਦਾ ਹੈ ਕਿ ਏਥੇ ਸਥਿਤ ਸਰ ਸ਼ਾਦੀ ਲਾਲ ਸ਼ੂਗਰ ਮਿੱਲ ਦੇ ਬਾਇਓ ਗੈਸ ਪਲਾਂਟ ਵਿੱਚੋਂ ਗੈਸ ਲੀਕ ਹੋ ਗਈ, ਜਿਸ ਨਾਲ ਇਸ ਦੇ ਨੇੜਲੇ ਦੋ ਸਕੂਲਾਂ; ਸਰਸਵਤੀ ਵਿੱਦਿਆ ਮੰਦਰ ਅਤੇ ਸਰਕਾਰੀ ਜੂਨੀਅਰ ਸਕੂਲ ਵਿੱਚ ਮੌਜੂਦ ਬੱਚੇ ਗੈਸ ਚੜ੍ਹਨ ਨਾਲ ਬੇਹੋਸ਼ ਹੋਣ ਲੱਗੇ। ਇਹਨਾਂ ਵਿੱਚੋਂ ਕਈ ਬੱਚਿਆਂ ਦੀ ਹਾਲਤ ਨਾਜ਼ਕ ਦੱਸੀ ਜਾਂਦੀ ਹੈ। ਚਾਹੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ, ਪਰ ਇਹ ਅਜਿਹੀ ਅਣਗਹਿਲੀ ਹੈ, ਜਿਸ ਲਈ ਜ਼ਿੰਮੇਵਾਰ ਲੋਕਾਂ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ।
ਇਸੇ ਰਾਜ ਦੀ ਰਾਜਧਾਨੀ ਲਖਨਊ ਤੋਂ ਇੱਕ ਹੋਰ ਦਰਦਨਾਕ ਖ਼ਬਰ ਹੈ। ਰਾਜਧਾਨੀ ਦੇ ਇੱਕ ਪੁਲਸ ਬੂਥ 'ਚ ਇੱਕ ਦਿਮਾਗ਼ੀ ਤੌਰ 'ਤੇ ਪੀੜਤ ਔਰਤ ਨਾਲ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਬਿਹਾਰ ਦੇ ਛਪਰਾ ਜ਼ਿਲ੍ਹੇ ਦੀ ਇਹ ਮਹਿਲਾ ਪਿਛਲੇ ਕਈ ਮਹੀਨਿਆਂ ਤੋਂ ਡਾਲੀਗੰਜ ਸਟੇਸ਼ਨ ਨੇੜੇ ਘੁੰਮਦੀ ਦੇਖੀ ਜਾਂਦੀ ਸੀ ਤੇ ਅਕਸਰ ਰਾਤ ਵੇਲੇ ਉਹ ਸੀਤਾਪੁਰ ਰੋਡ ਸਥਿਤ ਕਰਾਸਿੰਗ ਵਾਲੇ ਚੌਰਾਹੇ ਉੱਤੇ ਬਣੇ ਪੁਲਸ ਬੂਥ 'ਚ ਜਾ ਕੇ ਸੌਂ ਜਾਂਦੀ ਸੀ। ਇਸ ਔਰਤ ਨਾਲ ਹੁੰਦੇ ਕੁਕਰਮ ਦੀ ਚੀਕ-ਪੁਕਾਰ ਸੁਣ ਕੇ ਇੱਕ ਰਾਹਗੀਰ ਨੇ ਦੋਸ਼ੀ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਤੋਂ ਇਹ ਗੱਲ ਜ਼ਾਹਰ ਹੋ ਜਾਂਦੀ ਹੈ ਕਿ ਰਾਜ ਦੀ ਅਮਨ-ਕਨੂੰਨ ਦੀ ਵਿਵਸਥਾ ਨਿਘਾਰ ਦੀਆਂ ਕਿਨ੍ਹਾਂ ਨੀਵਾਣਾਂ ਤੱਕ ਪਹੁੰਚ ਗਈ ਹੈ।
ਬਿਨਾਂ ਸ਼ੱਕ ਯੋਗੀ ਆਦਿੱਤਿਆਨਾਥ ਨੇ ਰਾਜ-ਭਾਗ ਸਾਂਭਣ ਵੇਲੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਰਾਜ ਦੀ ਅਮਨ-ਕਨੂੰਨ ਦੀ ਸਥਿਤੀ ਵਿੱਚ ਸੁਧਾਰ ਲਿਆਂਦਾ ਜਾਵੇਗਾ ਤੇ ਉਨ੍ਹਾਂ ਨੂੰ ਸਾਫ਼-ਸੁਥਰਾ ਪ੍ਰਸ਼ਾਸਨ ਪ੍ਰਦਾਨ ਕੀਤਾ ਜਾਵੇਗਾ, ਪਰ ਉਪਰੋਕਤ ਸਾਰੀਆਂ ਘਟਨਾਵਾਂ ਇਹ ਦਰਸਾਉਂਦੀਆਂ ਹਨ ਕਿ ਲੋਕਾਂ ਦੇ ਦੁੱਖਾਂ-ਦਰਦਾਂ ਤੇ ਮੁਸੀਬਤਾਂ ਵਿੱਚ ਦਿਨੋ-ਦਿਨ ਵਾਧਾ ਹੀ ਹੋਇਆ ਹੈ। ਹਾਲੇ ਵੀ ਸਮਾਂ ਹੈ ਕਿ ਯੋਗੀ ਜੀ ਸਮਾਧੀ 'ਚੋਂ ਜਾਗਣ ਤੇ ਲੋਕਾਂ ਦੀ ਸਾਰ ਲੈਣ।